ਸਾਡੇ ਸਮਾਜ ਵਿਚ ਵਿਖਾਵਾ ਵਧਦਾ ਹੀ ਜਾ ਰਿਹਾ ਹੈ | ਲੋਕ ਇਕ-ਦੂਜੇ ਦੀ ਵੇਖਾ-ਵੇਖੀ ਵਧੇਰੇ ਖ਼ਰਚਾ ਕਰਨ ਲੱਗ ਪਏ ਹਨ | ਦੂਜਿਆਂ ਦੀ ਰੀਸ ਕਰਦਿਆਂ ਨਿੱਕੀ-ਨਿੱਕੀ ਗੱਲ ਪਿੱਛੇ ਵੱਡੀਆਂ-ਵੱਡੀਆਂ ਪਾਰਟੀਆਂ ਰੱਖ ਲਈਆਂ ਜਾਂਦੀਆਂ ਹਨ ਅਤੇ ਉਸ ਵਿਚ ਅਣਗਿਣਤ ਲੋਕਾਂ ਨੂੰ ਸ਼ਾਮਿਲ ਕਰ ਲਿਆ ਜਾਂਦਾ ਹੈ | ਫਿਰ ਖਾਣ-ਪੀਣ ਲਈ ਅਨੇਕਾਂ ਵਸਤਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਲੋੜ ਤੋਂ ਵੱਧ ਖਰਚਾ ਕਰ ਦਿੱਤਾ ਜਾਂਦਾ ਹੈ |
ਇਹੋ ਹਾਲ ਸਾਡੇ ਸਮਾਜ ਵਿਚ ਵਿਆਹਾਂ ਤੇ ਹੋਰ ਪ੍ਰੋਗਰਾਮਾਂ ਦੇ ਮੌਕਿਆਂ 'ਤੇ ਵੇਖਿਆ ਜਾ ਸਕਦਾ ਹੈ | ਅਮੀਰਾਂ ਦੇ ਵਿਆਹ ਬਾਰੇ ਤਾਂ ਪੁੱਛੋ ਹੀ ਨਾ, ਉਹ ਆਪਣੇ ਬੱਚਿਆਂ ਦੇ ਵਿਆਹਾਂ ਤੇ ਅਨੇਕਾਂ ਪ੍ਰੋਗਰਾਮ ਰੱਖ ਲੈਂਦੇ ਹਨ ਅਤੇ ਦੂਰ ਨੇੜੇ ਦੇ ਹਜ਼ਾਰਾਂ ਸਾਥੀਆਂ ਨੂੰ ਨਿਓਤਾ ਦੇ ਦਿੰਦੇ ਹਨ | ਫਿਰ ੳਨ੍ਹਾਂ ਦੇ ਖਾਣ ਪੀਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ | ਸੈਂਕੜੇ ਪ੍ਰਕਾਰ ਦੇ ਪਕਵਾਨ ਅਤੇ ਪੀਣ ਲਈ ਅਨੇਕਾਂ ਡਰਿੰਕ ਤਿਆਰ ਕੀਤੇ ਜਾਂਦੇ ਹਨ | ਇਸ ਦੌਰਾਨ ਜੋ ਅੰਨ ਦੀ ਬਰਬਾਦੀ ਹੁੰਦੀ ਹੈ ਉਹ ਵੇਖਣ ਵਾਲੀ ਹੁੰਦੀ ਹੈ | ਲੋਕ ਪਲੇਟਾਂ ਨੂੰ ਉੱਪਰ ਤੱਕ ਭਰ ਲੈਂਦੇ ਹਨ ਅਤੇ ਫਿਰ ਥੋੜ੍ਹਾ ਜਿਹਾ ਖਾ ਕੇ ਪੂਰੀ ਪਲੇਟ ਕੂੜੇਦਾਨ ਵਿਚ ਪਾ ਦਿੰਦੇ ਹਨ | ਉਹ ਸਾਰੀਆਂ ਹੀ ਬਣੀਆਂ ਹੋਈਆਂ ਚੀਜ਼ਾਂ ਦਾ ਸਵਾਦ ਜ਼ਰੂਰ ਚਖਦੇ ਹਨ | ਜੇ ਸਵਾਦ ਨਾ ਲੱਗੇ ਤਾਂ ਸੁੱਟੀ ਜਾਂਦੇ ਹਨ | ਸਾਡੇ ਦੇਸ਼ ਵਿਚ ਜਿੱਥੇ ਆਬਾਦੀ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ, ਉਥੇ ਅਜਿਹੀ ਅਨਾਜ ਦੀ ਬਰਬਾਦੀ ਕੋਈ ਸਲਾਹੁਣਯੋਗ ਨਹੀਂ ਸਗੋਂ ਨਿੰਦਣਯੋਗ ਹੈ |
ਆਓ, ਆਪਾਂ ਸਾਦੇ ਵਿਆਹਾਂ 'ਤੇ ਜ਼ੋਰ ਦਈਏ ਵਿਆਹਾਂ ਸ਼ਾਦੀਆਂ ਤੇ ਕੇਵਲ 40-50 ਬੰਦੇ ਹੀ ਸੱਦੀਏ ਅਤੇ ਖਾਣ-ਪੀਣ ਲਈ ਸੀਮਤ ਚੀਜ਼ਾਂ ਰੱਖੀਆਂ ਜਾਣ, ਤਾਂ ਜੋ ਅੰਨ ਦੀ ਬਰਬਾਦੀ ਤੋਂ ਬਚਿਆ ਜਾ ਸਕੇ |
ਸਰਕਾਰ ਨੂੰ ਅੰਨ ਦੀ ਬਰਬਾਦੀ ਰੋਕਣ ਲਈ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਤੇ ਵਧੇਰੇ ਇਕੱਠ ਕਰਨ ਵਾਲਿਆਂ ਤੇ ਭਾਰੀ ਜੁਰਮਾਨੇ ਲਗਾਉਣੇ ਚਾਹੀਦੇ ਹਨ, ਤਾਂ ਹੀ ਲੋਕਾਂ ਨੂੰ ਸਮਝ ਆਵੇਗੀ | ਸਰਕਾਰੀ ਸਖ਼ਤੀ ਨਾਲ ਹੀ ਇਸ ਸਮੱਸਿਆ ਤੇ ਜਲਦੀ ਠੱਲ੍ਹ ਪਾਈ ਜਾ ਸਕਦੀ ਹੈ |
ਲੁਧਿਆਣਾ |
ਮੋਬਾਈਲ : 99141-44541