ਪਿਛਲੇ ਦਿਨੀਂ ਨਿਪਾਲ ਵਿਚ ਆਏ ਹੜ੍ਹਾਂ ਤੋਂ ਬਾਅਦ ਉੱਤਰੀ ਭਾਰਤ ਦੇ ਸਭ ਤੋਂ ਉੱਚੇ ਬੰਨ੍ਹ 'ਭਾਖੜਾ ਡੈਮ' ਦੀ ਸੁਰੱਖਿਆ ਤੇ ਮਿਆਦ ਨੂੰ ਲੈ ਕੇ ਚਰਚਾ ਜ਼ੋਰਾਂ 'ਤੇ ਹੈ | ਦਾਅਵੇ ਕੀਤੇ ਜਾ ਰਹੇ ਹਨ ਕਿ ਡੈਮ ਦੀ ਕੰਧ ਲਗਾਤਾਰ ਝੁਕਣ ਕਰਕੇ ਟੁੱਟਣ ਦਾ ਖ਼ਤਰਾ ਬਣ ਗਿਆ ਤਾਂ ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਡੈਮ ਦਾ ਪਾਣੀ ਤਬਾਹੀ ਮਚਾਏਗਾ | ਕੁੱਝ ਸਮਾਂ ਪਹਿਲਾਂ ਇਕ ਚਰਚਾ ਛਿੜੀ ਸੀ ਕਿ ਭਾਖੜਾ ਡੈਮ ਦੀ ਮਿਆਦ ਖ਼ਤਮ ਹੋਣ ਵਾਲੀ ਹੈ | ਇਨ੍ਹਾਂ ਸਭ ਚਰਚਿਆਂ ਤੇ ਅਫ਼ਵਾਹਾਂ ਨਾਲ ਖ਼ੌਫ਼ ਦੇ ਦਰਮਿਆਨ ਲੋਕਾਂ 'ਚ ਭਾਖੜਾ ਡੈਮ ਦੀ ਹੋਂਦ, ਮਜ਼ਬੂਤੀ, ਸੁਰੱਖਿਆ ਤੇ ਮਿਆਦ ਬਾਰੇ ਵੀ ਅਸਲੀਅਤ ਜਾਨਣ ਦੀ ਉਤਸੁਕਤਾ ਵਧੀ ਹੈ |
ਡੈਮ ਦੀ ਯੋਜਨਾ
ਸਤਲੁਜ ਦਰਿਆ 'ਤੇ ਪਾਣੀ ਸੰਭਾਲਣ ਲਈ ਭਾਖੜਾ ਡੈਮ ਬਣਾਉਣ ਦਾ ਵਿਚਾਰ ਆਜ਼ਾਦੀ ਤੋਂ ਪਹਿਲਾਂ ਦਾ ਹੈ | ਨਵੰਬਰ 1944 'ਚ ਬਿ੍ਟਿਸ਼ ਪੰਜਾਬ ਦੀ ਸੰਘੀ ਸਰਕਾਰ ਦੇ ਸੀਨੀਅਰ ਮੰਤਰੀ ਸਰ ਛੋਟੂ ਰਾਮ ਤੇ ਬਿਲਾਸਪੁਰ ਦੇ ਰਾਜੇ ਵਿਚਕਾਰ ਇਸ ਕਾਰਜ ਲਈ ਸਮਝੌਤਾ ਹੋਇਆ ਸੀ | ਪਰ 1948 ਤੋਂ ਬਾਅਦ ਇਸ ਪ੍ਰਾਜੈਕਟ ਨੂੰ ਨਵੇਂ ਭਾਰਤ ਦੀ ਸਿੰਚਾਈ ਤੇ ਬਿਜਲੀ ਦੀ ਲੋੜ ਅਨੁਸਾਰ ਵੱਡੇ ਪੱਧਰ 'ਤੇ ਅੱਗੇ ਵਧਾਇਆ ਗਿਆ | ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 22 ਅਕਤੂਬਰ 1963 ਨੂੰ ਭਾਖੜਾ ਡੈਮ ਦੇਸ਼ ਨੂੰ ਸਮਰਪਿਤ ਕਰਦਿਆਂ ਇਸ ਨੂੰ 'ਨਵੇਂ ਭਾਰਤ ਦਾ ਮੰਦਰ' ਕਿਹਾ ਸੀ | ਭਾਖੜਾ ਡੈਮ ਦੀ ਉਸਾਰੀ 'ਤੇ ਕੁੱਲ ਲਾਗਤ 245.28 ਕਰੋੜ ਰੁਪਏ ਆਈ ਸੀ | ਭਾਖੜਾ ਡੈਮ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਸਤਲੁਜ 'ਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਤੰਗ ਘਾਟੀ 'ਚ ਖੜ੍ਹਾ ਕੰਕਰੀਟ ਦਾ ਸਿੱਧਾ ਗਰੈਵਿਟੀ ਡੈਮ ਹੈ, ਜੋ ਆਪਣੇ ਭਾਰ ਨਾਲ ਪਾਣੀ ਨੂੰ ਰੋਕਦਾ ਹੈ | ਇਸ ਡੈਮ 'ਤੇ 8 ਲੱਖ ਟਨ ਸੀਮਿੰਟ, 1 ਲੱਖ ਟਨ ਸਰੀਆ ਤੇ 55 ਲੱਖ ਘਣ ਗਜ਼ ਕੰਕਰੀਟ ਲੱਗਾ ਹੈ | ਡੈਮ ਦਾ ਪ੍ਰਬੰਧਨ ਕਰਨ ਵਾਲੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐਮ.ਬੀ.) ਅਨੁਸਾਰ ਡੈਮ ਦੀ ਉੱਚਾਈ ਇਸ ਦੀ ਨੀਂਹ ਤੋਂ 225.55 ਮੀਟਰ (740 ਫੁੱਟ) ਹੈ ਤੇ ਦਰਿਆ ਦੇ ਤਲ ਤੋਂ 167.64 ਮੀਟਰ (550 ਫੁੱਟ) ਹੈ | ਇਸ ਦੇ ਪਿੱਛੇ ਪਾਣੀ ਇਕੱਠਾ ਕਰਨ ਲਈ 168.35 ਵਰਗ ਕਿਲੋਮੀਟਰ ਵਿਚ ਬਣੀ ਝੀਲ ਨੂੰ 'ਗੋਬਿੰਦ ਸਾਗਰ' ਕਿਹਾ ਜਾਂਦਾ ਹੈ | ਭਾਖੜਾ ਦੀ ਸੁਰੱਖਿਆ ਦਾ ਸਭ ਤੋਂ ਮਹੱਤਵਪੂਰਨ ਪੱਖ ਪਾਣੀ ਦੇ ਪੱਧਰ ਦਾ ਪ੍ਰਬੰਧ ਹੈ, ਡੈਮ ਦੀ ਚੋਟੀ ਸਮੁੰਦਰੀ ਤਲ ਤੋਂ 1700 ਫੁੱਟ ਉੱਚੀ ਹੈ ਤੇ ਡੈਮ ਵਿਚ ਵੱਧ ਤੋਂ ਵੱਧ 1690 ਫੁੱਟ ਤੱਕ ਪਾਣੀ ਦਾ ਭੰਡਾਰ ਕੀਤਾ ਜਾ ਸਕਦਾ ਹੈ | ਡੈਮ 'ਚ ਪਾਣੀ ਜਮ੍ਹਾਂ ਕਰਨ ਦੀ ਕੁੱਲ ਸਮਰੱਥਾ ਲਗਪਗ 755.1 ਕਰੋੜ ਘਣ ਮੀਟਰ ਤੇ ਜੀਵੰਤ (ਵਰਤਣਯੋਗ) ਸਮਰੱਥਾ ਲਗਪਗ 600.7 ਕਰੋੜ ਘਣ ਮੀਟਰ ਦੱਸੀ ਗਈ ਹੈ |
ਕੀ ਭਾਖੜਾ ਡੈਮ ਦੀ ਕੋਈ ਤੈਅ 'ਮਿਆਦ' ਹੈ? ਭਾਖੜਾ ਡੈਮ ਬਾਰੇ ਪੁੱਛਿਆ ਜਾਣ ਵਾਲਾ ਇਹ ਸਭ ਤੋਂ ਗ਼ਲਤ ਸਵਾਲ ਹੈ | ਕਿਸੇ ਵੱਡੇ ਕੰਕਰੀਟ ਦੇ ਗਰੈਵਿਟੀ ਬੰਨ੍ਹ ਦੀ ਕਿਸੇ ਸਾਧਾਰਨ ਇਮਾਰਤ ਵਾਂਗ ਕੋਈ ਨਿਰਧਾਰਤ 60 ਸਾਲ ਜਾਂ 100 ਸਾਲ ਦੀ ਮਿਆਦ ਨਹੀਂ ਹੁੰਦੀ | ਡੈਮ ਦੀ ਉਪਯੋਗੀ ਉਮਰ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਕੰਕਰੀਟ ਦੀ ਢਾਂਚਾਗਤ ਹਾਲਤ, ਬੁਨਿਆਦ, ਪਾਣੀ ਦਾ ਰਿਸਾਅ, ਢਾਂਚਾਗਤ ਵਿਸਥਾਪਨ, ਹੜ੍ਹ-ਨਿਕਾਸੀ ਪ੍ਰਣਾਲੀ, ਗੇਟ, ਨਿਗਰਾਨੀ ਉਪਕਰਨ, ਪਾਣੀ ਜਮ੍ਹਾਂ ਕਰਨ ਵਾਲੀ ਝੀਲ 'ਚ ਗਾਰ ਤੇ ਸਮੁੱਚੇ ਪਾਣੀ ਨੂੰ ਇਕੱਠਾ ਕਰਨ ਵਾਲੇ ਖੇਤਰ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਹੈ | ਭਾਰਤ ਦੇ ਡੈਮ ਸੁਰੱਖਿਆ ਕਾਨੂੰਨ-2021 ਅਧੀਨ ਭਾਖੜਾ ਇਕ ਨਿਰਧਾਰਿਤ ਵੱਡਾ ਡੈਮ ਹੈ, ਜਿਸ ਦੀ ਹਰ ਮੌਨਸੂਨ ਤੋਂ ਪਹਿਲਾਂ ਤੇ ਮੌਨਸੂਨ ਤੋਂ ਬਾਅਦ ਸੁਰੱਖਿਆ ਜਾਂਚ ਕੀਤੀ ਜਾਂਦੀ ਹੈ |
ਕੰਧ ਵਿਚ ਝੁਕਾਅ ਦੀ ਅਸਲੀਅਤ
ਇੰਜੀਨੀਅਰਾਂ ਅਨੁਸਾਰ ਕੋਈ ਵੀ ਗਰੈਵਿਟੀ ਡੈਮ ਪਾਣੀ ਦੇ ਦਬਾਅ ਨਾਲ ਥੋੜ੍ਹਾ ਅੱਗੇ ਝੁਕਦਾ ਹੈ ਤੇ ਪਾਣੀ ਦਾ ਪੱਧਰ ਘਟਣ 'ਤੇ ਫਿਰ ਆਮ ਸਥਿਤੀ ਵਿਚ ਆ ਜਾਂਦਾ ਹੈ, ਜੋ ਇਸ ਦੀ ਬਣਤਰ ਦਾ ਹਿੱਸਾ ਹੈ | ਭਾਖੜਾ ਡੈਮ ਦੀ ਕੰਧ ਦਾ ਆਮ ਦਬਾਅ ਲਈ ਮਨਜ਼ੂਰਸ਼ੁਦਾ ਝੁਕਾਅ 1.03 ਇੰਚ ਹੈ ਤੇ ਭੁਚਾਲ ਦੀ ਸਥਿਤੀ ਲਈ ਲਗਭਗ 1.53 ਇੰਚ ਹੈ | ਅਗਸਤ 2026 'ਚ ਸੋਸ਼ਲ ਮੀਡੀਆ 'ਤੇ ਅਫ਼ਵਾਹ ਫੈਲ ਗਈ ਸੀ ਕਿ ਡੈਮ ਦੀ ਕੰਧ 1.77 ਇੰਚ ਝੁਕ ਗਈ ਹੈ | ਭਾਰਤ ਸਰਕਾਰ ਦੀ ਅਧਿਕਾਰਤ ਸੰਸਥਾ ਪ੍ਰੈੱਸ ਸੂਚਨਾ ਬਿਊਰੋ ਦੀ ਫੈਕਟ ਚੈੱਕ ਇਕਾਈ ਨੇ 28 ਅਗਸਤ 2026 ਨੂੰ ਉਕਤ ਦਾਅਵੇ ਨੂੰ ਝੁਠਲਾਉਂਦਿਆਂ ਸਪੱਸ਼ਟ ਕੀਤਾ ਸੀ ਕਿ 27 ਅਗਸਤ 2026 ਨੂੰ ਡੈਮ ਦਾ ਅਸਲ ਝੁਕਾਅ ਸਿਰਫ਼ 0.86 ਇੰਚ ਸੀ | ਹਾਲਾਂਕਿ 19 ਨਵੰਬਰ 2025 ਨੂੰ ਕੰਧ ਦਾ ਹੁਣ ਤੱਕ ਦਾ ਸਭ ਤੋਂ ਵੱਧ ਝੁਕਾਅ 1.1770 ਇੰਚ ਹੋ ਗਿਆ ਸੀ, ਜੋ ਜੂਨ 2026 ਵਿਚ ਪਾਣੀ ਦਾ ਪੱਧਰ ਘਟਣ ਨਾਲ 0.65 ਇੰਚ ਤੱਕ ਆ ਗਿਆ ਸੀ | ਭਾਖੜਾ ਡੈਮ ਦੇ ਚੀਫ਼ ਇੰਜੀਨੀਅਰ ਚਰਨਪ੍ਰੀਤ ਸਿੰਘ ਅਨੁਸਾਰ 9 ਸਤੰਬਰ 2026 ਨੂੰ ਇਹ ਝੁਕਾਅ 0.89 ਇੰਚ ਦਰਜ ਕੀਤਾ ਗਿਆ ਹੈ | ਬੀ.ਬੀ.ਐਮ.ਬੀ. ਅਨੁਸਾਰ ਪਿਛਲੇ 30 ਸਾਲਾਂ 'ਚ ਇਹ ਹਿਲਜੁਲ 15 ਵਾਰ ਹੋਈ ਹੈ ਤੇ ਇੰਜੀਨੀਅਰਿੰਗ ਦੀ ਦਿ੍ਸ਼ਟੀ ਨਾਲ ਕਿਸੇ ਢਾਂਚੇ 'ਚ ਹੋਣ ਵਾਲੀ ਹਿਲਜੁਲ ਢਾਂਚਾਗਤ ਅਸਫਲਤਾ ਦਾ ਸੰਕੇਤ ਨਹੀਂ ਹੁੰਦੀ |
ਸੁਰੱਖਿਆ ਪ੍ਰਣਾਲੀ
ਦੱਸਣਯੋਗ ਹੈ ਕਿ ਭਾਖੜਾ ਡੈਮ ਦੀ ਸੁਰੱਖਿਆ ਸਿਰਫ਼ ਇਸ ਦੇ ਕੰਕਰੀਟ ਢਾਂਚੇ ਦੀ ਮਜ਼ਬੂਤੀ 'ਤੇ ਨਿਰਭਰ ਨਹੀਂ ਹੈ | ਇਸ ਪਿੱਛੇ ਇਕ ਬਹੁ-ਪੱਧਰੀ ਨਿਗਰਾਨੀ ਤੇ ਸੁਰੱਖਿਆ ਪ੍ਰਣਾਲੀ ਕੰਮ ਕਰਦੀ ਹੈ, ਜਿਸ ਵਿਚ ਵਿਗਿਆਨਕ ਨਿਗਰਾਨੀ ਉਪਕਰਨ, ਪਾਣੀ ਦੇ ਰਿਸਾਅ ਦੀ ਨਿਗਰਾਨੀ, ਢਾਂਚਾਗਤ ਵਿਸਥਾਪਨ 'ਤੇ ਨਜ਼ਰ, ਭੁਚਾਲ ਨਿਗਰਾਨੀ, ਹੜ੍ਹ ਦੀ ਭਵਿੱਖਬਾਣੀ, ਹੜ੍ਹ ਨਿਕਾਸੀ ਪ੍ਰਣਾਲੀ ਦਾ ਸੰਚਾਲਨ ਤੇ ਹੰਗਾਮੀ ਹਾਲਾਤ ਲਈ ਯੋਜਨਾਬੰਦੀ ਸ਼ਾਮਿਲ ਹੈ | ਕੇਂਦਰੀ ਜਲ ਕਮਿਸ਼ਨ ਤੇ ਡੈਮ ਰਿਹੈਬਿਲੀਟੇਸ਼ਨ ਐਂਡ ਇੰਪਰੂਵਮੈਂਟ ਪ੍ਰਾਜੈਕਟ (ਡਰਿੱਪ) ਦੇ ਤਕਨੀਕੀ ਦਸਤਾਵੇਜ਼ਾਂ ਅਨੁਸਾਰ ਭਾਖੜਾ ਲਈ ਭੂਚਾਲ ਸਥਿਰਤਾ ਦਾ ਵਿਸ਼ਲੇਸ਼ਣ 1981 ਵਿਚ ਆਈ.ਆਈ.ਟੀ. ਰੁੜਕੀ ਵਲੋਂ ਦੋ-ਪੱਖੀ ਸਮੀਖਿਆ ਰਾਹੀਂ ਕੀਤਾ ਗਿਆ ਸੀ, ਜਦਕਿ 2016 ਵਿਚ ਤਿੰਨ-ਪੱਖੀ ਸਮੀਖਿਆ ਵੀ ਕੀਤੀ ਗਈ | ਭਾਖੜਾ ਵਿਚ ਤੇਜ਼ ਭੂਚਾਲ ਗਤੀ ਨੂੰ ਦਰਜ ਕਰਨ ਵਾਲੇ ਯੰਤਰ ਸਥਾਪਿਤ ਹਨ ਤੇ ਭਾਖੜਾ-ਨੰਗਲ ਪ੍ਰਾਜੈਕਟ ਲਈ ਅਗਾਊਾ ਚਿਤਾਵਨੀ ਪ੍ਰਣਾਲੀ ਲੱਗੀ ਹੋਈ ਹੈ | ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ 'ਚ ਪਾਣੀ ਦਾ ਪੱਧਰ 27 ਅਗਸਤ 2026 ਨੂੰ 1634.22 ਫੁੱਟ ਸੀ, ਜੋ ਪੂਰੇ ਜਲ-ਪੱਧਰ ਤੋਂ 45.78 ਫੁੱਟ ਹੇਠਾਂ ਸੀ |
ਤਕਨੀਕੀ ਮੁੱਦਾ- ਗਾਰ ਕੱਢਣ ਦੀ ਲੋੜ
ਡੈਮ ਟੁੱਟਣ ਦੇ ਬੇਲੋੜੇ ਡਰ ਦੀ ਬਜਾਏ ਧਿਆਨ ਦੇਣ-ਯੋਗ ਪਹਿਲੂ ਭਾਖੜਾ ਡੈਮ ਦੀ 'ਗੋਬਿੰਦ ਸਾਗਰ ਝੀਲ' ਵਿਚ ਜਮ੍ਹਾਂ ਹੋਈ ਗਾਰ ਨੂੰ ਕੱਢਣ ਬਾਰੇ ਹੈ | ਬੀ.ਬੀ.ਐਮ.ਬੀ. ਅਨੁਸਾਰ ਇਸ ਦੀ ਬਣਤਰ ਵੇਲੇ ਗਾਰ ਭਰਨ ਦੀ ਸੰਭਾਵਨਾ 3.361 ਕਰੋੜ ਘਣ ਮੀਟਰ ਮੰਨੀ ਗਈ ਸੀ, ਜੋ ਹੁਣ ਵਧ ਕੇ 3.9 ਕਰੋੜ ਘਣ ਮੀਟਰ ਸਾਲਾਨਾ ਹੋ ਗਈ ਹੈ | ਸਤਲੁਜ ਦੇ ਉਪਰਲੇ ਇਲਾਕਿਆਂ 'ਚ ਰੁੱਖਾਂ ਦੀ ਕਟਾਈ, ਸੜਕਾਂ, ਖੁਦਾਈ ਤੇ ਧੜਾਧੜ ਹੋ ਰਹੀ ਉਸਾਰੀ ਕਾਰਨ ਪਾਣੀ 'ਚ ਮਿੱਟੀ ਤੇ ਗਾਰ ਦਾ ਵਹਾਅ ਵਧ ਗਿਆ ਹੈ, ਜਿਸ ਕਰਕੇ ਕੁੱਲ ਜਲ ਭੰਡਾਰ ਸਮਰੱਥਾ 26 ਫ਼ੀਸਦੀ ਤੇ ਵਰਤਣਯੋਗ ਪਾਣੀ ਸਮਰੱਥਾ 19 ਫ਼ੀਸਦੀ ਘਟ ਗਈ ਹੈ | ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ 'ਚੋਂ ਗਾਰ ਕੱਢਣ ਵੱਲ ਬੀ.ਬੀ.ਐਮ.ਬੀ. ਦਾ 62 ਸਾਲਾਂ ਬਾਅਦ ਪਹਿਲੀ ਵਾਰ ਧਿਆਨ ਗਿਆ ਹੈ, ਟੈਂਡਰਾਂ ਦੀ ਰਸਮੀ ਕਾਰਵਾਈ ਤੇ ਹਿਮਾਚਲ ਪ੍ਰਦੇਸ਼ ਤੋਂ ਕੁੱਝ ਲੋੜੀਂਦੀਆਂ ਇਜਾਜ਼ਤਾਂ ਲੈਣ ਵਿਚ ਸਮਾਂ ਲੱਗਣ ਕਾਰਨ ਕੰਮ ਵਿਚ ਦੇਰੀ ਹੋ ਰਹੀ ਹੈ | ਬੀ.ਬੀ.ਐਮ.ਬੀ. ਅਨੁਸਾਰ ਗਾਰ ਡੈਮ ਦੀ ਕੰਧ ਤੋਂ ਲਗਪਗ 9-10 ਕਿਲੋਮੀਟਰ ਦੂਰ ਉਪਰਲੇ ਪਾਸੇ ਵੱਲ ਹੋਣ ਕਰਕੇ ਇਸ ਨਾਲ ਡੈਮ ਨੂੰ ਕੋਈ ਫ਼ੌਰੀ ਖ਼ਤਰਾ ਨਹੀਂ ਹੈ |
ਫ਼ੌਰੀ ਕਰਨ ਵਾਲੇ ਕਾਰਜ
ਭਾਰਤ 'ਚ ਹੁਣ ਡੈਮ ਸੁਰੱਖਿਆ ਕਾਨੂੰਨ ਤੇ ਰਾਸ਼ਟਰੀ ਡੈਮ ਸੁਰੱਖਿਆ ਅਥਾਰਟੀ ਮੌਜੂਦ ਹਨ | ਭਾਖੜਾ ਤੇ ਪੌਂਗ ਲਈ ਡੈਮ ਰੀਹੈਬਿਲੀਟੇਸ਼ਨ ਐਂਡ ਇੰਪਰੂਵਮੈਂਟ ਪ੍ਰੋਜੈਕਟ (ਡਰਿੱਪ) ਤਹਿਤ 230 ਕਰੋੜ ਰੁਪਏ ਦਾ ਕੰਮ ਚੱਲ ਰਿਹਾ ਹੈ | ਭਾਖੜਾ ਡੈਮ ਦੀ ਹੋਂਦ, ਸੁਰੱਖਿਆ ਤੇ ਭਵਿੱਖ ਲਈ ਤਿੰਨ ਕੰਮ ਜ਼ਰੂਰੀ ਹਨ- ਪਹਿਲਾ; ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਪਿਛਲੇ ਇਕ ਦਹਾਕੇ ਤੋਂ ਆਪਣੇ ਘੱਟੋ-ਘੱਟ ਹੇਠਲੇ ਪੱਧਰ (ਲਗਪਗ 1462 ਫੁੱਟ) ਤੱਕ ਨਹੀਂ ਗਈ, ਇਹ ਜ਼ਰੂਰੀ ਹੈ ਤਾਂ ਜੋ ਕੰਧ 'ਤੇ ਦਬਾਅ ਥੋੜ੍ਹਾ ਘਟੇ ਅਤੇ ਗਾਰ ਦੇ ਕੁਝ ਹਿੱਸੇ ਤੱਕ ਪਹੁੰਚ ਬਣ ਸਕੇ | ਦੂਜਾ; ਜਲਦੀ ਨਾਲ ਸਭ ਲੋੜੀਂਦੀਆਂ ਕਾਰਵਾਈਆਂ ਕਰਕੇ ਗਾਰ ਕੱਢੀ ਜਾਵੇ | ਤੀਜਾ; ਸਤਲੁਜ ਦਰਿਆ ਦੇ ਉਪਰਲੇ ਜਲ-ਗ੍ਰਹਿਣ ਖੇਤਰ ਵਿਚ ਰੁੱਖਾਂ ਦੀ ਕਟਾਈ, ਬੇਲੋੜੀ ਉਸਾਰੀ ਤੇ ਖੁਦਾਈ 'ਤੇ ਰੋਕ ਲਗਾਈ ਜਾਵੇ | ਭਾਖੜਾ ਤਦ ਹੀ 'ਨਵੇਂ ਭਾਰਤ ਦਾ ਮੰਦਰ' ਬਣਿਆ ਰਹੇਗਾ, ਜੇ ਅਸੀਂ ਇਸ ਨੂੰ ਇਕ ਯਾਦਗਾਰ ਨਹੀਂ, ਆਪਣੀ ਜੀਉਂਦੀ ਜ਼ਿੰਮੇਵਾਰੀ ਸਮਝੀਏ |
-ਮੋਬਾਈਲ : 98780-70008