ਫ਼ਸਲੀ ਵਿਭਿੰਨਤਾ 'ਚ ਬਾਸਮਤੀ ਦਾ ਦਰਜਾ ਅੱਜ ਸਿਖ਼ਰ 'ਤੇ ਹੈ | ਫ਼ਸਲੀ ਵਿਭਿੰਨਤਾ ਲਈ ਕਪਾਹ/ਨਰਮਾ, ਮੱਕੀ, ਕਮਾਦ ਮੁੱਖ ਫ਼ਸਲਾਂ ਗਿਣੀਆਂ ਜਾਂਦੀਆਂ ਸਨ | ਹੁਣ ਇਨ੍ਹਾਂ ਦੀ ਕਾਸ਼ਤ ਸਾਰੀਆਂ ਨੂੰ ਮਿਲਾ ਕੇ 3–4 ਲੱਖ ਹੈਕਟੇਅਰ ਰਕਬੇ ਦੇ ਦੁਆਲੇ ਘੁੰਮ ਰਹੀ ਹੈ, ਜਦਕਿ ਬਾਸਮਤੀ ਇਕੱਲੀ 6.76 ਲੱਖ ਹੈਕਟੇਅਰ (16.5 ਲੱਖ ਏਕੜ) ਰਕਬੇ 'ਤੇ ਬੀਜੀ ਗਈ ਹੈ | ਬਾਸਮਤੀ ਦੀ ਪੈਦਾਵਾਰ 'ਚ ਪੰਜਾਬ ਮੁਲਕ ਦੇ ਕੁੱਲ ਉਤਪਾਦਨ 'ਚ 40 ਫ਼ੀਸਦੀ ਦੇ ਕਰੀਬ ਯੋਗਦਾਨ ਪਾਉਂਦੀ ਹੈ, ਜਿਸ ਦੀ ਕੀਮਤ 50 ਹਜ਼ਾਰ ਕਰੋੜ ਰੁਪਏ ਤੱਕ ਹੈ | ਬਾਸਮਤੀ ਕਾਸ਼ਤ ਹੇਠਲੇ ਮੁਲਕ ਦੇ ਕੁੱਲ ਰਕਬੇ ਵਿਚ 20 ਫ਼ੀਸਦੀ ਹਿੱਸਾ ਪੰਜਾਬ ਦਾ ਹੈ | ਪਿਛਲੇ ਸਾਲ ਬਾਸਮਤੀ ਦੀ ਕਾਸ਼ਤ 6.26 ਲੱਖ ਹੈਕਟੇਅਰ ਰਕਬੇ 'ਤੇ ਸੀ | ਇਸ ਸਾਲ 50 ਹਜ਼ਾਰ ਹੈਕਟੇਅਰ ਦੇ ਕਰੀਬ ਰਕਬਾ ਵਧਿਆ ਹੈ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਨੁਮਾਨ ਅਨੁਸਾਰ ਇਸ ਸਾਲ ਬਾਸਮਤੀ ਦਾ ਉਤਪਾਦਨ 30 ਲੱਖ ਟਨ ਹੋਣ ਦੀ ਸੰਭਾਵਨਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਡਿਓੜਾ ਹੈ | ਥੋੜ੍ਹੇ ਸਮੇਂ 'ਚ ਪੱਕਣ ਵਾਲੀ ਬਾਸਮਤੀ ਦੀ ਕਿਸਮ ਪੂਸਾ ਬਾਸਮਤੀ–1509 ਮੰਡੀਆਂ 'ਚ ਵਿਕਣ ਲਈ ਆ ਵੀ ਰਹੀ ਹੈ, ਜਿਸ ਦਾ ਵੱਡਾ ਹਿੱਸਾ ਉੱਤਰ ਪ੍ਰਦੇਸ਼ ਤੋਂ ਆ ਰਿਹਾ ਹੈ | ਜਿੱਥੇ ਪੰਜਾਬ ਵਾਂਗ '15 ਜੂਨ ਤੋਂ ਪਹਿਲਾਂ ਝੋਨੇ ਦੀ ਕਾਸ਼ਤ ਸ਼ੁਰੂ ਨਹੀਂ ਕੀਤੀ ਜਾ ਸਕਦੀ' ਵਰਗੀ ਉੱਥੇ ਕੋਈ ਰੋਕ ਨਹੀਂ | ਉੱਤਰ ਪ੍ਰਦੇਸ਼ ਦੇ ਕਿਸਾਨ ਪੂਸਾ ਬਾਸਮਤੀ–1509 ਕਿਸਮ ਦੀ ਫ਼ਸਲ ਲਿਆ ਕੇ ਹਰਿਆਣਾ ਦੀਆਂ ਮੰਡੀਆਂ 'ਚ ਵੇਚ ਰਹੇ ਹਨ | ਭਾਵੇਂ ਪੰਜਾਬ ਦੀ ਬੜੀ ਘੱਟ ਫ਼ਸਲ ਮੰਡੀਆਂ 'ਚ ਆ ਕੇ ਵਿੱਕ ਰਹੀ ਹੈ | ਪਿਛਲੇ ਸਾਲ ਬਾਸਮਤੀ ਦੀ ਫ਼ਸਲ ਹੜ੍ਹਾਂ ਤੇ ਮੌਸਮ ਦੀ ਖਰਾਬੀ ਕਾਰਨ ਪ੍ਰਭਾਵਿਤ ਹੋ ਗਈ ਸੀ |

ਪਰ ਇਸ ਸਾਲ ਕਿਸਾਨਾਂ ਨੂੰ ਭਾਅ ਚੰਗਾ ਮਿਲ ਰਿਹਾ ਹੈ | ਬਾਸਮਤੀ ਦੇ ਬਰਾਮਦਕਾਰਾਂ ਦਾ ਕਹਿਣਾ ਹੈ ਕਿ ਬਾਸਮਤੀ ਦੀ ਬਰਾਮਦਗੀ ਖਾੜੀ, ਸਾਊਦੀ ਅਰਬ ਅਤੇ ਯੂਰਪੀ ਮੁਲਕਾਂ 'ਚ ਬਣੀ ਰਹੇਗੀ, ਇਸ ਦਾ ਭਵਿੱਖ ਉੱਜਵਲ ਹੈ | ਇਸ ਕਰਕੇ ਆਉਣ ਵਾਲੇ ਸਾਲਾਂ 'ਚ ਰਕਬਾ ਹੋਰ ਵਧਣ ਦੀ ਸੰਭਾਵਨਾ ਵੀ ਹੈ | ਮਾਹਿਰਾਂ ਅਨੁਸਾਰ ਪੰਜਾਬ 'ਚ 9 ਲੱਖ ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਥੱਲੇ ਆਸਾਨੀ ਨਾਲ ਆ ਸਕਦਾ ਹੈ | ਭਾਵੇਂ ਬਾਸਮਤੀ 'ਤੇ ਐਮ.ਐਸ.ਪੀ. (ਘੱਟੋ–ਘੱਟ ਸਮਰਥਨ ਮੁੱਲ) ਨਹੀਂ, ਪ੍ਰੰਤੂ ਵਿਦੇਸ਼ਾਂ 'ਚ ਬਾਸਮਤੀ ਦੀ ਮੰਗ ਮਜ਼ਬੂਤ ਹੋਣ ਕਾਰਨ ਤੇ ਘਰੇਲੂ ਖ਼ਪਤ ਵਧਣ ਕਾਰਨ ਕਿਸਾਨ ਚੰਗੇ ਭਾਅ ਦੀ ਉਮੀਦ ਰੱਖਦੇ ਹੋਏ ਰਕਬੇ 'ਚ ਹੋਰ ਵਾਧਾ ਕਰਨਗੇ | ਐਗਰੀਕਲਚਰਲ ਐਂਡ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈੱਲਪਮੈਂਟ ਅਥਾਰਟੀ (ਅਪੀਡਾ) ਨੇ ਵੀ ਇਸ ਸਾਲ ਬਾਸਮਤੀ ਦੀ ਭਰਪੂਰ ਫ਼ਸਲ ਹੋਣ ਦਾ ਅਨੁਮਾਨ ਲਾਇਆ ਹੈ | ਅਪੀਡਾ ਵਲੋਂ 22 ਕੁਇੰਟਲ ਪ੍ਰਤੀ ਏਕੜ ਉਤਪਾਦਕਤਾ ਹੋਣ ਦਾ ਅਨੁਮਾਨ ਹੈ | ਭਾਵੇਂ ਪੰਜਾਬ ਦੇ ਬਲਬੀਰ ਸਿੰਘ ਜੜ੍ਹੀਆ ਤੇ ਰਾਜਮੋਹਨ ਸਿੰਘ ਕਾਲੇਕਾ ਵਰਗੇ ਅਗਾਂਹਵਧੂ ਕਿਸਾਨ 24 ਤੋਂ 25 ਕੁਇੰਟਲ ਪ੍ਰਤੀ ਏਕੜ ਦੀ ਉਮੀਦ ਰੱਖਦੇ ਹਨ | ਭਾਵੇਂ ਦੂਜੇ ਰਾਜਾਂ 'ਚ ਵੀ ਬਾਸਮਤੀ ਦੀ ਕਾਸ਼ਤ ਥੱਲੇ ਰਕਬਾ ਵਧ ਰਿਹਾ ਹੈ ਪਰ ਪੰਜਾਬ ਦੇ ਜੀ.ਆਈ. ਖੇਤਰ 'ਚ ਹੋਣ ਕਰਕੇ ਇਸ ਦੀ ਬਾਸਮਤੀ ਵਧੀਆ ਮੰਨੀ ਜਾਂਦੀ ਹੈ ਤੇ ਦੂਜੇ ਮੁਲਕਾਂ 'ਚ ਪਸੰਦ ਕੀਤੀ ਜਾ ਰਹੀ ਹੈ | ਇੱਥੇ ਪੂਸਾ ਬਾਸਮਤੀ–1121 ਕਿਸਮ ਜਿਸ ਦਾ ਚੌਲ ਸਭ ਦੂਜੀਆਂ ਕਿਸਮਾਂ ਨਾਲੋਂ ਲੰਮਾ ਹੈ ਤੇ ਇਸ ਦੀ ਰਸੋਈ 'ਚ ਵਰਤੋਂ ਕਾਫ਼ੀ ਹੁੰਦੀ ਹੈ, ਦਾ ਵੀ ਉਤਪਾਦਨ ਵਧ ਰਿਹਾ ਹੈ | ਬਾਸਮਤੀ ਦੀ ਇਹ ਕਿਸਮ ਜਾਰੀ ਕਰਾਉਣ 'ਚ ਪੂਸਾ ਦੇ ਨਾਲ ਪੰਜਾਬ ਦੀ 'ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ' ਵਲੋਂ ਯੋਗਦਾਨ ਰਿਹਾ ਹੈ |ਪੰਜਾਬ 'ਚ ਇਸ ਸਾਲ 32.76 ਲੱਖ ਹੈਕਟੇਅਰ ਰਕਬੇ 'ਤੇ ਝੋਨੇ ਦੀ ਕਾਸ਼ਤ ਹੋਈ ਹੈ | ਇਹ ਰਕਬਾ ਸਭ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਹੈ | ਫ਼ਸਲੀ ਭਿੰਨਤਾ ਲਿਆਉਣ ਦੇ ਸਾਰੇ ਉਪਰਾਲੇ ਫ਼ੇਲ੍ਹ ਹੋ ਗਏ ਹਨ | ਪੰਜਾਬ 'ਚ ਜੋ ਜ਼ਮੀਨੀ ਪਾਣੀ ਦਾ ਪੱਧਰ ਡਿੱਗ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ | ਚੌਲਾਂ ਦੇ ਅੰਤਰਰਾਸ਼ਟਰੀ ਸ਼ੁਹਰਤ ਦੇ ਮੁੱਖ ਵਿਗਿਆਨੀ ਤੇ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ, ਲੌਜ਼ ਬੈਨੋਜ਼ (ਫਿਲਪਾਇਨ) ਦੇ ਬ੍ਰੀਡਰ ਡਾ. ਗੁਰਦੇਵ ਸਿੰਘ ਖੁਸ਼ ਤੇ ਡਾ. ਸਰਦਾਰਾ ਸਿੰਘ ਜੌਹਲ ਨੇ ਸਲਾਹ ਦਿੱਤੀ ਹੈ ਕਿ ਪੰਜਾਬ 'ਚ ਝੋਨੇ ਦੀ ਕਾਸ਼ਤ ਥੱਲੇ ਰਕਬੇ ਨੂੰ ਘਟਾਇਆ ਜਾਵੇ, ਪਰ ਇਸ ਵਿਚ ਕੋਈ ਕਾਮਯਾਬੀ ਹਾਸਿਲ ਨਹੀਂ ਹੋ ਰਹੀ | ਰਕਬਾ ਹਰ ਸਾਲ ਵਧਦਾ ਜਾ ਰਿਹਾ ਹੈ | 2023–24 'ਚ ਇਹ ਰਕਬਾ 31.79 ਲੱਖ ਹੈਕਟੇਅਰ ਸੀ, ਜੋ 2024–25 'ਚ 32.43 ਲੱਖ ਹੈਕਟੇਅਰ ਹੋ ਗਿਆ ਤੇ ਹੁਣ 32.76 ਲੱਖ ਹੈਕਟੇਅਰ ਹੈ | ਇਸ 'ਚ ਬਾਸਮਤੀ ਦਾ 6.76 ਲੱਖ ਹੈਕਟੇਅਰ ਰਕਬਾ ਸ਼ਾਮਿਲ ਹੈ | ਮੱਕੀ, ਕਪਾਹ-ਨਰਮਾ ਦੀ ਕਾਸ਼ਤ ਥੱਲੇ ਰਕਬਾ ਤੇਜ਼ੀ ਨਾਲ ਘਟਿਆ ਹੈ | ਕਮਾਦ ਦੀ ਕਾਸ਼ਤ ਥੱਲੇ ਇਹ ਰਕਬਾ 1 ਲੱਖ ਹੈਕਟੇਅਰ ਦੇ ਦੁਆਲੇ ਹੀ ਘੁੰਮਦਾ ਰਿਹਾ ਹੈ, ਜੋ ਇਸ ਸਾਲ ਵਧ ਕੇ 1.16 ਲੱਖ ਹੈਕਟੇਅਰ ਹੋ ਗਿਆ ਹੈ | ਕਪਾਹ-ਨਰਮਾ ਪੈਦਾ ਕਰਨ ਵਾਲੇ ਇਲਾਕੇ 'ਚ 'ਚਿੱਟਾ ਸੋਨਾ' ਵਲੋਂ ਜਾਣੇ ਜਾਂਦੇ ਨਰਮੇ ਦੇ ਰਕਬੇ 'ਚ ਜ਼ਬਰਦਸਤ ਕਮੀ ਆਈ ਹੈ | ਨਰਮਾ ਪੈਦਾ ਕਰਨ ਵਾਲੇ ਇਲਾਕੇ ਦੇ ਲੋਕ ਬੜੇ ਅਮੀਰ ਸ਼੍ਰੇਣੀ 'ਚ ਗਿਣੇ ਜਾਂਦੇ ਸਨ, ਜੋ ਹੁਣ ਇਸ ਦੀ ਪੈਦਾਵਾਰ ਛੱਡ ਕੇ ਜਾਂ ਰਕਬਾ ਘਟਾ ਕੇ ਝੋਨੇ ਦੀ ਕਾਸ਼ਤ ਹੇਠ ਲਿਆ ਰਹੇ ਹਨ | ਫ਼ਸਲੀ ਵਿਭਿੰਨਤਾ ਲਿਆਉਣ ਵਾਲੀਆਂ ਫ਼ਸਲਾਂ ਮੱਕੀ, ਕਪਾਹ-ਨਰਮਾ ਤੇ ਕਮਾਦ ਦੀ ਕਾਸ਼ਤ ਥੱਲੇ ਰਕਬਾ ਵਧਣ ਦੀ ਕੋਈ ਸੰਭਾਵਨਾ ਨਹੀਂ | ਮੱਕੀ, ਕਪਾਹ-ਨਰਮੇ ਦੇ ਉਤਪਾਦਕ ਮਾਯੂਸ ਹਨ | ਉਨ੍ਹਾਂ ਨੂੰ ਝੋਨੇ ਦੀ ਫ਼ਸਲ ਵਧੇਰੇ ਮੁਨਾਫ਼ਾ ਦੇ ਰਹੀ ਹੈ | ਸਿੰਜਾਈ ਦੇ ਸਾਧਨ ਵੀ ਵਧ ਰਹੇ ਹਨ | ਨਹਿਰੀ ਪਾਣੀ ਹਰ ਖੇਤ 'ਚ ਪਹੁੰਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ | ਇਸ ਉਪਰੰਤ ਝੋਨੇ ਦੀ ਕਾਸ਼ਤ ਥੱਲੇ ਰਕਬਾ ਹੋਰ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸਕਦਾ | ਪੰਜਾਬ ਸਰਕਾਰ ਵਲੋਂ ਜੋ ਮੂੰਗਫਲੀ ਦੀ ਕਾਸ਼ਤ ਵਧਾਉਣ ਦੀ ਯੋਜਨਾ ਹੈ, ਉਹ ਕਿਸਾਨਾਂ ਨੂੰ 500 ਏਕੜ ਲਈ ਬੀਜ ਦੇ ਕੇ ਸ਼ੁਰੂ ਕੀਤੀ ਜਾ ਰਹੀ ਹੈ | ਇਸ ਹੇਠ ਰਕਬਾ ਬਹੁਤਾ ਵਧਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ | ਬਾਂਸ ਦੀ ਕਾਸ਼ਤ ਜੋ ਸ਼ੁਰੂ ਕੀਤੀ ਗਈ ਹੈ, ਉਸ ਨਾਲ ਵੀ ਕੋਈ ਵੱਡੇ ਪੈਮਾਨੇ 'ਤੇ ਝੋਨੇ ਹੇਠੋਂ ਰਕਬਾ ਨਹੀਂ ਘਟੇਗਾ | ਇਸ ਨਾਲ ਫ਼ਸਲੀ ਵਿਭਿੰਨਤਾ ਦਾ ਆਉਣਾ ਉਦੋਂ ਤੱਕ ਮੁਮਕਿਨ ਨਹੀਂ, ਜਦੋਂ ਤੱਕ ਪੰਜਾਬ ਖੇਤੀ ਯੂਨੀਵਰਸਿਟੀ ਅਜਿਹੀਆਂ ਫ਼ਸਲਾਂ ਕਿਸਾਨਾਂ ਨੂੰ ਨਹੀਂ ਦਿੰਦੀ, ਜੋ ਝੋਨੇ ਜਿੰਨਾ ਮੁਨਾਫ਼ਾ ਦੇਣ | ਬਾਸਮਤੀ ਹੀ ਇਕ ਰੌਸ਼ਨ ਕਿਰਨ ਵਜੋਂ ਨਜ਼ਰ ਆਉਂਦੀ ਹੈ, ਜਿਸ ਹੇਠ ਰਕਬਾ ਵਧਾਇਆ ਜਾ ਸਕਦਾ ਹੈ, ਜੇ ਕੇਂਦਰ ਸਰਕਾਰ ਇਸ 'ਤੇ ਐਮ.ਅੇੈਸ.ਪੀ. ਐਲਾਨ ਦੇਵੇ ਤੇ ਮੰਡੀਕਰਨ ਦੀਆਂ ਸਹੂਲਤਾਂ ਕਿਸਾਨ ਪੱਖੀ ਬਣਾ ਦੇਵੇ ਤਾਂ ਕਿਸਾਨ ਝੋਨੇ ਦੀ ਥਾਂ ਬਾਸਮਤੀ ਦਾ ਰਕਬਾ ਵਧਾ ਸਕਦੇ ਹਨ |
ਈਮੇਲ : bhagwandass226@gmail.com