ਖੇਤੀਬਾੜੀ ਰੁਜ਼ਗਾਰ ਦਾ ਸਭ ਤੋਂ ਵੱਡਾ ਸਾਧਨ ਹੈ। ਸਿੱਧੇ ਤੇ ਅਸਿੱਧੇ ਢੰਗ ਨਾਲ 70 ਫ਼ੀਸਦੀ ਆਬਾਦੀ ਨੂੰ ਖੇਤੀ ਰੁਜ਼ਗਾਰ ਮੁਹੱਈਆ ਕਰਦੀ ਹੈ। ਆਮਦਨ ਵਧਾਉਣ ਲਈ ਖੇਤੀਬਾੜੀ ਕਿੱਤਿਆਂ 'ਚ ਆਮਦਨੀ ਵਧਾਉਣੀ ਪਵੇਗੀ। ਪੰਜਾਬ ਦੀ ਆਰਥਿਕਤਾ ਦਾ ਆਧਾਰ ਤਾਂ ਹੈ ਹੀ ਖੇਤੀ ਤੇ ਜਿਣਸਾਂ ਦਾ ਮੰਡੀਕਰਨ। ਜਿਣਸਾਂ ਦੀਆਂ ਕੀਮਤਾਂ ਤੇ ਫ਼ਸਲਾਂ ਦੀ ਉਤਪਾਦਕਤਾ ਤੇ ਹਰੇ-ਭਰੇ ਖੇਤ ਹੀ ਇਸ ਦੀ ਆਰਥਿਕਤਾ ਦਾ ਧੁਰਾ ਹਨ। ਜੇ ਇਕ ਸਾਲ ਫ਼ਸਲਾਂ ਖ਼ਰਾਬ ਹੋ ਜਾਣ ਤਾਂ ਆਮ ਕਿਸਾਨਾਂ 'ਚ ਮੰਦਹਾਲੀ ਦਾ ਮਾਹੌਲ ਬਣ ਜਾਂਦਾ ਹੈ। ਇਸ ਸਾਲ ਤਾਂ ਭਾਰੀ ਮੀਹਾਂ, ਹੜ੍ਹਾਂ, ਚਾਈਨਾ ਵਾਇਰਸ (ਬੂਟਿਆਂ ਦੇ ਮਧਰੇਪਣ ਦੀ ਬਿਮਾਰੀ), ਝੁਲਸ ਰੋਗ ਤੇ ਹਲਦੀ ਰੋਗ ਨੇ ਖ਼ਰੀਫ਼ ਦੀ ਮੁੱਖ ਫ਼ਸਲ ਝੋਨੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਬਾਸਮਤੀ ਨੂੰ ਹੋਰ ਵੀ ਸੱਟ ਲੱਗੀ ਹੈ। ਇਸ ਦੀ ਗੁਣਵੱਤਾ ਖ਼ਰਾਬ ਹੋ ਗਈ ਹੈ, ਜਿਸ ਕਾਰਨ ਇਸ ਦਾ ਭਾਅ ਕਿਸਾਨਾਂ ਨੂੰ ਲਾਹੇਵੰਦ ਨਹੀਂ ਮਿਲ ਰਿਹਾ।
ਵਿਗਿਆਨੀਆਂ ਨੂੰ ਕਿਸਾਨਾਂ ਦੀ ਮਦਦ ਕਰਨ ਦੀ ਲੋੜ ਹੈ ਕਿ ਉਹ ਉਨ੍ਹਾਂ ਨੂੰ ਹਾੜ੍ਹੀ ਵਿਸ਼ੇਸ਼ ਕਰਕੇ ਕਣਕ ਜੋ ਸੀਜ਼ਨ ਦੀ ਮੁੱਖ ਫ਼ਸਲ ਹੈ, ਤੋਂ ਵੱਧ ਤੋਂ ਵੱਧ ਮੁਨਾਫ਼ਾ ਲੈਣ ਲਈ ਖੋਜ ਕਰ ਕੇ ਸੇਧ ਦੇਣ। ਉਨ੍ਹਾਂ ਨੂੰ ਸਹੀ ਤੌਰ 'ਤੇ ਦੱਸਣ ਕਿ ਬਿਜਾਈ ਲਈ ਕਿਸ ਸਮੇਂ ਕਿਹੜੀ ਕਿਸਮ ਲਗਾਉਣ ਤਾਂ ਜੋ ਉਨ੍ਹਾਂ ਨੂੰ ਵੱਧ ਤੋਂ ਵੱਧ ਝਾੜ ਦੀ ਪ੍ਰਾਪਤੀ ਹੋਵੇ ਅਤੇ ਮੁਨਾਫ਼ਾ ਮਿਲੇ। ਮੰਡੀ 'ਚ ਝੋਨੇ ਦੀ ਆਮਦ ਦਾ 185 ਲੱਖ ਟਨ ਅਨੁਮਾਨ ਲਗਾਇਆ ਜਾ ਰਿਹਾ ਸੀ, ਜਿਸ ਨੂੰ ਘਟਾ ਕੇ 170-175 ਲੱਖ ਟਨ ਕਰ ਦਿੱਤਾ ਗਿਆ। ਇਸ 'ਚੋਂ ਅਜੇ ਮਸ੍ਹਾਂ 25-30 ਫ਼ੀਸਦੀ ਝੋਨਾ ਹੀ ਮੰਡੀਆਂ 'ਚ ਵਿਕਣ ਲਈ ਆਇਆ ਹੈ। ਝੋਨੇ ਦੀ ਕਟਾਈ ਦੇਰੀ ਨਾਲ ਹੋਣ ਕਾਰਨ ਤੇ ਫ਼ਸਲ ਅਜੇ ਖੇਤਾਂ 'ਚ ਖੜ੍ਹੀ ਹੋਣ ਕਾਰਨ ਕਣਕ ਦੀ ਬਿਜਾਈ ਵੀ ਪਛੇਤੀ ਪੈ ਜਾਵੇਗੀ, ਜਿਸ ਕਾਰਨ ਉਤਪਾਦਕਤਾ ਘਟੇਗੀ। ਵਿਗਿਆਨੀਆਂ ਨੂੰ ਇਸ ਲਈ ਵੀ ਲੋੜੀਂਦੀ ਜਾਣਕਾਰੀ ਕਿਸਾਨਾਂ ਨੂੰ ਦੇਣ ਦੀ ਲੋੜ ਹੈ।
ਖੋਜ ਲਈ ਝੋਨੇ ਤੇ ਕਣਕ ਤੋਂ ਇਲਾਵਾ ਤੇਲ ਬੀਜਾਂ, ਦਾਲਾਂ ਆਦਿ ਦੇ ਖੇਤਰਾਂ ਨੂੰ ਮਜ਼ਬੂਤ ਕੀਤੇ ਜਾਣ ਦੀ ਲੋੜ ਤਾਂ ਹੈ ਹੀ, ਪਰ ਇਸ ਸਾਲ ਵਿਗਿਆਨੀਆਂ ਨੂੰ ਕਣਕ ਦੀ ਕਾਸ਼ਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਜਿੱਥੋਂ ਤੱਕ ਹੋ ਸਕੇ ਦੇਰੀ ਨਾਲ ਬਿਜਾਈ ਹੋਣ ਕਾਰਨ ਜਾਂ ਜ਼ਮੀਨ ਦੀ ਉਪਜਾਊ ਸ਼ਕਤੀ ਗਾਰ ਆਦਿ ਵਿੱਛਣ ਦੀ ਵਜ੍ਹਾ ਨਾਲ ਘਟਣ ਸਦਕਾ ਪ੍ਰਤੀ ਹੈਕਟੇਅਰ ਝਾੜ ਪ੍ਰਭਾਵਿਤ ਨਾ ਹੋਵੇ। ਜੋ ਕਿਸਾਨ ਹੁਣ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਬੀਜਣਗੇ, ਉਹ ਲੋੜ ਅਤੇ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਤੋਂ ਪਰ੍ਹੇ ਜਾ ਕੇ ਕਣਕ ਲਈ ਯੂਰੀਆ ਤੇ ਡੀ.ਏ.ਪੀ ਪਾਈ ਜਾਣਗੇ। ਯੂਰੀਆ ਦੇ ਚਾਰ-ਚਾਰ, ਪੰਜ-ਪੰਜ ਥੈਲ੍ਹੇ ਪਾਈ ਜਾਂਦੇ ਹਨ, ਜਦਕਿ ਸਿਫ਼ਾਰਸ਼ ਦੋ ਥੈਲਿਆਂ ਤੋਂ ਥੋੜ੍ਹੀ ਜਿਹੀ ਮਿਕਦਾਰ ਵੱਧ ਦੀ ਕੀਤੀ ਗਈ ਹੈ। ਨਾਈਟਰੋਜਨ ਯੂਰੀਆ ਵੱਧ ਪਾਉਣ ਨਾਲ ਅਸਲ 'ਚ ਕਈ ਸਮੱਸਿਆਵਾਂ ਆਉਂਦੀਆਂ ਹਨ। ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਫ਼ਸਲ ਨੂੰ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਨੂੰ ਨਦੀਨਨਾਸ਼ਕਾਂ ਅਤੇ ਕੀਟਨਾਸ਼ਕਾਂ ਦੇ ਵਧੇਰੇ ਸਪਰੇਅ ਕਰਨੇ ਪੈਂਦੇ ਹਨ, ਜਿਨ੍ਹਾਂ 'ਤੇ ਵਾਧੂ ਖ਼ਰਚ ਆਉਂਦਾ ਹੈ।
ਕਿਸਾਨਾਂ 'ਚ ਵਧੇਰੇ ਛੋਟੇ ਤੇ ਦਰਮਿਆਨੇ ਕਿਸਾਨ ਹਨ। ਇਨ੍ਹਾਂ ਦੀ ਆਮਦਨ ਵਧਾਉਣ ਲਈ ਮੰਡੀਕਰਨ 'ਚ ਵੀ ਸੁਧਾਰ ਲਿਆਉਣ ਦੀ ਲੋੜ ਹੈ। ਇੱਕ ਤਾਂ ਉਤਪਾਦਕਤਾ ਘਟੀ ਅਤੇ ਦੂਜੇ ਕਿਸਾਨਾਂ ਨੂੰ ਮੰਡੀਆਂ 'ਚ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਵੀ ਨਹੀਂ ਮਿਲ ਰਿਹਾ, ਜਿਸ ਨਾਲ ਉਨ੍ਹਾਂ ਦੀ ਹਾਲਤ ਹੋਰ ਪਤਲੀ ਹੁੰਦੀ ਜਾਂਦੀ ਹੈ। ਗ਼ੈਰ-ਖੇਤੀ ਖੇਤਰ ਵੀ ਕਿਸਾਨਾਂ ਦੀ ਆਮਦਨ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਆਮਦਨ ਦਾ ਫੈਲਾਅ ਖੇਤੀ ਅਤੇ ਗ਼ੈਰ-ਖੇਤੀ ਖੇਤਰ ਦੋਹਾਂ 'ਚ ਹੋਣਾ ਚਾਹੀਦਾ ਹੈ। ਗ਼ੈਰ-ਖੇਤੀ ਖੇਤਰ ਵਿਚ ਜੇ ਆਮਦਨ ਵਧੇਗੀ ਤਾਂ ਖੇਤੀ ਪਦਾਰਥਾਂ ਦੀ ਮੰਗ ਵਧੇਗੀ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਯੋਗ ਕੀਮਤ ਮਿਲੇਗੀ। ਰਹਿਣ-ਸਹਿਣ ਦਾ ਮਿਆਰ ਵਧਣ ਕਾਰਨ ਅਨਾਜ ਦੀ ਖਪਤ ਘਟ ਗਈ ਹੈ ਅਤੇ ਸਬਜ਼ੀਆਂ, ਫਲ਼ਾਂ, ਮੱਛੀ, ਅੰਡੇ ਅਤੇ ਡੇਅਰੀ ਪਦਾਰਥਾਂ ਦੀ ਮੰਗ ਵਧ ਗਈ ਹੈ। ਖੇਤੀ ਪਦਾਰਥਾਂ ਦੀ ਯੋਗ ਕੀਮਤ ਕਿਸਾਨਾਂ ਨੂੰ ਮਿਲੇ, ਇਸ ਲਈ ਪ੍ਰੋਸੈਸਿੰਗ ਸਹੂਲਤਾਂ ਦਾ ਵਿਕਾਸ ਵੀ ਹੋਣਾ ਜ਼ਰੂਰੀ ਹੈ। ਖੇਤੀ ਵਿਚ ਸਰਕਾਰੀ ਲਾਗਤ ਲੋੜੀਂਦੀ ਪੱਧਰ ਦੇ ਮੁਤਾਬਿਕ ਨਹੀਂ, ਇਸ ਲਈ ਨਿੱਜੀ ਖੇਤਰ 'ਚ ਲਾਗਤ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਨਿੱਜੀ ਖੇਤਰ ਵਿਚ ਲਾਗਤ ਤਾਂ ਹੀ ਵਧੇਗੀ, ਜੇ ਖੇਤੀ ਆਧਾਰਿਤ ਉਦਯੋਗਾਂ ਦੀਆਂ ਸਹੂਲਤਾਂ 'ਚ ਸੁਧਾਰ ਆਵੇਗਾ। ਅਨਾਜ ਦੀ ਪੈਦਾਵਾਰ ਲਗਭਗ ਹਰ ਮੁਲਕ ਵਿਚ ਵਧ ਰਹੀ ਹੈ। ਦਰਾਮਦ ਤੇ ਬਰਾਮਦ ਦਾ ਘੇਰਾ ਬੜਾ ਸੀਮਤ ਹੈ, ਕਿਉਂਕਿ ਦੂਜੇ ਦੇਸ਼ਾਂ ਦੇ ਉਤਪਾਦਨ ਤੇ ਉਤਪਾਦਕਤਾ ਵਿਚ ਵੀ ਇਜ਼ਾਫ਼ਾ ਹੋ ਰਿਹਾ ਹੈ। ਉਨ੍ਹਾਂ ਦੀ ਕਣਕ, ਝੋਨੇ ਦੀ ਅੰਤਰਰਾਸ਼ਟਰੀ ਕੀਮਤ ਘਰੇਲੂ ਐਮ.ਐੱਸ.ਪੀ. ਨਾਲੋਂ ਘੱਟ ਹੈ। ਬਾਸਮਤੀ ਦੀ ਬਰਾਮਦ ਵਧਾਉਣ ਦੀ ਕਾਫ਼ੀ ਗੁੰਜਾਇਸ਼ ਹੈ ਪਰ ਬਾਸਮਤੀ ਦੀ ਗੁਣਵੱਤਾ 'ਤੇ ਜ਼ੋਰ ਦੇਣਾ ਜ਼ਰੂਰੀ ਹੈ।
ਭੰਡਾਰ ਦੀਆਂ ਸਹੂਲਤਾਂ ਨਾ ਹੋਣ ਕਾਰਨ ਅਨਾਜ ਦਾ ਕਾਫ਼ੀ ਹਿੱਸਾ ਖ਼ਰਾਬ ਹੋ ਜਾਂਦਾ ਹੈ, ਜੋ ਯੋਗ ਪੌਂਦ ਸੁਰੱਖਿਆ ਨਾਲ ਹੀ ਬਚਾਇਆ ਜਾ ਸਕਦਾ ਹੈ। ਭਾਵੇਂ ਭਾਰਤ ਵਿਸ਼ਵ ਦਾ ਚੌਥਾ ਵੱਡਾ ਖੇਤੀ ਕੀਟਨਾਸ਼ਕਾਂ ਦਾ ਨਿਰਮਾਤਾ ਹੈ ਅਤੇ ਇਨ੍ਹਾਂ ਨੂੰ ਬਰਾਮਦ ਵੀ ਕਰਦਾ ਹੈ, ਪਰ ਕੀਟਨਾਸ਼ਕਾਂ ਦੀ ਵਰਤੋਂ ਇੱਥੇ ਦੂਜੇ ਮੁਲਕਾਂ ਦੇ ਮੁਕਾਬਲੇ ਸੂਝ-ਬੂਝ ਅਤੇ ਸਹੀ ਮਿਕਦਾਰ 'ਚ ਨਹੀਂ ਕੀਤੀ ਜਾਂਦੀ। ਇਸ ਲਈ ਕਿਸਾਨਾਂ ਨੂੰ ਯੋਗ ਅਗਵਾਈ ਤੇ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਖੇਤੀ ਪ੍ਰਸਾਰ ਸੇਵਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਆਪਣੀਆਂ ਸੇਵਾਵਾਂ ਨਿਪੁੰਨ ਬਣਾ ਕੇ ਇਨ੍ਹਾਂ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਕੀਟਨਾਸ਼ਕਾਂ ਦੀ ਵਰਤੋਂ ਸੰਬੰਧੀ ਸੋਚ ਵਿਚ ਸੁਧਾਰ ਲਿਆਉਣ ਦੀ ਲੋੜ ਹੈ। ਕਿਸਾਨਾਂ ਦੇ ਮਸਲੇ ਸਾਉਣੀ ਦੀ ਮੁੱਖ ਫ਼ਸਲ ਝੋਨਾ ਤੇ ਬਾਸਮਤੀ ਦੇ ਖ਼ਰਾਬੇ ਕਾਰਨ ਉਲਝਣ ਵਾਲੀ ਸਥਿਤੀ ਵਿਚ ਹਨ। ਇਨ੍ਹਾਂ ਵੱਲ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇ ਕੇ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਕਰਨੀ ਚਾਹੀਦੀ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਮਜ਼ਬੂਤ ਕਰ ਕੇ ਕਿਸਾਨਾਂ 'ਚ ਹਾੜ੍ਹੀ ਦੀਆਂ ਫ਼ਸਲਾਂ, ਵਿਸ਼ੇਸ਼ ਕਰਕੇ ਕਣਕ ਦੇ ਬਿਹਤਰ ਉਤਪਾਦਨ ਲਈ ਯੋਗ ਅਗਵਾਈ ਕਰਨ ਦੀ ਲੋੜ ਹੈ।
ਈ-ਮੇਲ : bhagwandass226@gmail.com