ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮਹਾਨ ਹੈ ਸਾਹਿਬਜ਼ਾਦਿਆਂ ਦੀ ਕੁਰਬਾਨੀ

Ad Position 21
No active advertisement
ਅਜੀਤ ਡੈਸਕ 27-12-2025

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਅੱਜ ਬਹਾਦਰ ਸਾਹਿਬਜ਼ਾਦਿਆਂ ਪ੍ਰਤੀ ਦਸਮ ਪਿਤਾ ਪ੍ਰਤੀ ਸ਼ੁਕਰਾਨਾ ਪ੍ਰਗਟ ਕਰਦਿਆਂ ਮਨ ਦੁੱਖ ਤੇ ਮਾਣ ਨਾਲ ਭਰ ਜਾਂਦਾ ਹੈ। ਜਿਨ੍ਹਾਂ ਬਹਾਦਰ ਬੱਚਿਆਂ ਨੇ ਅਜੇ ਜ਼ਿੰਦਗੀ ਨੂੰ ਦੇਖਿਆ ਵੀ ਨਹੀਂ ਸੀ, ਉਨ੍ਹਾਂ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ, ਪਰ ਦੂਜੇ ਪਾਸੇ ਉਨ੍ਹਾਂ ਦੀ ਕੁਰਬਾਨੀ ਨੂੰ ਵੇਖ ਕੇ ਦਿਲ ਮਾਣ ਨਾਲ ਫੁੱਲ ਵੀ ਜਾਂਦਾ ਹੈ। ਮੈਂ ਮਾਤਾ ਗੁਜਰੀ ਜੀ ਦੇ ਤਿਆਗ, ਸਬਰ ਤੇ ਉਨ੍ਹਾਂ ਵਲੋਂ ਆਪਣੇ ਪੋਤਰਿਆਂ ਨੂੰ ਦਿੱਤੇ ਸੰਸਕਾਰਾਂ (ਕਦਰਾਂ-ਕੀਮਤਾਂ) ਲਈ ਉਨ੍ਹਾਂ ਨੂੰ ਵੀ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਂ ਜਿਨ੍ਹਾਂ ਸਾਹਿਬਜ਼ਾਦਿਆਂ ਬਾਰੇ ਗੱਲ ਕਰ ਰਿਹਾ ਹਾਂ, ਉਨ੍ਹਾਂ 'ਚੋਂ ਬਾਬਾ ਜ਼ੋਰਾਵਰ ਸਿੰਘ ਜੀ 9 ਸਾਲ ਅਤੇ ਬਾਬਾ ਫ਼ਤਹਿ ਸਿੰਘ ਜੀ ਸਿਰਫ਼ 7 ਸਾਲ ਦੇ ਸਨ। ਉਨ੍ਹਾਂ ਨੂੰ ਡਰਾਇਆ-ਧਮਕਾਇਆ ਤੇ ਭਰਮਾਇਆ ਗਿਆ। ਪਰ ਉਨ੍ਹਾਂ ਸ਼ੇਰਾਂ ਵਾਂਗ ਦਹਾੜਦਿਆਂ ਕਿਸੇ ਵੀ ਲਾਲਚ 'ਚ ਆਉਣ ਦੀ ਬਜਾਏ ਮੌਤ ਨੂੰ ਚੁਣਿਆ। ਸ਼ਾਇਦ ਇਹ ਸਭ ਮਾਤਾ ਗੁਜਰੀ ਜੀ ਦੀ ਸੰਗਤ ਦੀ ਦੇਖ-ਰੇਖ ਕਾਰਨ ਸੰਭਵ ਹੋਇਆ, ਜਿਸ ਨੇ ਸ਼ਾਹਿਬਜ਼ਾਦਿਆਂ ਅੰਦਰ ਗੁਰੂਆਂ ਦੀਆਂ ਸਿੱਖਿਆਵਾਂ ਤੇ ਸੰਸਕਾਰ ਭਰ ਦਿੱਤੇ ਸਨ।
ਦੁਨੀਆ ਭਰ 'ਚ ਧਰਮ ਤੇ ਦੇਸ਼ ਲਈ ਲੜਨ ਵਾਲਿਆਂ ਦੇ ਇਤਿਹਾਸ ਵਿਚ ਅਜਿਹਾ ਕੋਈ ਨਹੀਂ ਹੈ, ਜਿਸ ਨੇ ਆਪਣੇ ਪਿਤਾ, ਮਾਤਾ ਤੇ ਚਾਰ ਪੁੱਤਰਾਂ ਦੀ ਕੁਰਬਾਨੀ ਦਿੱਤੀ ਹੋਵੇ। ਇਸੇ ਲਈ ਅੱਜ ਦੇਸ਼ ਦੇ ਲੋਕਾਂ ਨੇ ਉਨ੍ਹਾਂ (ਗੁਰੂ ਗੋਬਿੰਦ ਸਿੰਘ ਜੀ) ਨੂੰ 'ਸਰਬੰਸਦਾਨੀ' ਦੀ ਉਪਾਧੀ ਦਿੱਤੀ ਹੈ, ਜਿਸ ਦੇ ਬਰਾਬਰ ਕੋਈ ਵੀ ਅਧਿਕਾਰਤ ਪਦਮਸ੍ਰੀ ਜਾਂ ਪਦਮ ਵਿਭੂਸ਼ਣ ਨਹੀਂ ਹੈ। ਉਨ੍ਹਾਂ ਆਪਣੇ ਪਿਤਾ, ਆਪਣੀ ਮਾਂ ਤੇ ਆਪਣੇ ਚਾਰੇ ਬੱਚਿਆਂ ਦੀ ਕੁਰਬਾਨੀ ਤੋਂ ਬਾਅਦ ਵੀ ਜ਼ੁਲਮ ਖ਼ਿਲਾਫ਼ ਲੜਾਈ ਜਾਰੀ ਰੱਖੀ, ਜਦੋਂ ਬਾਬਾ ਬੰਦਾ ਬਹਾਦਰ ਜੀ ਨੇ ਇੱਥੇ ਆ ਕੇ ਬਦਲਾ ਲਿਆ ਤਾਂ ਪੂਰੀ ਦੁਨੀਆ ਨੂੰ ਅਹਿਸਾਸ ਹੋਇਆ ਕਿ ਅੰਤ 'ਚ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ। ਇਸ ਜੁਝਾਰੂਪਣ ਦੀ ਭਾਵਨਾ, ਧਰਮ ਪ੍ਰਤੀ ਸਮਰਪਣ ਤੇ ਮਾਤਭੂਮੀ ਪ੍ਰਤੀ ਪਿਆਰ ਬਾਰੇ ਦੇਸ਼ ਦੇ ਸਭ ਲੋਕਾਂ ਨੂੰ ਜਾਣਕਾਰੀ ਦੇਣ ਦਾ ਇਹ ਢੁਕਵਾਂ ਮੌਕਾ ਹੈ। ਇਸ ਦੇਸ਼ 'ਤੇ ਨੌਵੇਂ ਗੁਰੂ ਜੀ ਦਾ ਜੋ ਉਪਕਾਰ ਹੈ, ਉਸ ਦਾ ਸ਼ੁਕਰਾਨਾ ਅਦਾ ਹੀ ਨਹੀਂ ਹੋ ਸਕਦਾ। ਕੋਈ ਵੀ ਉਸ ਸਮੇਂ ਨੂੰ ਭੁੱਲ ਨਹੀਂ ਸਕਦਾ, ਜਦੋਂ ਕਸ਼ਮੀਰੀ ਪੰਡਿਤ ਉਨ੍ਹਾਂ (ਗੁਰੂ ਤੇਗ਼ ਬਹਾਦਰ) ਕੋਲ ਗਏ ਅਤੇ ਕਿਹਾ ਕਿ ਸਾਡਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਸਾਨੂੰ ਬਚਾਓ, ਸਿਰਫ਼ ਤੁਸੀਂ ਹੀ ਸਾਨੂੰ ਬਚਾ ਸਕਦੇ ਹੋ। ਫਿਰ ਉਨ੍ਹਾਂ ਦੇ ਮੂੰਹੋਂ ਸਿਰਫ਼ ਇਕ ਵਾਕ ਨਿਕਲਿਆ: ਇਹ ਜ਼ੁਲਮ ਤਾਂ ਹੀ ਰੁਕੇਗਾ ਜੇ ਧਰਤੀ ਦੇ ਕਿਸੇ ਮਹਾਨ ਆਤਮਾ ਵਲੋਂ ਕੁਰਬਾਨੀ ਦਿੱਤੀ ਜਾਵੇ। ਦੋਸਤੋ, ਕਿਹਾ ਜਾਂਦਾ ਹੈ ਕਿ ਪੁੱਤਰ ਦੇ ਗੁਣ ਪੰਘੂੜੇ 'ਚ ਹੀ ਦਿਖਾਈ ਦੇਣ ਲੱਗਦੇ ਹਨ। ਉਸੇ ਸਮੇਂ 8 ਸਾਲ ਦੇ ਗੋਬਿੰਦ ਰਾਏ ਆਪਣੇ ਪਿਤਾ ਦੇ ਕੋਲ ਖੜ੍ਹੇ ਸਨ, ਉਨ੍ਹਾਂ ਇਕ ਪਲ ਵਿਚਾਰ ਕੀਤੇ ਬਗੈਰ ਕਿਹਾ- ਤੁਹਾਡੇ ਤੋਂ ਵੱਡਾ ਕੌਣ ਹੋ ਸਕਦਾ ਹੈ? ਜੇਕਰ ਕੁਰਬਾਨੀ ਦੇਣੀ ਹੈ ਤਾਂ ਤੁਹਾਨੂੰ ਹੀ ਦੇਣੀ ਹੋਵੇਗੀ।'
ਫਿਰ ਨੌਵੇਂ ਗੁਰੂ ਜੀ ਦਿੱਲੀ ਗਏ ਤੇ ਉਨ੍ਹਾਂ ਔਰੰਗਜ਼ੇਬ ਨੂੰ ਜਬਰੀ ਧਰਮ ਪਰਿਵਰਤਨ ਬੰਦ ਕਰਨ ਲਈ ਆਖਦਿਆ ਕਿਹਾ ਕਿ ਜੇਕਰ ਤੁਸੀਂ ਮੇਰਾ ਧਰਮ ਪਰਿਵਰਤਨ ਕਰਵਾ ਦਿੰਦੇ ਹੋ ਤਾਂ ਸਾਰਾ ਭਾਰਤ ਧਰਮ ਪਰਿਵਰਤਨ ਕਰਨ ਲਈ ਤਿਆਰ ਹੈ। ਮੈਂ ਇੱਥੇ ਗੁਰੂ ਜੀ ਵਲੋਂ ਸਹਿਣ ਕੀਤੇ ਗਏ ਤਸੀਹਿਆਂ ਦਾ ਵਰਣਨ ਬੋਲ ਕੇ ਨਹੀਂ ਕਰ ਸਕਦਾ। ਉਨ੍ਹਾਂ ਇੰਨੇ ਤਸੀਹੇ ਝੱਲਣ ਤੋਂ ਬਾਅਦ ਵੀ ਜ਼ਾਲਮ ਤੇ ਅੱਤਿਆਚਾਰੀ ਲੋਕਾਂ ਦੇ ਸਾਹਮਣੇ ਆਪਣੇ ਪਵਿੱਤਰ ਇਰਾਦਿਆਂ ਨੂੰ ਕਦੇ ਵੀ ਡੋਲਣ ਨਹੀਂ ਦਿੱਤਾ ਅਤੇ ਬੇਅੰਤ ਦੁੱਖ ਝੱਲਦਿਆਂ ਆਪਣੀ ਕੁਰਬਾਨੀ ਦਿੱਤੀ। ਦਿੱਲੀ ਦਾ ਸੀਸਗੰਜ ਗੁਰਦੁਆਰਾ ਸੈਂਕੜੇ ਸਾਲਾਂ ਤੋਂ ਦੇਸ਼ ਭਗਤਾਂ ਲਈ ਪ੍ਰਮੱਖ ਤੀਰਥ ਸਥਾਨ ਬਣਿਆ ਹੋਇਆ ਹੈ। ਇਸ ਤੋਂ ਬਾਅਦ ਦਸਮ ਪਿਤਾ ਨੇ ਵੱਡਾ ਕਾਰਨਾਮਾ ਕਰਦਿਆਂ 'ਖ਼ਾਲਸਾ ਪੰਥ' ਦੀ ਸਥਾਪਨਾ ਕੀਤੀ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜੇਕਰ ਨੌਵੇਂ ਗੁਰੂ ਅਤੇ ਦਸਵੇਂ ਗੁਰੂ ਨਾ ਹੁੰਦੇ ਤਾਂ ਭਾਰਤ ਵਿਚ ਕੋਈ ਵੀ ਹਿੰਦੂ ਜਾਂ ਸਿੱਖ ਨਾ ਹੁੰਦਾ। ਸਾਡੀ ਸਾਰੀਆਂ ਪਰੰਪਰਾਵਾਂ ਤੇ ਧਰਮ ਤਬਾਹ ਹੋ ਜਾਂਦੇ। ਇਸੇ ਲਈ ਗੁਰੂ ਜੀ ਨੂੰ 'ਹਿੰਦ ਦੀ ਚਾਦਰ' ਕਿਹਾ ਜਾਂਦਾ ਹੈ, ਜਿਨ੍ਹਾਂ ਦੇਸ਼ ਦੇ ਸਾਰੇ ਧਰਮਾਂ ਦੀ ਰੱਖਿਆ ਲਈ ਆਪਣੀ ਜਾਨ ਦੀ ਕੁਰਬਾਨ ਦੇ ਦਿੱਤੀ। ਬਹਾਦਰੀ ਤੇ ਕੁਰਬਾਨੀ ਦੋ ਵੱਖ-ਵੱਖ ਗੁਣ ਹਨ। ਬਹੁਤ ਸਾਰੇ ਬਹਾਦਰ ਹੁੰਦੇ ਹਨ, ਪਰ ਉਨ੍ਹਾਂ ਵਿਚ ਕੁਰਬਾਨੀ ਦਾ ਗੁਣ ਨਹੀਂ ਹੁੰਦਾ। ਉਨ੍ਹਾਂ ਵਿਚ ਸਮਰਪਣ ਦਾ ਗੁਣ ਨਹੀਂ ਹੁੰਦਾ। ਦਸਵੇਂ ਪਿਤਾ ਕੋਲ ਬਹਾਦਰੀ ਤੇ ਕੁਰਬਾਨੀ ਦੋਵੇਂ ਸਨ, ਉਨ੍ਹਾਂ ਕਦੇ ਵੀ ਹਾਰ ਨਹੀਂ ਮੰਨੀ। ਜਦੋਂ ਉਨ੍ਹਾਂ ਦੇ ਦੋਵੇਂ ਪੁੱਤਰ (ਵੱਡੇ ਸਾਹਿਬਜ਼ਾਦੇ) ਚਮਕੌਰ ਸਾਹਿਬ ਵਿਖੇ ਜੰਗ ਲਈ ਰਵਾਨਾ ਹੋਣ ਲਈ ਤਿਆਰ ਹੋਏ ਤਾਂ ਗੁਰੂ ਜੀ ਨੇ ਕੋਈ ਰਹਿਮ ਜਾਂ ਮੋਹ ਨਹੀਂ ਦਿਖਾਇਆ ਅਤੇ ਮੁਸਕਰਾਉਂਦੇ ਹੋਏ ਉਨ੍ਹਾਂ ਨੂੰ ਜੰਗ ਦੇ ਮੈਦਾਨ ਵੱਲ ਤੋਰਿਆ ਸੀ। ਇਸ ਜੰਗ ਦਾ ਨਤੀਜਾ ਤੈਅ ਸੀ ਕਿਉਂਕਿ ਵਿਸ਼ਾਲ ਫ਼ੌਜ ਨਾਲ ਜੰਗ ਕਰਨ ਲਈ ਜਾਣ ਦਾ ਮਤਲਬ ਸ਼ਹਾਦਤ ਨਿਸਚਿਤ ਸੀ।
ਕੀ ਇੰਨੇ ਮਹਾਨ ਯੋਧੇ (ਗੁਰੂ ਜੀ) ਨੂੰ ਜੰਗ ਦੇ ਨਤੀਜੇ ਦਾ ਪਤਾ ਨਹੀਂ ਸੀ, ਫਿਰ ਵੀ ਉਨ੍ਹਾਂ ਕਿਹਾ ਕਿ ਜੇਕਰ ਧਰਮ ਦੀ ਖ਼ਾਤਰ ਕੁਰਬਾਨੀ ਦੀ ਲੋੜ ਹੈ ਤਾਂ ਇਸ ਦੀ ਸ਼ੁਰੂਆਤ ਮੇਰੇ ਘਰ ਤੋਂ ਹੋਣੀ ਚਾਹੀਦੀ ਹੈ। ਇਸ ਦੀ ਸ਼ੁਰੂਆਤ ਮੇਰੇ ਸਾਹਿਬਜ਼ਾਦਿਆਂ ਤੋਂ ਹੋਣੀ ਚਾਹੀਦੀ ਹੈ ਅਤੇ ਦੋਵੇਂ ਸਾਹਿਬਜ਼ਾਦੇ ਜੰਗ 'ਚ ਸ਼ਹੀਦ ਹੋ ਗਏ। ਉਹ ਹਿਮਾਲਿਆ ਵਾਂਗ ਦ੍ਰਿੜ ਰਹਿੰਦਿਆਂ ਭੁੱਖ, ਪਿਆਸ, ਥੋੜ੍ਹੀ ਗਿਣਤੀ ਹੋਣ ਦੇ ਬਾਵਜੂਦ ਲੱਖਾਂ ਦੀ ਫ਼ੌਜ ਨਾਲ ਲੜੇ। ਜਦੋਂ ਉਨ੍ਹਾਂ ਦੇ ਦੋਵੇਂ ਸਾਹਿਬਜ਼ਾਦਿਆਂ ਨੂੰ ਕੰਧ ਵਿਚ ਜ਼ਿੰਦਾ ਚਿਣਵਾ ਦਿੱਤਾ ਗਿਆ ਤਾਂ ਪਿਤਾ ਦੇ ਮਨ 'ਚ ਕੋਈ ਭਾਵਨਾਵਾਂ ਨਾ ਹੋਣ ਅਜਿਹਾ ਨਹੀਂ ਹੋਵੇਗਾ ਪਰ ਉਨ੍ਹਾਂ ਆਪਣੀਆਂ ਇਨ੍ਹਾਂ ਭਾਵਨਾਵਾਂ ਨੂੰ ਕਦੇ ਸਾਹਮਣੇ ਨਹੀਂ ਆਉਣ ਦਿੱਤਾ। ਮਾਤਾ ਗੁਜਰੀ ਜੀ ਨੇ ਆਪਣੇ ਬੱਚਿਆਂ ਨੂੰ ਕਿਵੇਂ ਸਿਰ 'ਤੇ ਦਸਤਾਰਾਂ ਸਜ਼ਾ ਕੇ ਭੇਜਿਆ ਹੋਵੇਗਾ? ਉਸ ਮਾਂ ਦੇ ਦਿਲ 'ਤੇ ਕੀ ਬੀਤ ਰਹੀ ਹੋਵੇਗੀ, ਜਦੋਂ ਆਪਣੇ ਪੋਤਰਿਆਂ ਨੂੰ ਭੇਜਣ ਸਮੇਂ ਬਹਾਦਰੀ ਨਾਲ ਕਿਹਾ ਕਿ ਯਾਦ ਰੱਖਿਓ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ। ਝੁਕਣਾ ਨਹੀਂ, ਡਰਨਾ ਨਹੀਂ ਅਤੇ ਆਪਣੇ ਧਰਮ ਲਈ ਦ੍ਰਿੜ ਰਹਿਣਾ। ਅਜਿਹੇ ਸੰਸਕਾਰ ਬਹੁਤ ਘੱਟ ਲੋਕ ਆਪਣੇ ਬੱਚਿਆਂ ਨੂੰ ਦੇ ਪਾਉਂਦੇ ਹਨ।

 

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਨੇ ਅਸੂਲਾਂ ਦੀ ਰਾਖੀ ਲਈ ਦਿੱਤੀ ਮਹਾਨ ਕੁਰਬਾਨੀ ਅਗਲੀ ਖ਼ਬਰ ਇਤਿਹਾਸ ਦਾ ਲਾਸਾਨੀ ਪੰਨਾ : ਸਾਕਾ ਸਰਹਿੰਦ
Ad Position 24
No active advertisement