ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸਾਹਿਬਜ਼ਾਦਿਆਂ ਨੇ ਅਸੂਲਾਂ ਦੀ ਰਾਖੀ ਲਈ ਦਿੱਤੀ ਮਹਾਨ ਕੁਰਬਾਨੀ

Ad Position 21
No active advertisement
ਅਜੀਤ ਡੈਸਕ 27-12-2025

ਸਿੱਖ ਇਤਿਹਾਸ ਦਾ ਅਮਰ ਅਧਿਆਇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿਰਫ਼ ਬੀਤੇ ਸਮੇਂ ਦੀ ਯਾਦ ਨਹੀਂ, ਸਗੋਂ ਮਨੁੱਖੀ ਅੰਤਰ ਆਤਮਾ ਨੂੰ ਜਗਾਉਣ ਵਾਲਾ ਉਹ ਜਿਊਂਦਾ ਸੰਦੇਸ਼ ਹੈ, ਜੋ ਹਰ ਯੁੱਗ ਵਿਚ ਆਪਣੀ ਪ੍ਰਸੰਗਿਕਤਾ ਕਾਇਮ ਰੱਖਦਾ ਹੈ। ਇਹ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਸੱਚ, ਧਰਮ ਤੇ ਅਸੂਲਾਂ ਦੀ ਰੱਖਿਆ ਲਈ ਦਿੱਤੀ ਗਈ ਕੁਰਬਾਨੀ ਕਦੇ ਵਿਅਰਥ ਨਹੀਂ ਜਾਂਦੀ।
ਚਮਕੌਰ ਦੀ ਗੜ੍ਹੀ ਸਿੱਖ ਇਤਿਹਾਸ ਦੀ ਉਹ ਪਵਿੱਤਰ ਧਰਤੀ ਹੈ, ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਹਾਲਾਤ ਦੇ ਉਲਟ ਅਡੋਲ ਰਹਿ ਕੇ ਹੌਸਲੇ ਨਾਲ ਜੰਗ ਲੜੀ। ਉਮਰ ਵਿਚ ਨੌਜਵਾਨ ਹੋਣ ਦੇ ਬਾਵਜੂਦ ਉਨ੍ਹਾਂ ਦਾ ਜਜ਼ਬਾ ਪਹਾੜਾਂ ਵਰਗਾ ਅਟਲ ਸੀ। ਵਿਰੋਧੀ ਫ਼ੌਜਾਂ ਦੇ ਘੇਰੇ ਵਿਚ ਵੀ ਉਨ੍ਹਾਂ ਦੇ ਕਦਮ ਨਹੀਂ ਡਗਮਗਾਏ। ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਗੁਰੂ ਦੇ ਘਰ ਜਨਮੇ ਪੁੱਤਰਾਂ ਲਈ ਜੀਵਨ ਤੋਂ ਵੱਧ ਅਹਿਮੀਅਤ ਸੱਚ ਤੇ ਅਸੂਲਾਂ ਦੀ ਹੁੰਦੀ ਹੈ। ਉਨ੍ਹਾਂ ਦੀ ਉਮਰ ਬੇਸ਼ੱਕ ਨਿੱਕੀ ਸੀ ਪਰ ਉਨ੍ਹਾਂ ਦੇ ਹੌਸਲੇ ਸਦੀਆਂ ਤੋਂ ਵੀ ਵੱਡੇ ਸਨ।
ਸਰਹਿੰਦ ਵਿਚ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਨਾਲ ਹੋਇਆ ਅਣਮਨੁੱਖੀ ਵਤੀਰਾ ਮਨੁੱਖਤਾ ਦੇ ਇਤਿਹਾਸ 'ਤੇ ਇਕ ਕਾਲਾ ਧੱਬਾ ਹੈ। ਬਚਪਨ ਦੀ ਨਾਜ਼ਕ ਉਮਰ ਵਿਚ ਉਨ੍ਹਾਂ ਨੂੰ ਧਰਮ ਤੋਂ ਮੁਕਰਨ ਲਈ ਡਰਾਇਆ ਤੇ ਦਬਾਇਆ ਗਿਆ ਪਰ ਉਨ੍ਹਾਂ ਨੇ ਜ਼ੁਲਮ ਅੱਗੇ ਝੁਕਣ ਦੀ ਬਜਾਏ ਸ਼ਹਾਦਤ ਨੂੰ ਸਵੀਕਾਰ ਕੀਤਾ। ਨੀਹਾਂ ਵਿਚ ਚਿਣੇ ਜਾਣ ਦੇ ਬਾਵਜੂਦ ਉਨ੍ਹਾਂ ਦਾ ਵਿਸ਼ਵਾਸ ਅਟਲ ਰਿਹਾ। ਇਹ ਕੁਰਬਾਨੀ ਸਾਬਤ ਕਰਦੀ ਹੈ ਕਿ ਸੱਚ ਲਈ ਖੜ੍ਹਨ ਦੀ ਤਾਕਤ ਉਮਰ ਦੀ ਮੁਹਤਾਜ ਨਹੀਂ ਹੁੰਦੀ। ਪੋਹ ਦੀਆਂ ਕਾਲੀਆਂ ਤੇ ਠੰਢੀਆਂ ਰਾਤਾਂ ਵੀ ਸਾਹਿਬਜ਼ਾਦਿਆਂ ਦੇ ਹੌਸਲੇ ਨੂੰ ਠੰਢਾ ਨਾ ਕਰ ਸਕੀਆਂ। ਇਨ੍ਹਾਂ ਮਹਾਨ ਸ਼ਹਾਦਤਾਂ ਦੇ ਪਿੱਛੇ ਮਾਤਾ ਗੁਜਰੀ ਜੀ ਦਾ ਅਸਾਧਾਰਨ ਧੀਰਜ ਤੇ ਤਿਆਗ ਵੀ ਓਨਾ ਹੀ ਮਹਾਨ ਹੈ। ਇਕ ਮਾਂ ਤੇ ਦਾਦੀ ਵਜੋਂ ਆਪਣੇ ਪੁੱਤਰ ਤੇ ਪੋਤਿਆਂ ਦੀ ਸ਼ਹਾਦਤ ਸਹਿਣਾ ਅਕੱਥ ਪੀੜਾ ਸੀ ਪਰ ਮਾਤਾ ਜੀ ਨੇ ਇਸ ਦੁੱਖ ਨੂੰ ਵੀ ਧਰਮ, ਸਬਰ ਤੇ ਦ੍ਰਿੜ੍ਹਤਾ ਨਾਲ ਸਵੀਕਾਰ ਕੀਤਾ। ਉਨ੍ਹਾਂ ਦਾ ਸਬਰ ਤੇ ਹੌਸਲਾ ਸਿੱਖ ਇਤਿਹਾਸ ਵਿਚ ਮਾਂ ਦੇ ਰੂਪ 'ਚ ਇਕ ਅਦੁੱਤੀ ਮਿਸਾਲ ਹੈ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਪੁੱਤਰਾਂ ਦੀ ਕੁਰਬਾਨੀ ਦੇ ਕੇ ਮਨੁੱਖਤਾ ਨੂੰ ਇਹ ਅਮਰ ਸਿੱਖਿਆ ਦਿੱਤੀ ਕਿ ਕੌਮਾਂ ਦੀ ਜ਼ਿੰਦਗੀ ਵਿਅਕਤੀਆਂ ਨਾਲ ਨਹੀਂ, ਸਗੋਂ ਅਸੂਲਾਂ ਨਾਲ ਜੁੜੀ ਹੁੰਦੀ ਹੈ। ਗੁਰੂ ਜੀ ਦਾ ਇਹ ਕਹਿਣਾ 'ਚਾਰ ਮੂਏਂ ਤੋ ਕਿਆ ਹੁਆ, ਜੀਵਤ ਕਈ ਹਜ਼ਾਰ' ਸਿੱਖ ਕੌਮ ਲਈ ਸਦੀਵੀ ਪ੍ਰੇਰਨਾ ਦਾ ਸਰੋਤ ਹੈ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਅੱਜ ਦੇ ਸਮਾਜ ਲਈ ਵੀ ਇਕ ਜਿਊਂਦਾ ਸੰਦੇਸ਼ ਹੈ। ਮੌਜੂਦਾ ਦੌਰ 'ਚ ਜਦੋਂ ਸਵਾਰਥ, ਡਰ ਤੇ ਸਮਝੌਤੇ ਸੱਚ ਉੱਤੇ ਭਾਰੂ ਹੋਣ ਲੱਗਦੇ ਹਨ ਤਾਂ ਇਹ ਸ਼ਹਾਦਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਨਿਆਂ ਖ਼ਿਲਾਫ਼ ਖੜ੍ਹਨਾ ਹੀ ਅਸਲ ਧਰਮ ਹੈ। ਜ਼ੁਲਮ ਸਾਹਮਣੇ ਚੁੱਪ ਰਹਿਣਾ ਕਮਜ਼ੋਰੀ ਹੈ, ਜਦਕਿ ਸੱਚ ਲਈ ਡਟ ਜਾਣਾ ਮਨੁੱਖੀ ਮਰਿਆਦਾ ਦੀ ਅਸਲ ਪਹਿਚਾਣ ਹੈ।
ਅੱਜ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨਾ ਸਿਰਫ਼ ਇਕ ਰਸਮ ਨਹੀਂ ਹੋਣੀ ਚਾਹੀਦੀ, ਸਗੋਂ ਆਪਣੇ ਅੰਦਰਲੇ ਇਨਸਾਨ ਨੂੰ ਜਗਾਉਣ, ਸੱਚ ਪ੍ਰਤੀ ਵਫ਼ਾਦਾਰ ਰਹਿਣ ਅਤੇ ਅਨਿਆਂ ਦੇ ਵਿਰੁੱਧ ਆਵਾਜ਼ ਉਠਾਉਣ ਦਾ ਸੰਕਲਪ ਹੋਣਾ ਚਾਹੀਦਾ ਹੈ। ਜਦੋਂ ਤੱਕ ਇਹ ਚੇਤਨਾ ਜ਼ਿੰਦਾ ਰਹੇਗੀ, ਉਦੋਂ ਤੱਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਦੀਆਂ ਤੱਕ ਮਨੁੱਖਤਾ ਨੂੰ ਰਾਹ ਦਿਖਾਉਂਦੀ ਰਹੇਗੀ।

-ਸਪੀਕਰ, ਪੰਜਾਬ ਵਿਧਾਨ ਸਭਾ
ਮੋਬਾਈਲ : 9216400457

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਅਗਲੀ ਖ਼ਬਰ ਮਹਾਨ ਹੈ ਸਾਹਿਬਜ਼ਾਦਿਆਂ ਦੀ ਕੁਰਬਾਨੀ
Ad Position 24
No active advertisement