ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤਿ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਅਤੇ ਖ਼ਾਲਸਾ ਪੰਥ ਦੀ ਸਿਰਜਣਾ ਕਰਨ ਕਰਕੇ ਇਨ੍ਹਾਂ ਨੂੰ 'ਪਿਤਾ ਜੀ' ਦੇ ਰੂਪ ਵਿਚ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਜਾਂਦਾ ਹੈ। ਸਿੱਖ ਮੰਨਦੇ ਹਨ ਕਿ ਭਾਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1666 ਤੋਂ 1708 ਤੱਕ ਦੇਹ ਰੂਪ ਵਿਚ ਇਸ ਸੰਸਾਰ ਵਿਖੇ ਵਿਚਰਦੇ ਰਹੇ ਹਨ, ਪਰ ਜੋਤਿ ਰੂਪ ਰਾਹੀਂ ਉਹ ਸਦੀਵੀ ਰੂਪ ਵਿਚ ਇਸ ਸੰਸਾਰ ਵਿਖੇ ਮੌਜੂਦ ਹਨ। ਇਸ ਸੰਬੰਧ ਵਿਚ ਭਾਈ ਨੰਦ ਲਾਲ ਜੀ ਦੀ ਰਚਨਾ ਰਹਿਤਨਾਮਾ ਵਿਚੋਂ 'ਸ੍ਰੀ ਗੁਰ ਵਾਚ' ਦਾ ਪ੍ਰਸੰਗ ਪੇਸ਼ ਕੀਤਾ ਜਾਂਦਾ ਹੈ, ਜਿਸ ਵਿਚ ਗੁਰੂ ਜੀ ਤਿੰਨ ਰੂਪਾਂ ਵਿਚ ਆਪਣੇ ਆਪ ਨੂੰ ਪ੍ਰਗਟ ਕਰਦੇ ਹੋਏ ਕਹਿੰਦੇ ਹਨ :
ਤੀਨ ਰੂਪ ਹੈ ਮੋਹਿ ਕੇ ਸੁਣਹੁ ਨੰਦ ਚਿੱਤ ਲਾਇ
ਨਿਰਗੁਣ ਸਰਗੁਣ ਗੁਰਸ਼ਬਦ ਹੈਂ ਕਹੇ ਤੋਹਿ ਸਮਝਾਇ॥
ਨਿਰਗੁਣ ਸ਼ਬਦ ਦੀ ਵਿਆਖਿਆ ਮਾਇਆ ਤੋਂ ਅਤੀਤ ਰਹਿਣ ਵਾਲੀ ਹਸਤੀ ਦੇ ਰੂਪ ਵਿਚ ਕੀਤੀ ਜਾਂਦੀ ਹੈ, ਜਿਸ ਨੂੰ ਅਕਾਲ ਪੁਰਖ ਮੰਨਿਆ ਜਾਂਦਾ ਹੈ। ਸਰਗੁਣ ਸਰੂਪ ਸ਼ਬਦ ਰਾਹੀਂ ਬਿਆਨ ਕੀਤਾ ਗਿਆ ਹੈ ਜਿਹੜਾ ਕਿ ਸ਼ਬਦ ਦੇ ਗਿਆਨ ਅਤੇ ਵਿਚਾਰ ਰਾਹੀਂ ਸਾਹਮਣੇ ਆਉਂਦਾ ਹੈ :
ਜੋ ਮਮ ਸਾਥ ਚਾਹੇ ਕਰ ਬਾਤ
ਗ੍ਰੰਥ ਜੀ ਪੜ੍ਹੇ ਸੁਣੇ ਬਿਚਾਰੇ ਸਾਥ॥
ਜੋ ਮੁਝ ਬਚਨ ਸੁਣਨ ਕੀ ਚਾਇ
ਗ੍ਰੰਥ ਪੜ੍ਹੇ ਸੁਣੇ ਚਿਤ ਲਾਇ॥
ਗੁਰੂ ਸਾਹਿਬ ਨੇ ਆਪਣਾ ਤੀਜਾ ਰੂਪ ਖ਼ਾਲਸੇ ਦੇ ਰੂਪ ਵਿਚ ਪੇਸ਼ ਕੀਤਾ ਹੈ। ਜਿਹੜਾ ਸਿੱਖ ਨਿਤਨੇਮ ਅਨੁਸਾਰ ਬਾਣੀ ਪੜ੍ਹਦਾ ਹੈ, ਸੰਗਤ ਦੇ ਦਰਸ਼ਨ ਕਰਦਾ ਹੈ, ਪਰ-ਇਸਤਰੀ ਤੋਂ ਦੂਰ ਰਹਿੰਦਾ ਹੈ ਅਤੇ ਸੇਵਾ ਅਤੇ ਨਿਮਰਤਾ ਧਾਰਨ ਕਰਦਾ ਹੋਇਆ ਮਨ ਵਿਚੋਂ ਹੰਕਾਰ ਦੂਰ ਕਰ ਲੈਂਦਾ ਹੈ, ਉਹ ਖ਼ਾਲਸ ਰੂਪ ਹੈ :
ਗਿਆਨ ਸ਼ਬਦ ਗੁਰੂ ਸੁਣੇ ਸੁਣਾਇ
ਜਪੁ ਜੀ ਜਾਪੁ ਪੜ੍ਹੇ ਚਿਤ ਲਾਇ॥
ਗੁਰਦਵਾਰ ਕਾ ਦਰਸ਼ਨ ਕਰੈ
ਪਰ-ਦਾਰਾ ਕਾ ਤਿਆਗ ਜੋ ਕਰੈ॥
ਗੁਰ ਸਿਖ ਸੇਵਾ ਕਰੇ ਚਿਤ ਲਾਇ
ਆਪਾ ਮਨ ਕਾ ਸਗਲ ਮਿਟਾਇ॥
ਇਨ ਕਰਮਨ ਮੇਂ ਜੋ ਪਰਧਾਨ
ਸੋ ਸਿਖ ਰੂਪ ਮੇਰਾ ਪਹਿਚਾਨ॥
ਖ਼ਾਲਸੇ ਦੇ ਰੂਪ ਵਿਚ ਗੁਰੂ ਜੀ ਦੇ ਦਰਸ਼ਨ ਕਰਨ ਦਾ ਬ੍ਰਿਤਾਂਤ ਸਿਰਜਦੇ ਹੋਏ ਉਨ੍ਹਾਂ ਦਾ ਦਰਬਾਰੀ ਕਵੀ ਸੈਨਾਪਤਿ ਦੱਸਦਾ ਹੈ :
ਖਾਲਸਾ ਮੇਰੋ ਰੂਪ ਹੈ ਹੋਂ ਖਾਲਸ ਕੇ ਪਾਸਿ।
ਆਦਿ ਅੰਤ ਹੀ ਹੋਤ ਹੈ ਖਾਲਸ ਮੈ ਪ੍ਰਗਾਸ।
ਸਰਬਲੋਹ ਗ੍ਰੰਥ ਵਿਚ ਵੀ ਗੁਰੂ ਜੀ ਅਤੇ ਖ਼ਾਲਸਾ ਪੰਥ ਦੀ ਅਭੇਦਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ:
ਖਾਲਸਾ ਮੇਰੋ ਰੂਪ ਹੈ ਖਾਸ।
ਖਾਲਸੇ ਮਹਿ ਹਉਂ ਕਰੋਂ ਨਿਵਾਸ॥
ਉਕਤ ਰਚਨਾਵਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੈਵੀ ਅਤੇ ਦੁਨਿਆਵੀ ਰੂਪ ਪੇਸ਼ ਕੀਤਾ ਗਿਆ ਹੈ ਜਿਹੜਾ ਕਿ ਜੀਵਨ ਦੇ ਹਰ ਇਕ ਪੜਾਅ 'ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਅਭਿਆਸ ਰਾਹੀਂ, ਸੱਚਾਈ ਅਤੇ ਸਦਾਚਾਰ ਦੇ ਮਾਰਗ 'ਤੇ ਚੱਲਦੇ ਹੋਏ ਗੁਰੂ ਜੀ ਦੇ ਇਸ ਰੂਪ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਗੁਰੂ ਜੀ ਦੀਆਂ ਲਿਖਤਾਂ, ਤਵਾਰੀਖ਼ਾਂ ਅਤੇ ਤਸਵੀਰਾਂ ਰਾਹੀਂ ਵੀ ਉਨ੍ਹਾਂ ਦੇ ਦਰਸ਼ਨ ਕਰਨ ਦੀ ਰੁਚੀ ਸਿੱਖਾਂ ਵਿਚ ਦੇਖੀ ਜਾਂਦੀ ਹੈ।
ਲਿਖਤਾਂ ਰਾਹੀਂ : ਇਸ ਰੂਪ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਉਨ੍ਹਾਂ ਦੀਆਂ ਰਚਨਾਵਾਂ ਅਤੇ ਹੁਕਮਨਾਮਿਆਂ ਰਾਹੀਂ ਕੀਤੇ ਜਾ ਸਕਦੇ ਹਨ। ਦਸਮ ਗ੍ਰੰਥ ਨੂੰ ਗੁਰੂ ਜੀ ਦੀ ਰਚਨਾ ਮੰਨਿਆ ਜਾਂਦਾ ਹੈ, ਜਿਸ ਵਿਚ ਜਾਪੁ ਸਾਹਿਬ, ਅਕਾਲ ਉਸਤਤਿ, ਬਚਿਤ੍ਰ ਨਾਟਕ, ਚੰਡੀ ਚਰਿਤ੍ਰ ਉਕਤਿ ਬਿਲਾਸ, ਚੰਡੀ ਚਰਿਤ੍ਰ (ਦੂਜਾ), ਵਾਰ ਦੁਰਗਾ ਕੀ, ਚਉਬੀਸ ਅਵਤਾਰ, ਸ਼ਸਤ੍ਰ ਨਾਮ ਮਾਲਾ, ਗਿਆਨ ਪ੍ਰਬੋਧ, ਚਰਿਤ੍ਰੋ ਪਾਖਯਾਨ, ਜ਼ਫ਼ਰਨਾਮਾ ਆਦਿ ਰਚਨਾਵਾਂ ਸ਼ਾਮਿਲ ਹਨ। ਗੁਰਮੁਖੀ, ਅਰਬੀ, ਉਰਦੂ, ਫ਼ਾਰਸੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਸ਼ਬਦ ਇਸ ਗ੍ਰੰਥ ਵਿਚ ਸ਼ਾਮਿਲ ਹਨ, ਜਿਹੜੇ ਕਿ ਭਿੰਨ-ਭਿੰਨ ਭਾਸ਼ਾਵਾਂ ਦੀ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਇਸ ਦੇ ਕਰਤਾ ਦੀ ਭਾਸ਼ਾਵਾਂ ਪ੍ਰਤੀ ਸੁਹਿਰਦ ਅਤੇ ਗਿਆਨਮਈ ਪਹੁੰਚ ਦਾ ਪ੍ਰਗਟਾਵਾ ਕਰਦੇ ਹਨ। ਇਸ ਗ੍ਰੰਥ ਵਿਚੋਂ ਦੁਨਿਆਵੀ ਸਮੱਸਿਆਵਾਂ ਦੇ ਸਨਮੁਖ, ਪ੍ਰਗਟ ਹੋਣ ਵਾਲਾ 'ਮਾਨਸ ਕੀ ਜਾਤ' ਦਾ ਸੰਦੇਸ਼ ਕਰਤਾ ਦੀ ਮਨੁੱਖਤਾ ਨਾਲ ਸਾਂਝ ਪੈਦਾ ਕਰਨ ਵਾਲੀ ਵਿਚਾਰਧਾਰਾ ਨੂੰ ਉਜਾਗਰ ਕਰਦਾ ਹੈ।
ਜਾਪੁ ਸਾਹਿਬ ਦੇ ਰੂਪ ਵਿਚ ਦੈਵੀ ਗਿਆਨ ਪ੍ਰਦਾਨ ਕਰਨ ਵਾਲੀ ਬਾਣੀ ਸਿੱਖਾਂ ਦੇ ਨਿਤਨੇਮ ਅਤੇ ਅੰਮ੍ਰਿਤ ਛਕਾਉਣ ਵਾਲੀਆਂ ਬਾਣੀਆਂ ਵਿਚ ਸ਼ਾਮਿਲ ਹੈ। ਬਚਿਤ੍ਰ ਨਾਟਕ ਗੁਰੂ ਸਾਹਿਬ ਦੇ ਜੀਵਨ ਦੇ ਕੁਝ ਪ੍ਰਮੁੱਖ ਪਹਿਲੂਆਂ ਅਤੇ ਖ਼ਾਲਸਾ ਪੰਥ ਦੀ ਸਿਰਜਣਾ ਤੋਂ ਪਹਿਲਾਂ ਹੋਏ ਯੁੱਧਾਂ ਦਾ ਵਰਨਣ ਕਰਦਾ ਹੈ। ਜ਼ਫ਼ਰਨਾਮੇ ਦੇ ਰੂਪ ਵਿਚ ਮਨੁੱਖ ਨੂੰ ਅਤਿ ਸੰਕਟ ਦੇ ਸਮੇਂ ਵੀ ਅਕਾਲ ਪੁਰਖ ਨੂੰ ਯਾਦ ਰੱਖਣ ਅਤੇ ਸਵੈਮਾਣ ਵਾਲਾ ਜੀਵਨ ਬਸਰ ਕਰਦੇ ਹੋਏ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਗੁਰੂ ਸਾਹਿਬ ਦੀਆਂ ਉਕਤ ਰਚਨਾਵਾਂ ਮਨੁੱਖ ਨੂੰ ਅਜਿਹੀ ਦੈਵੀ ਸ਼ਖ਼ਸੀਅਤ ਦੇ ਦਰਸ਼ਨ ਕਰਾਉਂਦੀਆਂ ਹਨ ਜਿਹੜੀਆਂ ਕਿ ਗ੍ਰਹਿਸਤ ਵਿਚ ਉਦਾਸ ਰਹਿਣ, ਅਗਿਆਨਤਾ ਦੇ ਸਮੇਂ ਵਿਚ ਗਿਆਨ ਨਾਲ ਜੁੜਨ ਅਤੇ ਜ਼ੁਲਮ ਵਿਰੁੱਧ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦੀਆਂ ਹਨ।
ਗੁਰੂ ਸਾਹਿਬ ਦੇ ਹੁਕਮਨਾਮਿਆਂ ਰਾਹੀਂ ਉਨ੍ਹਾਂ ਵਲੋਂ ਸੰਗਤ ਨੂੰ ਪਰਮਾਤਮਾ ਨਾਲ ਜੁੜਨ, ਦੀਵਾਲੀ-ਵਿਸਾਖੀ ਗੁਰੂ ਘਰ ਆਉਣ, ਗੁਰੂ ਗੁਰੂ ਜਪਣ, ਸੰਗਤ ਦੀ ਬਹੁੜੀ ਕਰਨ, ਸੰਗਤ ਦਾ ਭਲਾ ਕਰਨ, ਰੁਜ਼ਗਾਰ ਵਿਚ ਬਰਕਤ ਪਾਉਣ, ਸ਼ਸਤਰ ਧਾਰਨ ਕਰਨ, ਦਸਵੰਧ ਕੱਢਣ, ਮਨਮਤਿ ਛੱਡਣ, ਮਨਮਤੀਆਂ-ਮਸੰਦਾਂ ਤੋਂ ਦੂਰ ਰਹਿਣ, ਸਿੱਖਾਂ ਨਾਲ ਮੇਲ-ਮਿਲਾਪ ਰੱਖਣ, ਜਨਮ ਸਵਾਰਨ, ਸੰਗਤ ਨੂੰ ਖ਼ਾਲਸਾ ਰੂਪ ਪ੍ਰਦਾਨ ਕਰਨ, ਪਾਹੁਲ ਲੈਣ ਆਦਿ ਦੀ ਪ੍ਰੇਰਨਾ ਕੀਤੀ ਗਈ ਹੈ। ਗੁਰੂ ਜੀ ਦੁਆਰਾ ਪੈਦਾ ਕੀਤੀ ਗਈ ਇਹ ਭਾਵਨਾ ਸਿੱਖਾਂ ਨੂੰ ਸੰਗਠਿਤ ਕਰਕੇ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਕਰਦੀ ਹੈ। ਗੁਰੂ ਜੀ ਵਲੋਂ ਸਿੱਖਾਂ ਨੂੰ ਲਿਖੇ ਗਏ ਪ੍ਰੇਮ ਅਤੇ ਅਪਣੱਤ ਵਾਲੇ ਸ਼ਬਦ ਉਨ੍ਹਾਂ ਦੀ ਅਜਿਹੀ ਸ਼ਖ਼ਸੀਅਤ ਦੇ ਦਰਸ਼ਨ ਕਰਾਉਂਦੇ ਹਨ, ਜਿਹੜੀ ਕਿ ਧਰਮ ਨਾਲ ਜੁੜਨ, ਸਦਾਚਾਰ ਦੀ ਭਾਵਨਾ ਪੈਦਾ ਕਰਨ ਅਤੇ ਜੀਵਨ ਉਦੇਸ਼ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣ ਦਾ ਮਾਰਗ ਪ੍ਰਦਾਨ ਕਰਦੀ ਹੈ। ਗੁਰੂ ਜੀ ਦੇ ਹੁਕਮਨਾਮੇ ਹਰ ਇਕ ਸਥਿਤੀ ਵਿਚ ਭਾਈਚਾਰਕ ਸਾਂਝ ਅਤੇ ਧਾਰਮਿਕ ਦ੍ਰਿੜ੍ਹਤਾ ਪੈਦਾ ਕਰਨ ਦੀ ਪ੍ਰੇਰਨਾ ਪੈਦਾ ਕਰਦੇ ਹਨ।
ਤਵਾਰੀਖ਼ਾਂ ਰਾਹੀਂ : ਤਵਾਰੀਖ਼ਾਂ ਰਾਹੀ ਗੁਰੂ ਜੀ ਦੇ ਜੀਵਨ ਦੇ ਉਨ੍ਹਾਂ ਪਹਿਲੂਆਂ ਦੇ ਦਰਸ਼ਨ ਹੁੰਦੇ ਹਨ, ਜਿਹੜੇ ਕਿ ਉਨ੍ਹਾਂ ਦੇ ਕਾਰਜਾਂ ਅਤੇ ਕੌਤਕਾਂ ਰਾਹੀਂ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੇ ਹਨ। ਗੁਰੂ ਜੀ ਦੇ ਜੀਵਨ ਦਾ ਜਿਹੜਾ ਅਮਲ ਤਵਾਰੀਖ਼ਾਂ ਰਾਹੀਂ ਸਾਹਮਣੇ ਆਉਂਦਾ ਹੈ ਉਹ ਉਸ ਸਮੇਂ ਦੇ ਬੇਈਮਾਨ ਹਾਕਮਾਂ ਦੀ ਗਵਾਹੀ ਭਰਦੀਆਂ ਹਨ, ਜਿਹੜੇ ਕਿ ਸਹੁੰਆਂ ਖਾ ਕੇ ਮੁੱਕਰ ਜਾਂਦੇ ਹਨ, ਪਿੱਠ ਪਿੱਛੇ ਵਾਰ ਕਰਦੇ ਹਨ, ਨਾਬਾਲਗ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੰਦੇ ਹਨ, ਆਦਿ। ਇਹ ਤਵਾਰੀਖ਼ਾਂ ਅਨੰਦਪੁਰ ਸਾਹਿਬ ਦੀਆਂ ਉਨ੍ਹਾਂ ਘਟਨਾਵਾਂ ਦਾ ਵਿਖਿਆਨ ਕਰਦੀਆਂ ਹਨ ਜਿਨ੍ਹਾਂ ਵਿਚ ਗੁਰੂ ਜੀ ਦਾ ਪਰਿਵਾਰ ਵਿਛੋੜਾ ਹੋਇਆ, ਗੁਰੂ ਮਹਿਲ ਭਾਈ ਮਨੀ ਸਿੰਘ ਨਾਲ ਦਿੱਲੀ ਵੱਲ ਚਲੇ ਗਏ ਅਤੇ ਚਮਕੌਰ ਦੀ ਗੜ੍ਹੀ ਵਿਚ ਚਾਲੀ ਸਿੰਘ ਲੱਖਾਂ ਦੀ ਫ਼ੌਜ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ। ਇਨ੍ਹਾਂ ਸਮੂਹ ਅਤਿ ਸੰਕਟਮਈ ਘਟਨਾਵਾਂ ਦੇ ਵਾਪਰਨ ਤੋਂ ਬਾਅਦ ਵੀ ਗੁਰੂ ਸਾਹਿਬ ਦੀ ਦੈਵੀ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ, ਜਿਹੜੀ ਕਿ ਅਜਿਹੀ ਸਥਿਤੀ ਵਿਚ ਵੀ ਪਰਮਾਤਮਾ ਨੂੰ ਦੋਸ਼ ਦੇਣ ਦੀ ਬਜਾਏ ਉਸ ਦੀ ਰਜ਼ਾ ਵਿਚ ਰਹਿਣ ਦਾ ਸੰਦੇਸ਼ ਦਿੰਦੇ ਹਨ। ਗੁਰੂ ਜੀ ਚੜ੍ਹਦੀ ਕਲਾ ਵਿਚ ਰਹਿ ਕੇ ਜ਼ੁਲਮ ਵਿਰੁੱਧ ਆਰੰਭ ਕੀਤੇ ਹੋਏ ਯੁੱਧ ਨੂੰ ਅੱਗੇ ਵਧਾਉਂਦੇ ਹੋਏ ਬਾਦਸ਼ਾਹ 'ਤੇ ਸ਼ਬਦੀ ਤੀਰ ਨਾਲ ਹਮਲਾ ਕਰਦੇ ਹਨ ਅਤੇ ਉਸ ਨੂੰ ਜ਼ਫ਼ਰਨਾਮਾ ਲਿਖ ਕੇ ਭੇਜਦੇ ਹਨ। ਦੁਨਿਆਵੀ ਘਟਨਾਵਾਂ ਤੋਂ ਨਿਰਲੇਪ ਰਹਿ ਕੇ ਭਵਿੱਖਮੁਖੀ ਕਾਰਜਾਂ ਅਤੇ ਚੁਣੌਤੀਆਂ ਵੱਲ ਇਕ-ਸੁਰ ਹੁੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਪ੍ਰਦਾਨ ਕਰਦੇ ਹਨ, ਖ਼ਾਲਸਾ ਪੰਥ ਦੀ ਸਦੀਵੀ ਅਗਵਾਈ ਲਈ ਸ੍ਰੀ ਗ੍ਰੰਥ ਸਾਹਿਬ ਅਤੇ ਖ਼ਾਲਸੇ ਨੂੰ 'ਗੁਰੂ ਗ੍ਰੰਥ' ਅਤੇ 'ਗੁਰੂ ਪੰਥ' ਦੇ ਰੂਪ ਵਿਚ ਗੁਰਿਆਈ ਪ੍ਰਦਾਨ ਕਰਦੇ ਹਨ, ਖ਼ਾਲਸੇ ਨੂੰ ਜ਼ੁਲਮ ਵਿਰੁੱਧ ਸੰਘਰਸ਼ ਕਰਨ ਲਈ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ ਅਤੇ ਇਸ ਕਾਰਜ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਦੇ ਹਨ। ਗੁਰੂ ਜੀ ਸੰਬੰਧੀ ਸਾਹਮਣੇ ਆਈਆਂ ਤਵਾਰੀਖ਼ਾਂ ਵਿਚੋਂ ਕੀਤੇ ਜਾਣ ਵਾਲੇ ਅਜਿਹੇ ਦਰਸ਼ਨ ਸਦੀਵੀ ਤੌਰ 'ਤੇ ਸਿੱਖ ਪੰਥ ਦਾ ਮਾਰਗ ਦਰਸ਼ਨ ਕਰਨ ਵਾਲੇ ਹਨ।
ਸ਼ਸਤਰਾਂ-ਬਸਤਰਾਂ ਰਾਹੀਂ : ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਹੋਈਆਂ ਹਨ, ਜਿਨ੍ਹਾਂ ਵਿਚ ਸ਼ਸਤਰਾਂ ਅਤੇ ਬਸਤਰਾਂ ਨੂੰ ਪ੍ਰਮੁੱਖਤਾ ਨਾਲ ਦੇਖਿਆ ਜਾਂਦਾ ਹੈ। ਸ਼ਸਤਰਾਂ ਰਾਹੀ ਗੁਰੂ ਜੀ ਦੇ ਦਰਸ਼ਨ ਕਰਨ ਦੀ ਪ੍ਰਸਿੱਧ ਮਿਸਾਲ ਮਾਤਾ ਸਾਹਿਬ ਕੌਰ ਜੀ ਰਾਹੀਂ ਦੇਖਣ ਨੂੰ ਮਿਲਦੀ ਹੈ। ਮਾਤਾ ਜੀ ਗੁਰੂ ਜੀ ਨਾਲ ਨਾਂਦੇੜ ਚਲੇ ਗਏ ਸਨ। ਆਪਣੇ ਪ੍ਰਲੋਕ ਗਮਨ ਤੋਂ ਪਹਿਲਾਂ ਗੁਰੂ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਕੋਲ ਚਲੇ ਜਾਣ ਲਈ ਕਿਹਾ। ਮਾਤਾ ਸਾਹਿਬ ਕੌਰ ਜੀ ਨੇ ਕਿਹਾ ਕਿ ਤੁਹਾਡੇ ਦਰਸ਼ਨ ਕੀਤੇ ਬਿਨਾਂ ਅਸੀਂ ਕਦੇ ਪ੍ਰਸ਼ਾਦਾ ਨਹੀਂ ਛਕਿਆ। ਗੁਰੂ ਜੀ ਨੇ ਉਨ੍ਹਾਂ ਨੂੰ ਪੰਜ ਸ਼ਸਤਰ ਬਖ਼ਸ਼ਿਸ਼ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਦੇਖ ਕੇ ਪ੍ਰਸ਼ਾਦਾ ਛਕ ਲੈਣਾ।
ਪਟਨਾ ਸਾਹਿਬ ਵਿਖੇ ਸਵੇਰ ਦੇ ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਜੀ ਦੇ ਬਾਲਪਨ ਦੀਆਂ ਨਿਸ਼ਾਨੀਆਂ ਦੇ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ ਜਿਨ੍ਹਾਂ ਵਿਚ ਸੈਫ਼, ਤੀਰ, ਗੁਲੇਲਾ, ਛੋਟੀ ਚੱਕਰੀ, ਖੰਡਾ, ਬਾਘਨਖ ਖੰਜਰ, ਕੰਘਾ, ਚੱਕਰ, ਖੜਾਵਾਂ, ਚੋਲਾ ਆਦਿ ਸ਼ਾਮਿਲ ਹਨ। ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰੂ ਜੀ ਦੇ ਸ਼ਸਤਰ ਅਤੇ ਹੋਰ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਹੋਈਆਂ ਹਨ, ਜਿਹੜੀਆਂ ਕਿ ਸ਼ਰਧਾਲੂ ਦੇ ਮਨ ਵਿਚ ਉਨ੍ਹਾਂ ਪ੍ਰਤੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਦੀਆਂ ਹਨ। ਇਨ੍ਹਾਂ ਨਿਸ਼ਾਨੀਆਂ ਦੇ ਦਰਸ਼ਨ ਕਰਨ ਸਮੇਂ ਵੱਡੀ ਗਿਣਤੀ ਵਿਚ ਸੰਗਤ ਇਕੱਤਰ ਹੁੰਦੀ ਹੈ। ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਕੁਝ ਮੁਖੀ ਸਿੱਖਾਂ ਦੇ ਘਰਾਂ ਵਿਚ ਵੀ ਗੁਰੂ ਸਾਹਿਬ ਦੇ ਸ਼ਸਤਰ ਦੇਖਣ ਨੂੰ ਮਿਲ ਜਾਂਦੇ ਹਨ, ਜਿਹੜੇ ਕਿ ਉਨ੍ਹਾਂ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਗੁਰੂ ਸਾਹਿਬ ਨੇ ਆਪ ਬਖ਼ਸ਼ਿਸ਼ ਕੀਤੇ ਸਨ। ਗੁਰੂ ਸਾਹਿਬ ਦੇ ਸ਼ਸਤਰਾਂ-ਬਸਤਰਾਂ ਦੇ ਦਰਸ਼ਨ ਸੰਗਤ ਨੂੰ ਗੁਰੂ ਸਾਹਿਬ ਨਾਲ ਜੋੜਨ ਦਾ ਕਾਰਜ ਕਰਦੇ ਹਨ।
ਚਰਨ ਛੋਹ ਅਸਥਾਨਾਂ ਰਾਹੀਂ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕੌਤਕਾਂ ਨਾਲ ਜੁੜੇ ਹੋਏ ਅਸਥਾਨ ਵੀ ਸੰਗਤ ਦੇ ਮਨ ਵਿਚ ਖਿੱਚ ਪੈਦਾ ਕਰਦੇ ਹਨ। ਗੁਰੂ ਜੀ ਦੇ ਜੀਵਨ ਕੌਤਕਾਂ ਨਾਲ ਸੰਬੰਧਿਤ ਚਾਰ ਪ੍ਰਮੁੱਖ ਗੁਰਧਾਮ ਤਖ਼ਤ ਸਾਹਿਬਾਨ ਦਾ ਰੂਪ ਧਾਰਨ ਕਰ ਚੁੱਕੇ ਹਨ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਗੁਰੂ ਜੀ ਦਾ ਪ੍ਰਕਾਸ਼ ਅਸਥਾਨ ਹੈ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰੂ ਜੀ ਨੂੰ ਗੁਰਿਆਈ ਪ੍ਰਾਪਤ ਹੋਈ ਸੀ ਅਤੇ ਇੱਥੇ ਹੀ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਪ੍ਰਦਾਨ ਕੀਤੀ ਸੀ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਉਹ ਪ੍ਰਲੋਕ ਗਮਨ ਕਰ ਗਏ ਸਨ। ਇਨ੍ਹਾਂ ਤੋਂ ਇਲਾਵਾ ਸੈਂਕੜੇ ਹੋਰ ਅਜਿਹੇ ਅਸਥਾਨ ਹਨ ਜਿਨ੍ਹਾਂ ਨੂੰ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਹੈ। ਸੰਗਤ ਇਨ੍ਹਾਂ ਅਸਥਾਨਾਂ ਦੀ ਯਾਤਰਾ ਕਰ ਕੇ ਜਿੱਥੇ ਗੁਰੂ ਜੀ ਨੂੰ ਯਾਦ ਕਰਦੀ ਹੈ, ਉੱਥੇ ਆਪਣਾ ਜੀਵਨ ਸਫ਼ਲ ਕਰਨਾ ਵੀ ਲੋਚਦੀ ਹੈ।
ਤਸਵੀਰਾਂ ਰਾਹੀਂ : ਤਸਵੀਰਾਂ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦੀ ਭਾਵਨਾ ਲੋਕਾਂ ਵਿਚ ਆਮ ਦੇਖੀ ਜਾਂਦੀ ਹੈ। ਭਾਵੇਂ ਕਿ ਗੁਰੂ ਜੀ ਦੀਆਂ ਤਸਵੀਰਾਂ ਨੂੰ ਕਾਲਪਨਿਕ ਮੰਨਿਆ ਜਾਂਦਾ ਹੈ ਅਤੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਇਹ ਤਸਵੀਰਾਂ ਮੂਰਤੀ ਪੂਜਾ ਦਾ ਹੀ ਦੂਜਾ ਰੂਪ ਹਨ, ਜਿਸ ਤੋਂ ਬਚਣਾ ਚਾਹੀਦਾ ਹੈ। ਗੁਰਬਾਣੀ ਵਿਚ 'ਗੁਰ ਸਬਦੁ' ਨੂੰ ਹੀ 'ਗੁਰ ਮੂਰਤਿ' ਮੰਨਦੇ ਹੋਏ 'ਸਾਧ ਸੰਗਤਿ' ਰਾਹੀਂ ਉਸ ਦੇ ਦਰਸ਼ਨ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ; ਪਰ ਫਿਰ ਵੀ ਗੁਰਧਾਮਾਂ, ਅਜਾਇਬ ਘਰਾਂ, ਦਫ਼ਤਰਾਂ, ਦੁਕਾਨਾਂ ਅਤੇ ਘਰਾਂ ਵਿਖੇ ਗੁਰੂ ਜੀ ਦੀਆਂ ਤਸਵੀਰਾਂ ਦੇ ਦਰਸ਼ਨ ਕਰਨ ਦਾ ਮੌਕਾ ਅਕਸਰ ਮਿਲ ਜਾਂਦਾ ਹੈ। ਗੁਰੂ ਜੀ ਦਾ ਜਿਹੜਾ ਰੂਪ ਵਿਦਵਾਨਾਂ, ਸੂਝਵਾਨਾਂ ਅਤੇ ਕਥਾਵਾਚਕਾਂ ਆਦਿ ਰਾਹੀਂ ਸਾਹਮਣੇ ਆਇਆ ਹੈ, ਉਸੇ ਨੂੰ ਚਿੱਤਰਕਾਰਾਂ ਅਤੇ ਮੁਸੱਵਰਾਂ ਨੇ ਰੂਪਮਾਨ ਕਰਨ ਦਾ ਕਾਰਜ ਕੀਤਾ ਹੈ। ਚਿੱਤਰਾਂ ਜਾਂ ਤਸਵੀਰਾਂ ਰਾਹੀਂ ਗੁਰੂ ਜੀ ਦੇ ਅਕਾਲੀ, ਜਲਾਲੀ, ਪਾਤਿਸ਼ਾਹ, ਫ਼ਕੀਰ, ਸੂਰਬੀਰ, ਸ਼ਸਤਰਧਾਰੀ, ਲਿਖਾਰੀ, ਸਵੈਮਾਨੀ, ਅੰਮ੍ਰਿਤ ਦੇ ਦਾਤੇ, ਧਰਮ ਰੱਖਿਅਕ, ਕਲਗੀਆਂ ਵਾਲੇ, ਬਾਜਾਂ ਵਾਲੇ, ਟੁੱਟੀ ਗੰਢਣ ਵਾਲੇ, ਖ਼ਾਲਸਾ ਪੰਥ ਦੇ ਸਿਰਜਣਹਾਰ, ਆਪੇ ਗੁਰ ਚੇਲਾ, ਬਖ਼ਸ਼ਿੰਦ, ਸਰਬੰਸਦਾਨੀ, ਪੰਥ ਦਾ ਵਾਲੀ, ਮੁਕਤੀ ਦਾਤਾ, ਚੜ੍ਹਦੀ ਕਲਾ ਦੇ ਪ੍ਰਤੀਕ ਆਦਿ ਰੂਪਾਂ ਦਾ ਵਰਨਣ ਦੇਖਣ ਨੂੰ ਮਿਲਦਾ ਹੈ।
ਗੁਰੂ ਜੀ ਨੂੰ ਉੱਚਾ ਅਤੇ ਸੁੱਚਾ ਮੰਨਦੇ ਹੋਏ ਅਜਿਹੀ ਸ਼ਖ਼ਸੀਅਤ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਜਿਹੜੀ ਕਿ ਸਮੂਹ ਦੁਨਿਆਵੀ ਜੀਵਾਂ ਤੋਂ ਸਰਬੋਤਮ ਅਤੇ ਸਮੂਹ ਕਾਰਜ ਸਵਾਰਨ ਵਾਲੀ ਹੈ। ਕੋਈ ਵੀ ਦੁਨਿਆਵੀ ਕਾਰਜ ਅਜਿਹਾ ਨਹੀਂ ਜਿਸ ਨੂੰ ਉਹ ਸਹਿਜੇ ਹੀ ਪੂਰਾ ਨਹੀਂ ਕਰ ਸਕਦੇ, ਪਰ ਫਿਰ ਵੀ ਉਹ ਆਮ ਮਨੁੱਖ ਨੂੰ ਸਮਝਾਉਣ ਲਈ ਸਮੂਹ ਦੁਨਿਆਵੀ ਸਮੱਸਿਆਵਾਂ ਦੇ ਸਨਮੁਖ ਪੇਸ਼ ਹੁੰਦੇ ਹਨ ਅਤੇ ਉਸ ਦੌਰਾਨ ਆਈਆਂ ਮੁਸ਼ਕਿਲਾਂ ਨੂੰ ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ ਪਾਰ ਲੰਘ ਜਾਣ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਵਿਚੋਂ ਜੁਝਾਰੂ ਭਾਵਨਾ ਦੇ ਨਾਲ-ਨਾਲ ਪਰਮਾਤਮਾ ਪ੍ਰਤੀ ਸਮਰਪਣ ਅਤੇ ਭੁੱਲੇ ਹੋਏ ਜੀਵਾਂ ਨੂੰ ਮੁਆਫ਼ ਕਰਨ ਦਾ ਗੁਣ ਸਾਹਮਣੇ ਆਉਂਦਾ ਹੈ ਜਿਹੜਾ ਕਿ ਮਨੁੱਖ ਦੇ ਮਨ ਵਿਚ ਸਹਿਜ, ਸਵੈਮਾਣ, ਦਇਆ ਅਤੇ ਨਿਮਰਤਾ ਦੀ ਭਾਵਨਾ ਨੂੰ ਉਜਾਗਰ ਕਰਦਾ ਹੈ। ਸਿੱਖ ਉਨ੍ਹਾਂ ਦੀਆਂ ਤਸਵੀਰਾਂ ਦੇ ਦਰਸ਼ਨ ਕਰ ਕੇ ਹੀ ਅਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਯਤਨਸ਼ੀਲ ਹੋ ਜਾਂਦਾ ਹੈ।
-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।