ਸਿੱਖ ਕੌਮ ਇਸ ਗੱਲੋਂ ਨਿਰਾਲੀ ਹੈ ਅਤੇ ਮਾਣ ਕਰਦੀ ਆਈ ਹੈ ਕਿ ਇਸ ਵਿਚ ਸ਼ਬਦ ਨੂੰ ਗੁਰੂ ਦੀ ਉਪਾਧੀ ਦਿੱਤੀ ਗਈ ਹੈ। ਇਸ ਦੇ ਸੰਸਥਾਪਕ ਗੁਰੂ ਨਾਨਕ ਜੀ ਤੋਂ ਜਦੋਂ ਸਿੱਧਾਂ ਨੇ ਪੁੱਛਿਆ ਸੀ ਕਿ ਤੇਰਾ ਗੁਰੂ ਕੌਣ ਹੈ, ਤਾਂ ਉਨ੍ਹਾਂ ਨੇ 'ਸ਼ਬਦ ਗੁਰੂ ਸੁਰਤਿ ਧੁਨਿ ਚੇਲਾ' ਆਖ ਕੇ ਇਕ ਤਰ੍ਹਾਂ ਨਾਲ ਸ਼ਬਦ-ਗੁਰੂ ਨੂੰ ਗੁਰਿਆਈ ਦੇ ਦਿੱਤੀ ਸੀ। ਇਸ ਵਿਚ ਕੋਈ ਦੋ ਰਾਵਾਂ ਨਹੀਂ, ਅੱਜ ਦੇ ਵਿਗਿਆਨ ਅਤੇ ਤਕਨਾਲੋਜੀ ਦੇ ਯੁੱਗ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਗਿਆਨ ਸਭ ਤੋਂ ਵੱਡੀ ਸ਼ਕਤੀ ਹੈ। ਗੁਰਬਾਣੀ ਦੇ ਹੋਰ ਹਵਾਲੇ ਅਤੇ ਬਾਕੀ ਗੁਰੂ ਸਾਹਿਬਾਨ ਦੇ ਜੀਵਨ ਅਤੇ ਬਚਨਾਂ ਵਿਚੋਂ ਬਾਣੀ-ਗੁਰੂ ਦੀਆਂ ਝਲਕਾਂ ਦੀ ਗੱਲ ਨਾ ਕਰਦੇ ਹੋਏ ਅੱਜ ਅਸੀਂ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ-ਸਤਿਕਾਰ 'ਤੇ ਕੇਂਦਰਿਤ ਹੋਵਾਂਗੇ। ਉਨ੍ਹਾਂ ਦੇ ਜੀਵਨ ਵਿਚੋਂ ਕੁਝ ਉਨ੍ਹਾਂ ਘਟਨਾਵਾਂ ਦਾ ਜ਼ਿਕਰ ਕਰਦੇ ਹਾਂ ਜਿਹੜੀਆਂ ਉਨ੍ਹਾਂ ਦੇ ਬਾਣੀ ਦੇ ਸਤਿਕਾਰ ਨੂੰ ਪ੍ਰਗਟਾਉਂਦੀਆਂ ਹਨ।
* ਦਸੰਬਰ 1704 ਈਸਵੀ ਵਿਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਦੁਸ਼ਮਣ ਵੱਲੋਂ ਆਪਣੇ ਆਪਣੇ ਇਸ਼ਟ ਦੀਆਂ ਖਾਧੀਆਂ ਕਸਮਾਂ 'ਤੇ ਇਤਬਾਰ ਕਰਕੇ ਛੱਡਿਆ, ਤਾਂ ਦੁਸ਼ਮਣ ਨੇ ਕਸਮਾਂ ਤੋੜ ਕੇ ਪਿੱਛੋਂ ਹਮਲਾ ਕਰ ਦਿੱਤਾ। ਲੜਦੇ ਲੜਦੇ ਸਰਸਾ ਨਦੀ ਦੇ ਕੰਢੇ ਪੁੱਜ ਗਏ। ਅੰਮ੍ਰਿਤ ਵੇਲਾ ਹੋਇਆ ਜਾਣ ਕੇ, ਕੁਝ ਸਿੱਖਾਂ ਦੀ ਪਹਿਰੇ 'ਤੇ ਡਿਊਟੀ ਲਗਾਈ ਅਤੇ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ। ਇਸ ਅਵਸਥਾ ਨੂੰ ਜਾਨਣਾ ਅਤੇ ਡੂੰਘਾਈ ਵਿਚ ਸਮਝਣਾ ਬਹੁਤ ਜ਼ਰੂਰੀ ਅਤੇ ਮਹੱਤਵਪੂਰਨ ਹੈ, ਗੁਰੂ ਸਾਹਿਬ ਇਸ ਸੰਕਟ ਦੇ ਸਮੇਂ ਵੀ ਆਪਣਾ ਨਿੱਤਨੇਮ ਛੱਡਣ ਲਈ ਤਿਆਰ ਨਹੀਂ ਸਨ, ਤੇ ਅਸੀਂ ਅੱਜ ਸਭ ਕੁਝ ਹੁੰਦੇ ਹੋਏ, ਸੁੱਖ ਸਹੂਲਤਾਂ ਮਾਣਦੇ ਹੋਏ ਵੀ ਨਿੱਤਨੇਮ ਨੂੰ ਵਿਸਾਰ ਬੈਠੇ ਹਾਂ।
* ਇਕ ਹੋਰ ਘਟਨਾ ਗੁਰੂ ਸਾਹਿਬ ਦੇ ਜੀਵਨ ਵਿਚ ਇੰਝ ਹੈ ਕਿ ਜਦੋਂ ਉਨ੍ਹਾਂ ਨੇ ਇਕ ਸਿੱਖ ਨੂੰ ਪਾਠ ਕਰਦੇ ਗ਼ਲਤ ਉਚਾਰਨ ਕਰਦੇ ਸੁਣਿਆ, ਤਾਂ ਉਨ੍ਹਾਂ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ। ਸਿੱਖ ਨੇ ਰਾਮਕਲੀ ਦੀ ਵਾਰ ਵਿਚਲੀ ਪੰਕਤੀ 'ਕਰਤੇ ਕੀ ਮਿਤਿ ਕਰਤਾ ਜਾਣੈ, ਕੈ ਜਾਣੈ ਗੁਰ ਸੂਰਾ' ਨੂੰ ਗ਼ਲਤ ਪੜ੍ਹਿਆ ਸੀ। ਉਸ ਨੇ 'ਕਰਤੇ ਕੀ ਮਿਤਿ ਕਰਤਾ ਜਾਣੈ ਕੇ ਜਾਣੇ ਗੁਰ ਸੂਰਾ ' ਪੜ੍ਹ ਦਿੱਤਾ ਸੀ। ਗੁਰੂ ਜੀ ਨੇ ਅਰਥ ਸਮਝਾਉਂਦੇ ਹੋਏ ਦੱਸਿਆ ਸੀ ਕਿ ਦੁਲਾਵਾਂ ਲਗਾ ਕੇ 'ਕੈ' ਉਚਾਰਨ ਕਰਨ ਨਾਲ ਇਸ ਦੇ ਅਰਥ ਹੋਣਗੇ, ਕਿ ਕਰਤੇ ਦੀ ਮਿਤਿ ਜਾਂ ਕਰਤਾ ਜਾਣਦਾ ਹੈ ਤੇ ਜਾਂ ਗੁਰੂ। ਜਦਕਿ ਜੇ ਲਾਵਾਂ ਲਗਾ ਕੇ 'ਕੇ' ਪੜ੍ਹਿਆ ਜਾਵੇ ਤਾਂ ਅਰਥ ਬਣਨਗੇ ਕਿ ਗੁਰੂ ਨੂੰ ਕਰਤੇ ਕੀ ਮਿਤਿ ਦਾ ਕੁਝ ਨਹੀਂ ਪਤਾ। ਇਸ ਲਈ ਗ਼ਲਤ ਉਚਾਰਨ ਕਰਨ ਨਾਲ ਅਰਥਾਂ ਦੇ ਅਨਰਥ ਹੋ ਰਹੇ ਹਨ। ਗੁਰੂ ਸਾਹਿਬ ਦੀ ਇੱਛਾ ਸੀ ਕਿ ਉਨ੍ਹਾਂ ਦੇ ਸਿੱਖ ਗੁਰਬਾਣੀ ਦੇ ਠੀਕ ਅਰਥ ਜਾਣਦੇ ਹੋਣ, ਅਤੇ ਸ਼ੁੱਧ ਉਚਾਰਨ ਕਰਨ ਤਦ ਹੀ ਉਹ ਗੁਰਬਾਣੀ ਅਨੁਸਾਰ ਜੀਵਨ ਜਿਊਂ ਸਕਦੇ ਹਨ।
* ਗੁਰੂ ਗੋਬਿੰਦ ਸਿੰਘ ਜੀ ਨੇ ਪਿਤਾ-ਗੁਰੂ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਆਦਿ ਗ੍ਰੰਥ ਵਿਚ ਉਸੇ ਤਰਤੀਬ ਵਿਚ ਚੜ੍ਹਾਇਆ ਜਿਸ ਤਰਤੀਬ ਵਿਚ ਗੁਰੂ ਅਰਜਨ ਦੇਵ ਜੀ ਨੇ ਸੰਪਾਦਿਤ ਕੀਤਾ ਸੀ।
* ਭਾਈ ਮਨੀ ਸਿੰਘ ਜੀ ਅਤੇ ਹੋਰ ਸਿੱਖਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰਵਾਉਣੇ ਉਨ੍ਹਾਂ ਦੇ ਸ਼ਬਦ ਬਾਣੀ ਪ੍ਰਤੀ ਸਤਿਕਾਰ ਨੂੰ ਹੀ ਪਰਗਟ ਕਰਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ: ਸਮੇਂ ਦੇ ਹਾਲਾਤ ਦੇਖ ਕੇ ਅਤੇ ਆਉਣ ਵਾਲੇ ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ, ਉਨ੍ਹਾਂ ਨੇ ਆਪਣੇ ਅੰਤਿਮ ਸਮੇਂ ਨੰਦੇੜ ਵਿਖੇ ਸਮੂਹ ਸੰਗਤ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਨਿਵਾਇਆ ਅਤੇ ਫੁਰਮਾਇਆ ਕਿ ਅੱਗੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹੋਣਗੇ। ਸਿੱਖਾਂ ਦੇ ਇਹ ਪੁੱਛਣ ਤੇ ਕਿ ਤੁਹਾਡੇ ਤੋਂ ਬਾਅਦ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ? ਤਾਂ ਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਜਿਸ ਨੇ ਮੇਰੇ ਨਾਲ ਗੱਲ ਕਰਨੀ ਹੋਵੇ, ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰੇਮ ਨਾਲ ਪਾਠ ਕਰੇ। ਗੁਰੂ ਜੀ ਨੇ ਆਖਿਆ ਸੀ ਕਿ ਮੇਰਾ ਸਰੀਰ ਪੰਥ ਵਿਚ, ਆਤਮਾ ਗ੍ਰੰਥ ਵਿਚ ਹੋਏਗੀ।
ਗੁਰੂ ਗ੍ਰੰਥ ਸਾਹਿਬ ਜੀ ਬਾਰੇ ਦੋ ਭੁਲੇਖੇ : ਗੁਰੂ ਗੋਬਿੰਦ ਸਿੰਘ ਜੀ ਬਾਰੇ ਦੋ ਭੁਲੇਖੇ ਸੰਗਤ ਵਿਚ ਬਣੇ ਹੋਏ ਹਨ ਜਿਨ੍ਹਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ॥
ਪਹਿਲਾ ਭੁਲੇਖਾ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਜੀ ਤੋਂ ਇਕ ਪ੍ਰਸ਼ਨ ਪੁੱਛਿਆ ਜਿਹੜਾ ਸਲੋਕ ਮਹਲਾ 9 ਵਿਚ ਦਰਜ ਹੈ-
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥
ਕਹੁ ਨਾਨਕ ਅਬ ਓਟਿ ਹਰਿ ਗਜ ਜਿਉ ਹੋਹੁ ਸਹਾਇ॥
(ਅੰਗ :1429)
ਕਿਹਾ ਜਾਂਦਾ ਏ ਕਿ ਇਸ ਤੋਂ ਅਗਲਾ ਸਲੋਕ, ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤਾ ਗਿਆ ਜਵਾਬ ਹੈ। ਕੁਝ ਵਿਦਵਾਨ ਤਾਂ ਇਸ ਜਵਾਬ ਨੂੰ ਗੁਰਗੱਦੀ ਦੇਣ ਦਾ ਮਾਪਦੰਡ ਤੱਕ ਕਹਿਣ ਤੋਂ ਸੰਕੋਚ ਨਹੀਂ ਕਰਦੇ।
ਦੂਸਰਾ ਸਲੋਕ ਇੰਝ ਹੈ -
ਬਲੁ ਹੋਆ ਬੰਧਨ ਛੁਟੇ ਸਭੁ
ਕਿਛੁ ਹੋਤ ਉਪਾਇ॥
ਨਾਨਕ ਸਭੁ ਕਿਛੁ ਤੁਮਰੈ
ਹਾਥ ਮੈ ਤੁਮ ਹੀ ਹੋਤ ਸਹਾਇ॥
(ਅੰਗ : 1429)
ਸਚਾਈ ਇਹ ਹੈ ਕਿ ਇਹ ਦੋਵੇਂ ਸਲੋਕ ਗੁਰੂ ਤੇਗ ਬਹਾਦਰ ਜੀ ਦੇ ਆਪਣੇ ਹੀ ਲਿਖੇ ਹੋਏ ਹਨ। ਆਪ ਹੀ ਸਵਾਲ ਕਰਕੇ ਉਸਦਾ ਜਵਾਬ ਲਿਖਣ ਦਾ ਤਰੀਕਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੋਰ ਵੀ ਬਹੁਤ ਥਾਵਾਂ 'ਤੇ ਹੋਰ ਗੁਰੂ ਸਾਹਿਬਾਨ ਅਤੇ ਹੋਰ ਬਾਣੀਕਾਰਾਂ ਵਲੋਂ ਵੀ ਵਰਤਿਆ ਗਿਆ ਹੈ।
ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਾ ਹੋਣ ਦੇ ਦੋ ਹੋਰ ਵੱਡੇ ਕਾਰਨ ਹਨ।
ਪਹਿਲਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ (ਜੇ ਉਹ ਸੱਚਮੁੱਚ ਹੀ ਉਨ੍ਹਾਂ ਦੀ ਹੈ) ਦਾ ਅੰਦਾਜ਼ ਅਤੇ ਸ਼ੈਲੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਖਰੀ ਹੈ।
ਦੂਸਰਾ ਹੋਰ ਵੀ ਮਹੱਤਵਪੂਰਨ ਪੱਖ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੀ ਹੀ ਲਿਖਤ ਨੂੰ ਗੁਰੂ ਆਖ ਕੇ ਸੀਸ ਨਹੀਂ ਸੀ ਨਿਵਾ ਸਕਦੇ।
ਸੋ, ਇਹ ਸਪਸ਼ਟ ਹੈ ਕਿ ਇਹ ਦੋਵੇਂ ਸਲੋਕ ਗੁਰੂ ਤੇਗ ਬਹਾਦਰ ਜੀ ਦੇ ਆਪਣੇ ਹੀ ਲਿਖੇ ਹੋਏ ਹਨ, ਨਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ।
ਇਹ ਵੀ ਗੱਲ ਹੈ ਕਿ ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬ ਜਾਂ ਭਗਤਾਂ ਦੀ ਬਾਣੀ ਦਾ ਇਕ ਵੀ ਸ਼ਬਦ ਨਹੀਂ ਬਦਲਿਆ। ਹੋਰ ਤਾਂ ਹੋਰ, ਸੰਪਾਦਕੀ ਹੱਕ ਰੱਖਣ ਵਾਲੇ ਗੁਰੂ ਅਰਜਨ ਦੇਵ ਜੀ ਨੇ ਵੀ ਜਿੱਥੇ ਕਿਤੇ ਲੋੜ ਪਈ ਹੈ, ਵੱਖਰਾ ਸ਼ਬਦ ਜਾਂ ਸਲੋਕ ਤਾਂ ਲਿਖ ਦਿੱਤਾ ਹੈ, ਪਰ ਮੂਲ ਸ਼ਬਦ ਨੂੰ ਨਹੀਂ ਬਦਲਿਆ। ਇਤਿਹਾਸ ਗਵਾਹ ਹੈ ਕਿ ਗੁਰੂ ਹਰਿ ਰਾਇ ਜੀ ਨੇ ਰਾਮ ਰਾਇ ਜੀ ਵਲੋਂ ਗੁਰਬਾਣੀ ਦਾ ਇਕ ਸ਼ਬਦ ਵੀ ਬਦਲਿਆ ਜਾਣਾ ਪ੍ਰਵਾਨ ਨਹੀਂ ਸੀ ਕੀਤਾ। ਗੁਰੂ ਅਰਜਨ ਸਾਹਿਬ ਜੀ ਤੋਂ ਸੰਪਾਦਕੀ ਸਿੱਖਣੀ ਚਾਹੀਦੀ ਹੈ ਜਿਨ੍ਹਾਂ ਨੇ, ਨਾ ਕੇਵਲ ਹਰ ਲੇਖਕ ਦੀ ਰਚਨਾ ਦੀ ਜ਼ਿੰਮੇਵਾਰੀ ਹੀ ਲਈ ਹੈ, ਸਗੋਂ ਮੂਲ ਰਚਨਾ ਹੂਬਹੂ ਉਸੇ ਤਰ੍ਹਾਂ ਛਾਪੀ ਗਈ ਹੈ। ਜੇ ਕਿਤੇ ਕੋਈ ਗੱਲ ਸਪੱਸ਼ਟ ਕਰਨ ਵਾਲੀ ਲੱਗੀ ਹੈ, ਨਾਲ ਆਪਣਾ ਸਲੋਕ ਉਚਾਰਿਆ ਹੈ, ਪਰ ਮੂਲ ਲਿਖਤ ਨੂੰ ਉਸੇ ਤਰਾਂ ਲਿਖਿਆ ਗਿਆ ਹੈ।)
ਦੂਸਰੀ ਗੱਲ ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿਚ ਉਚੇਚਾ ਫੁੱਟਨੋਟ ਦੇ ਕੇ ਸਪੱਸ਼ਟ ਕੀਤਾ ਹੈ। ਭਾਈ ਸਾਹਿਬ ਜੀ ਦੇ ਸ਼ਬਦ ਇਸ ਤਰਾਂ ਹਨ-
'ਕਈ ਅਙਾਣ ਲੇਖਕਾਂ ਨੇ ਲਿਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ 'ਖਲਾਸੇ' ਦੀ ਥਾਂ 'ਖਾਲਸੇ' ਸ਼ਬਦ ਵਰਤਿਆ ਹੈ, ਪਰ ਇਹ ਉਨ੍ਹਾਂ ਦੀ ਭੁੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਕਰਤਾਰਪੁਰ ਵਾਲੀ ਬੀੜ ਵਿਚ ਪੁਰਾਣੀ ਕਲਮ ਦਾ ਲਿਖਿਆ ਪਾਠ ਖਾਲਸੇ ਹੈ।
ਸੋ, ਇਹ ਭੁਲੇਖੇ ਮਨ ਵਿਚੋਂ ਕੱਢ ਦੇਣੇ ਚਾਹੀਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਮੂਲ ਰੂਪ ਨੂੰ ਹੀ ਗੁਰੂ ਆਖਿਆ ਹੈ। ਉਨ੍ਹਾਂ ਨੇ ਤਾਂ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਆਦਿ ਗ੍ਰੰਥ ਵਿਚ ਸ਼ਾਮਿਲ ਕੀਤਾ ਹੈ ਅਤੇ ਉਹ ਵੀ ਪਹਿਲਾਂ ਹੀ ਚਲਦੀ ਤਰਤੀਬ ਅਨੁਸਾਰ ਹੀ।
* ਭਾਵੇਂ ਇਸ ਮੱਤ ਤੇ ਸਿੱਖ ਕੌਮ ਵਿਚ ਵਿਵਾਦ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਾਣੀ ਰਚੀ ਕਿ ਨਹੀਂ? ਦਸਮ ਗ੍ਰੰਥ ਵਿਚ ਉਨ੍ਹਾਂ ਦੀ ਬਾਣੀ ਕਿੰਨੀ ਕੁ ਹੈ, ਵਿਦਵਾਨਾਂ ਅੰਦਰ ਇਸ ਬਾਰੇ ਵੱਖ ਵੱਖ ਵਿਚਾਰ ਹਨ। ਅਸੀਂ ਉਸ ਸਾਰੇ ਵਿਵਾਦ ਨੂੰ ਪਰੇ ਰੱਖਦੇ ਹੋਏ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਵੀ ਸ਼ਬਦ ਨਹੀਂ। ਸ਼ਾਇਦ ਇਕ ਵੱਡਾ ਕਾਰਨ ਇਹੋ ਹੋਵੇ, ਕਿ ਉਹ ਆਪਣੀ ਲਿਖਤ ਨੂੰ ਹੀ ਗੁਰੂ ਆਖ ਕੇ ਮੱਥਾ ਨਹੀਂ ਸੀ ਟੇਕ ਸਕਦੇ।
ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਨਾਮੇ : ਗੁਰੂ ਗੋਬਿੰਦ ਸਿੰਘ ਜੀ ਦੇ ਨੰਦੇੜ ਤੋਂ ਕੀਤੇ ਗਏ 52 ਹੁਕਮਨਾਮੇ ਸਿੱਖ ਪੰਥ ਵਿਚ ਬਹੁਤ ਸਤਿਕਾਰ ਦਾ ਸਥਾਨ ਰੱਖਦੇ ਹਨ। ਭਾਵੇਂ ਇਨ੍ਹਾਂ ਦਾ ਕੋਈ ਇਤਿਹਾਸਕ ਸਰੋਤ ਤਾਂ ਨਹੀਂ ਮਿਲਦਾ, ਪਰ ਫੇਰ ਵੀ ਸਾਰਾ ਪੰਥ ਇਨ੍ਹਾਂ ਹੁਕਮਨਾਮਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਹੁਕਮ ਹੀ ਮੰਨਦਾ ਹੈ। ਇਨ੍ਹਾਂ ਵਿਚੋਂ ਕੁਝ ਹੁਕਮਨਾਮੇ ਅਜਿਹੇ ਹਨ, ਜਿਹੜੇ ਗੁਰਬਾਣੀ ਦੇ ਸਤਿਕਾਰ ਨੂੰ ਦ੍ਰਿੜ ਕਰਵਾਉਂਦੇ ਹਨ। ਦੇਖੋ ਜ਼ਰਾ...
* ਤੀਸਰਾ ਹੁਕਮਨਾਮਾ-ਗੁਰਬਾਣੀ ਕੰਠ ਕਰਨੀ।
* ਛੇਵਾਂ ਹੁਕਮਨਾਮਾ -ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਸਮਝਣੇ।
*ਅੱਠਵਾਂ ਹੁਕਮਨਾਮਾ -ਸ਼ਬਦ ਦਾ ਅਭਿਆਸ ਕਰਨਾ।
* ਨੌਵਾਂ ਹੁਕਮਨਾਮਾ-ਧਿਆਨ ਸਤਿ ਸਰੂਪ ਸਤਿਗੁਰੂ ਜੀ ਦਾ ਧਰਨਾ।
* ਦਸਵਾਂ ਹੁਕਮਨਾਮਾ-ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ।
*ਵੀਹਵਾਂ ਹੁਕਮਨਾਮਾ-ਗੁਰਬਾਣੀ ਦੀ ਕਥਾ ਅਤੇ ਕੀਰਤਨ ਰੋਜ਼ ਸੁਣਨਾ ਅਤੇ ਕਰਨਾ। *ਤੇਤੀਵਾਂ ਹੁਕਮਨਾਮਾ-ਰਹਿਰਾਸ ਦਾ ਪਾਠ ਕਰਕੇ ਖੜ੍ਹੇ ਹੋ ਕੇ ਅਰਦਾਸ ਕਰਨੀ।
* ਚੌਤੀਵਾਂ ਹੁਕਮਨਾਮਾ-ਸੌਣ ਸਮੇਂ ਸੋਹਿਲੇ ਦਾ ਪਾਠ ਕਰਨਾ।
* ਉਨਤਾਲੀਵਾਂ ਹੁਕਮਨਾਮਾ-ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਅਤੇ ਗੁਰਬਾਣੀ ਅਨੁਸਾਰ ਕਰਨੇ।
ਅੰਤਿਕਾ: ਉਪਰੋਕਤ ਵਿਚਾਰ ਚਰਚਾ ਤੋਂ ਅਸੀਂ ਦੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿਚ ਸ਼ਬਦ-ਬਾਣੀ ਨੂੰ ਸਦਾ ਸਤਿਕਾਰ ਦਿੱਤਾ। ਸੱਚੇ ਪਤਿਸ਼ਾਹ ਬਖਸ਼ਿਸ਼ ਕਰਨ, ਸਾਨੂੰ ਗੁਰੂ ਸਾਹਿਬਾਨ ਨੇ ਜਿਸ ਸ਼ਬਦ ਦੇ ਲੜ ਲਾਇਆ ਹੈ, ਉਸ ਦਾ ਸਤਿਕਾਰ ਕਰਨਾ ਆ ਜਾਵੇ। ਸ਼ਬਦ ਦੀ ਸਮਝ ਆ ਸਕੇ, ਸਬਦ ਨੂੰ ਕਮਾਉਣਾ ਸਿੱਖ ਸਕੀਏ। ਸ਼ਬਦ ਅਨੁਸਾਰ ਆਪਣਾ ਜੀਵਨ ਢਾਲ ਸਕੀਏ।
-ਮੋਬਾਈਲ : 9814715796