ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2025

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ <br/>

Ad Position 21
No active advertisement
ਅਜੀਤ ਡੈਸਕ 06-01-2025

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਦਾ ਪੁੱਤਰ, ਸ਼ਹੀਦਾਂ ਦਾ ਪਿਤਾ, ਖੰਡੇ ਦੀ ਪਾਹੁਲ ਦਾ ਦਾਤਾ, ਕਲਗ਼ੀਆਂ ਵਾਲਾ, ਬਾਜਾਂ ਵਾਲਾ, ਨੀਲੇ ਘੋੜੇ ਦਾ ਸ਼ਾਹ ਅਸਵਾਰ, ਅੰਮਿ੍ਤ ਦਾ ਦਾਤਾ, ਮਾਂ ਗੁਜਰੀ ਦਾ ਪਿਆਰਾ, ਪਟਨੇ ਦਾ ਚੰਨ, ਆਪੇ ਗੁਰ ਚੇਲਾ ਆਦਿ ਹੋਰ ਅਨੇਕਾਂ ਤਖੱਲਸਾਂ ਨਾਲ ਯਾਦ ਕੀਤਾ ਜਾਂਦਾ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੀ ਦੇ ਗ੍ਰਹਿ ਵਿਖੇ ਪੋਹ ਸੁਦੀ 7 ਸੰਮਤ 1723 (1666 ਈ.) ਨੂੰ ਪਟਨੇ ਸ਼ਹਿਰ 'ਚ ਹੋਇਆ | ਉਸ ਸਮੇਂ ਆਪ ਦੇ ਗੁਰੂ ਪਿਤਾ ਤੇਗ ਬਹਾਦਰ ਜੀ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬੰਗਾਲ ਅਤੇ ਆਸਾਮ ਵੱਲ ਗਏ ਹੋਏ ਸਨ | ਆਪ ਜੀ ਦਾ ਨਾਂਅ 'ਗੋਬਿੰਦ ਰਾਇ' ਰੱਖਿਆ ਗਿਆ | ਆਪ ਦੇ ਦੀਦਾਰ ਕਰਨ ਲਈ ਇਕ ਪਹੁੰਚੇ ਹੋਏ ਸੂਫ਼ੀ ਫ਼ਕੀਰ ਭੀਖਣ ਸ਼ਾਹ ਜੀ ਬਹੁਤ ਦੂਰੋਂ ਚੱਲ ਕੇ ਪਹੁੰਚੇ | ਦਰਸ਼ਨ ਕਰਨ ਉਪਰੰਤ ਉਨ੍ਹਾਂ ਨੇ ਆਖਿਆ, 'ਇਹ ਬਾਲਕ ਹਿੰਦੂ, ਸਿੱਖ, ਮੁਸਲਮਾਨਾਂ ਦਾ ਸਾਂਝਾ ਅਲਾਹੀ ਨੂਰ ਅਤੇ ਪੀਰ ਹੋਵੇਗਾ |'
ਪੰਜ ਸਾਲ ਦੀ ਉਮਰ ਤੋਂ ਹੀ ਬਾਲ ਗੋਬਿੰਦ ਰਾਇ ਆਪਣੇ ਸਾਥੀ ਬਾਲਾਂ ਸੰਗ ਤੀਰ ਕਮਾਨ, ਨੇਜਾਬਾਜ਼ੀ, ਤਲਵਾਰਬਾਜ਼ੀ ਆਦਿ ਦਾ ਅਭਿਆਸ ਕਰਨ ਲੱਗ ਪਏ ਸਨ | ਤੀਰ ਕਮਾਨ ਅਤੇ ਗੁਲੇਲ ਨਾਲ ਨਿਸ਼ਾਨੇ ਲਾਉਣੇ, ਗੰਗਾ 'ਚ ਕਿਸ਼ਤੀ ਚਲਾਉਣਾ, ਜੰਗੀ ਮਸ਼ਕਾਂ ਕਰਨੀਆਂ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੇ ਸ਼ੁਗਲ ਸਨ | ਪੰਡਿਤ ਸ਼ਿਵ ਦਾਸ, ਨਵਾਬ ਕਰੀਮ, ਨਵਾਬ ਰਹੀਮ ਜਿਹੀਆਂ ਪ੍ਰਭੂ ਪ੍ਰੇਮ 'ਚ ਰੰਗੀਆਂ ਸੁਹਿਰਦ ਹਸਤੀਆਂ ਨੂੰ ਮੁੱਢ ਤੋਂ ਹੀ ਉਨ੍ਹਾਂ ਦੇ ਚਿਹਰੇ 'ਚੋਂ ਰੂਹਾਨੀ ਨੂਰ ਝਲਕਦਾ ਵਿਖਾਈ ਦਿੰਦਾ ਸੀ |
ਪਟਨੇ ਰਹਿੰਦਿਆਂ ਹੀ ਗੋਬਿੰਦ ਰਾਇ ਦੇ ਮਾਮਾ ਕਿ੍ਪਾਲ ਚੰਦ ਨੇ ਉਨ੍ਹਾਂ ਲਈ ਬਿ੍ਜ, ਗੁਰਮੁਖੀ, ਹਿੰਦੀ, ਫ਼ਾਰਸੀ ਭਾਸ਼ਾ ਦੀ ਪੜ੍ਹਾਈ ਦਾ ਪ੍ਰਬੰਧ ਪੰਡਿਤ ਮੁਨਸ਼ੀ ਰਾਮ, ਮੌਲਵੀ ਪੀਰ ਮੁਹੰਮਦ ਅਤੇ ਗੁਰੂਘਰ ਦੇ ਭਾਈ ਜੀ ਕੋਲ ਕੀਤਾ ਗਿਆ | ਬੇਸ਼ੱਕ ਤੀਰ ਅੰਦਾਜ਼ੀ ਉਨ੍ਹਾਂ ਪਟਨਾ ਰਹਿੰਦਿਆਂ ਹੀ ਸਿੱਖ ਲਈ ਸੀ ਪਰੰਤੂ ਅਨੰਦਪੁਰ ਸਾਹਿਬ ਆ ਕੇ ਉਨ੍ਹਾਂ ਸ਼ਸਤਰ ਵਿੱਦਿਆ, ਤੀਰ ਅੰਦਾਜ਼ੀ, ਤਲਵਾਰਬਾਜ਼ੀ, ਨੇਜ਼ਾ ਚਲਾਉਣਾ, ਬੰਦੂਕ ਚਲਾਉਣਾ, ਘੋੜ ਸਵਾਰੀ ਦੀ ਸਿਖ਼ਲਾਈ 'ਚ ਹੋਰ ਵੀ ਜ਼ਿਆਦਾ ਨਿਪੁੰਨਤਾ ਹਾਸਲ ਕੀਤੀ |
ਉਹ ਆਪਣੇ ਸਮੇਂ ਦੇ ਮਹਾਨ ਕਵੀ ਅਤੇ ਯੁੱਗ ਪੁਰਸ਼ ਹੋਏ ਹਨ | ਆਪ ਸਿੱਖ ਧਰਮ ਦੇ ਦਸਵੇਂ ਗੁਰੂ ਸਨ | ਆਪ ਬੜੇ ਦੂਰ-ਦਿ੍ਸ਼ਟੀ ਰੱਖਣ ਵਾਲੇ ਅਤੇ ਤੀਖਣ ਬੁੱਧੀ ਦੇ ਮਾਲਕ ਸਨ | ਉਹ ਇਕ ਬਹਾਦਰ ਯੋਧੇ, ਮਹਾਨ ਤਪੱਸਵੀ, ਅਦੁੱਤੀ ਤਿਆਗੀ ਅਤੇ ਉੱਚ ਕੋਟੀ ਦੇ ਵਿਦਵਾਨ ਸਨ | ਗੁਰੂ ਜੀ ਦਾ ਸਮੁੱਚਾ ਜੀਵਨ ਕਰਮ, ਧਰਮ, ਨਿਡਰਤਾ, ਪਰਉਪਕਾਰ ਦੇ ਪੱਖ ਤੋਂ ਬੇਮਿਸਾਲ ਸੀ | ਆਪ ਕੁਰਬਾਨੀ ਦੇ ਮਹਾਨ ਪੁੰਜ ਸਨ | ਗੁਰੂ ਜੀ ਨੇ ਆਪਣੇ ਨਿੱਜੀ ਹਿੱਤਾਂ ਦਾ ਹਮੇਸ਼ਾ ਤਿਆਗ ਕਰਕੇ ਦੇਸ਼, ਕੌਮ, ਧਰਮ, ਸਮਾਜ, ਮਨੁੱਖਤਾ ਲਈ ਕੇਵਲ ਆਪਣਾ ਆਪਾ ਹੀ ਨਹੀਂ, ਸਗੋਂ ਸਮੁੱਚਾ ਸਰਬੰਸ ਹੀ ਵਾਰ ਦਿੱਤਾ |
ਗੁਰੂ ਗੋਬਿੰਦ ਸਿੰਘ ਜੀ ਇਨਕਲਾਬੀ, ਰੂਹਾਨੀ ਰਹਿਬਰ, ਸੂਰਬੀਰ ਯੋਧੇ ਅਤੇ ਸੰਤ ਸਿਪਾਹੀ ਸਨ | ਉਨ੍ਹਾਂ ਭਗਤੀ ਅਤੇ ਸ਼ਕਤੀ ਨੂੰ ਇਕੱਠੇ ਰੱਖਦੇ ਹੋਏ ਮਨੁੱਖਾਂ ਨੂੰ ਸੁਚੱਜਾ ਜੀਵਨ ਜਿਊਣ ਦਾ ਰਾਹ ਦਿਖਾਇਆ | ਸਦੀਆਂ ਤੋਂ ਚਲੀ ਆ ਰਹੀ ਗ਼ੁਲਾਮੀ ਅਤੇ ਜ਼ੁਲਮ ਦੀ ਸਲਤਨਤ ਨੂੰ ਠੱਲ੍ਹ ਪਾਈ | ਆਪ ਨੇ ਗ਼ੁਲਾਮੀ ਦੇ ਜੂਲੇ ਨੂੰ ਗਲੋਂ ਲਾਹ ਸੁੱਟਣ ਲਈ ਚਿੜੀਆਂ ਤੋਂ ਡਰ ਜਾਣ ਵਾਲਿਆਂ, ਗ਼ਰੀਬ ਕਿਰਤੀਆਂ, ਕਿਸਾਨਾਂ, ਮਜ਼ਦੂਰਾਂ ਦੇ ਹੱਥਾਂ 'ਚ ਸ਼ਸਤਰ ਅਤੇ ਹਿਰਦਿਆਂ 'ਚ ਨਿਰਭੈਤਾ ਅਤੇ ਦਲੇਰੀ ਭਰ ਦਿੱਤੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਰਸ਼ਕ ਸਮਾਜ ਦੀ ਸਿਰਜਣਾ ਦੇ ਰਾਹ ਵਿਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਜਾਤ-ਪਾਤ, ਵਰਣ-ਵੰਡ, ਪਾਖੰਡਾਂ, ਮਜ਼੍ਹਬਾਂ ਦੀਆਂ ਵੰਡੀਆਂ ਨੂੰ ਜੜ੍ਹੋਂ ਪੁੱਟ ਸੁੱਟਿਆ | ਉਨ੍ਹਾਂ 'ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ' ਦਾ ਅਲੌਕਿਕ ਸੰਦੇਸ਼ ਸਮਾਜ ਨੂੰ ਦਿੱਤਾ | ਉਨ੍ਹਾਂ ਸਿੱਖਾਂ ਨੂੰ ਮੜ੍ਹੀਆਂ, ਮਸਾਣਾਂ, ਗੋਰਾਂ, ਮੱਟਾਂ, ਜੰਡਾਂ, ਅੱਗ, ਪਾਣੀ ਦੀ ਥਾਂ ਸਿ੍ਸ਼ਟੀ ਦੇ ਰਚਨਹਾਰ ਦੀ ਉਸਤਤਿ ਕਰਨ ਦਾ ਸੁਨੇਹਾ ਦਿੱਤਾ | ਉਨ੍ਹਾਂ ਝੂਠੇ ਅਡੰਬਰਾਂ ਅਤੇ ਦਿਖਾਵੇ ਦੇ ਕਰਮ ਕਾਂਡਾਂ ਦਾ ਤਿਆਗ ਕਰਕੇ ਨਾਮ ਜਪਣ, ਚੰਗਿਆਈ, ਮਿਹਨਤ ਕਰਕੇ ਪ੍ਰਭੂ ਪ੍ਰੇਮ ਨਾਲ ਮਨੁੱਖਾ ਜੀਵਨ ਬਤੀਤ ਕਰਨ ਦਾ ਇਕ ਰੂਹਾਨੀ ਰਾਹ ਬਣਾ ਦਿੱਤਾ |
ਸਦੀਆਂ ਤੋਂ ਲਿਤਾੜੀ, ਸਾਹ-ਸੱਤਹੀਣ ਹੋ ਚੁੱਕੀ ਲੋਕਾਈ, ਹਾਸ਼ੀਏ 'ਤੇ ਧੱਕੇ ਜਾ ਚੁੱਕੇ ਲੋਕਾਂ ਅਤੇ ਮੁਰਦਾ ਹੋ ਚੁੱਕੀ ਕੌਮ ਨੂੰ ਮੁੜ ਪੈਰਾਂ ਸਿਰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਵਿਸਾਖ ਸੰਮਤ 1756 (30 ਮਾਰਚ 1699 ਈ.) ਨੂੰ ਵਿਸਾਖੀ ਵਾਲੇ ਦਿਨ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇਕ-ਇਕ ਕਰਕੇ ਪੰਜ ਸੀਸ ਦੀ ਮੰਗ ਕੀਤੀ ਤਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਨੇ ਆਪਣਾ ਆਪਾ ਗੁਰੂ ਜੀ ਲਈ ਅਰਪਣ ਕਰ ਦਿੱਤਾ |
ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਮੁਰਦਿਆਂ ਨੂੰ ਫਿਰ ਜਿਊਾਦਿਆਂ 'ਚ ਕਰ ਦਿੱਤਾ | ਉਨ੍ਹਾਂ ਨੂੰ ਖੰਡੇ-ਬਾਟੇ ਦਾ ਅੰਮਿ੍ਤ ਛਕਾ ਕੇ ਸਿੰਘ ਸਜਾਇਆ | ਫਿਰ ਉਹੀ ਸਿੰਘ ਬੇਸਹਾਰਾ ਲੋਕਾਂ ਲਈ ਜ਼ੁਲਮ ਦੇ ਖਿਲਾਫ਼ ਲੜੇ | ਉਨ੍ਹਾਂ ਪੰਜ ਪਿਆਰਿਆਂ ਕੋਲੋਂ ਅੰਮਿ੍ਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਚੇਲੇ ਦੇ ਭੇਦ ਨੂੰ ਵੀ ਖ਼ਤਮ ਕਰ ਦਿੱਤਾ | ਇਸ ਤੋਂ ਪਹਿਲਾਂ ਦੁਨੀਆ ਦੇ ਇਤਿਹਾਸ 'ਚ ਜੇਕਰ ਕੋਈ ਗੁਰੂ ਬਣਿਆ ਤਾਂ ਉਹ ਸਦਾ ਗੁਰੂ ਹੀ ਬਣਿਆ ਰਿਹਾ | ਜੇਕਰ ਕੋਈ ਮੁਰੀਦ ਬਣਿਆ ਤਾਂ ਉਹ ਮੁਰੀਦ ਹੀ ਬਣਿਆ ਰਿਹਾ | ਸ਼ਾਗਿਰਦ ਨੂੰ ਕਦੇ ਇਹ ਮਾਣ ਹਾਸਿਲ ਨਾ ਹੋਇਆ ਕਿ ਉਹ ਗੁਰੂ ਬਣ ਸਕੇ, ਪਰੰਤੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਇਹ ਮਾਣ ਬਖ਼ਸ਼ਿਆ |
ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਖ਼ਾਲਸੇ ਦੀ ਸਿਰਜਣਾ ਕੀਤੀ, ਫਿਰ ਖ਼ਾਲਸੇ ਨੂੰ ਆਪਣਾ ਰੂਪ ਆਖਿਆ, 'ਖ਼ਾਲਸਾ ਮੇਰੋ ਰੂਪ ਹੈ ਖ਼ਾਸ¨ ਖ਼ਾਲਸੇ ਮਹਿ ਹੌਂ ਕਰੌ ਨਿਵਾਸ¨'
ਦੁਨੀਆ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਕਿ ਖ਼ਾਲਸਾ ਪੰਥ ਦੀ ਸਾਜਨਾ ਸਮੇਂ ਕੁਝ ਪਲਾਂ 'ਚ ਹੀ ਸਾਰੀ ਦੀ ਸਾਰੀ ਕੌਮ ਦਾ ਜੁਝਾਰੂ ਰੂਪ 'ਚ ਸਹਿਜ ਭਾਵ ਨਾਲ ਰੁਪਾਂਤਰਨ ਕਰ ਦਿੱਤਾ ਗਿਆ ਹੋਵੇ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਨ ਸਾਧਾਰਨ ਉੱਤੇ ਜ਼ੁਲਮ ਅਤੇ ਸਿਤਮ ਢਾਹੁਣ ਵਾਲੇ ਹਿੰਦੂ ਪਹਾੜੀ ਰਾਜਿਆਂ ਅਤੇ ਦਿੱਲੀ ਦੇ ਜਾਬਰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲਲਕਾਰਿਆ | ਉਨ੍ਹਾਂ ਨਾਲ ਹਥਿਆਰਬੰਦ ਟੱਕਰ ਲਈ | ਉਨ੍ਹਾਂ ਨੇ ਯੁੱਧਾਂ 'ਚ ਖ਼ੁਦ ਬੀਰਤਾ ਦੇ ਜੌਹਰ ਦਿਖਾਏ |
ਗੁਰੂ ਗੋਬਿੰਦ ਸਿੰਘ ਜੀ ਅਜਿਹੇ ਅਦੁੱਤੀ ਜਰਨੈਲ ਸਨ, ਜਿਨ੍ਹਾਂ ਨੇ ਕੇਵਲ ਮੁੱਠੀ ਭਰ ਸਿੰਘਾਂ ਨਾਲ 10 ਲੱਖ ਲਸ਼ਕਰ ਦਾ ਬੜੀ ਬੀਰਤਾ, ਬਹਾਦਰੀ ਅਤੇ ਸੂਝਬੂਝ ਨਾਲ ਟਾਕਰਾ ਕੀਤਾ | ਹਿੰਦੂ ਧਰਮ ਦੀ ਰਾਖੀ ਲਈ ਆਪਣੇ ਪਿਤਾ ਨੂੰ ਸ਼ਹੀਦ ਹੋਣ ਲਈ ਦਿੱਲੀ ਤੋਰਿਆ | ਆਪਣੇ ਵੱਡੇ ਪੁੱਤਰਾਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਮੈਦਾਨ-ਏ-ਜੰਗ 'ਚ ਲਾੜੀ ਮੌਤ ਨੂੰ ਵਰਣ ਲਈ ਸ਼ਿੰਗਾਰਿਆ | ਦੁਨੀਆ ਦੇ ਇਤਿਹਾਸ 'ਚ ਬਿਦਰ, ਕੌਟਿੱਲਿਆ, ਪਾਣਿਨੀ ਆਦਿ ਰਾਜਨੀਤੀਵਾਨ ਹੋਏ ਹਨ, ਜਿਨ੍ਹਾਂ ਨੇ ਨੀਤੀ ਗ੍ਰੰਥ ਰਚੇ ਹਨ | ਇਨ੍ਹਾਂ ਵਿਦਵਾਨਾਂ ਨੇ ਲੋਕਾਈ ਨੂੰ ਦੱਸਿਆ ਕਿ ਦੁਨੀਆ 'ਚ ਜਦੋਂ ਵੀ ਕਿਧਰੇ ਲੜਾਈ ਹੋਈ ਹੈ ਤਾਂ ਉਸ ਦੇ ਕਾਰਨ ਜ਼ਰ, ਜ਼ੋਰੂ ਜਾਂ ਜ਼ਮੀਨ ਸਨ, ਪਰੰਤੂ ਚਮਕੌਰ ਦੀ ਜੰਗ ਦਾ ਕਾਰਨ ਨਾ ਤਾਂ ਜ਼ਰ ਸੀ, ਨਾ ਜ਼ੋਰੂ ਸੀ, ਨਾ ਹੀ ਜ਼ਮੀਨ ਸੀ | ਸਗੋਂ ਦੁਨੀਆ ਦੇ ਇਤਿਹਾਸ 'ਚ ਇਹ ਇਕੋ-ਇਕ ਅਸਾਵੀਂ ਜੰਗ ਸੀ, ਜਿਸ 'ਚ ਇਕ ਪਾਸੇ ਪੂਰੇ ਦੇਸ਼ ਦੀ ਫ਼ੌਜੀ ਤਾਕਤ ਡਟੀ ਹੋਈ ਸੀ | ਇਤਿਹਾਸਕਾਰਾਂ ਨੇ ਜਿਸ ਦੀ ਗਿਣਤੀ 10 ਲੱਖ ਤੋਂ ਵੀ ਵੱਧ ਦਰਜ ਕੀਤੀ ਹੈ | ਦੂਜੇ ਪਾਸੇ ਮੁੱਠੀ ਭਰ ਖ਼ਾਲਸਾ ਫ਼ੌਜ | ਗੁਰੂ ਗੋਬਿੰਦ ਸਿੰਘ ਜੀ ਨੇ ਇਹ ਯੁੱਧ ਧਰਮ ਅਤੇ ਕੌਮ ਦੀ ਰੱਖਿਆ ਲਈ ਲੜਿਆ ਸੀ | ਸਮਾਜ ਨੂੰ ਇਹ ਦੱਸਣ ਲਈ ਲੜਿਆ ਸੀ ਕਿ ਆਪਣੇ ਪੁੱਤਰਾਂ ਨੂੰ ਦੇਸ਼, ਕੌਮ, ਧਰਮ, ਸਮਾਜ ਅਤੇ ਮਨੁੱਖਤਾ ਉੱਪਰੋਂ ਕਿਵੇਂ ਕੁਰਬਾਨ ਕੀਤਾ ਜਾਂਦਾ ਹੈ |
ਗੁਰੂ ਗੋਬਿੰਦ ਸਿੰਘ ਜੀ ਵਲੋਂ ਮੁਗ਼ਲ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਲਿਖੇ ਇਤਿਹਾਸਕ ਖ਼ਤ ਜ਼ਫ਼ਰਨਾਮਾ 'ਚ ਉਹ ਚਮਕੌਰ ਦੀ ਜੰਗ ਦਾ ਵਾਰ-ਵਾਰ ਜ਼ਿਕਰ ਕਰਦੇ ਹਨ:-
ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ¨
ਕਿ ਦਹ ਲਖ ਬਰਆਯਦ ਬਰੋ ਬੇਖ਼ਬਰ |
ਅਰਥਾਤ ਭੁੱਖਣ ਭਾਣੇ 40 ਆਦਮੀ ਕੀ ਕਰ ਸਕਦੇ ਹਨ, ਜੇਕਰ ਉਨ੍ਹਾਂ ਉੱਤੇ ਅਚਨਚੇਤ 10 ਲੱਖ ਫ਼ੌਜ ਟੁੱਟ ਪਵੇ | ਜਦੋਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੰਗ ਦੇ ਮੈਦਾਨ 'ਚ ਸ਼ਹੀਦ ਹੋ ਜਾਂਦੇ ਹਨ, ਤਦ ਉਹ ਛੋਟੇ ਸਾਹਿਬਜ਼ਾਦੇ ਨੂੰ ਆਪਣੇ ਹੱਥੀਂ ਜੰਗ 'ਚ ਜਾਣ ਲਈ ਤਿਆਰ ਕਰਦੇ ਹਨ | ਉਸ ਸਮੇਂ ਦੇ ਦਿ੍ਸ਼ ਨੂੰ ਅੱਲ੍ਹਾ ਯਾਰ ਖਾਂ ਜੋਗੀ ਇਉਂ ਕਲਮਬੰਦ ਕਰਦੇ ਹਨ:-
ਖ਼ਵਾਹਿਸ਼ ਹੈ ਤੁਮ੍ਹੇਂ ਤੇਗ ਚਲਾਤੇ ਹੂਏ ਦੇਖੇਂ |
ਹਮ ਆਂਖ ਸੇ ਬਰਛੀ ਤੁਮ੍ਹੇਂ ਖਾਤੇ ਹੂਏ ਦੇਖੇਂ |
ਗੁਰੂ ਗੋਬਿੰਦ ਸਿੰਘ ਜੀ ਨੇ ਇਕੋ ਸਮੇਂ ਸ਼ਾਸਤਰ ਅਤੇ ਸ਼ਸਤਰ ਨੂੰ ਉੱਚ ਸਥਾਨ ਪ੍ਰਦਾਨ ਕੀਤਾ | ਉਨ੍ਹਾਂ ਨੇ 'ਸ੍ਰੀ ਗੁਰੂ ਗ੍ਰੰਥ ਸਾਹਿਬ' ਨੂੰ ਗੁਰੂ ਦਾ ਦਰਜਾ ਦਿੱਤਾ |
ਸੰਸਕਿ੍ਤ ਭਾਸ਼ਾ ਦੇ ਆਚਾਰੀਆ ਪੰਡਿਤ ਵਿਸ਼ਵਾਨਾਥ ਨੇ ਬੀਰ ਨਾਇਕ ਦੇ ਚਾਰ ਭੇਦ ਦੱਸੇ ਹਨ:-ਯੁੱਧ ਬੀਰ, ਧਰਮ ਬੀਰ, ਦਯਾ ਬੀਰ, ਦਾਨ ਬੀਰ | ਗੁਰੂ ਗੋਬਿੰਦ ਸਿੰਘ ਜੀ ਦੇ ਆਦਰਸ਼ਕ ਬੀਰ ਨਾਇਕ ਹੋਣ ਦਾ ਇਕ ਪ੍ਰਮਾਣ ਉਨ੍ਹਾਂ ਦੇ ਯੁੱਧ ਬੀਰ ਹੋਣ ਦੇ ਨਾਲ-ਨਾਲ ਧਰਮ ਬੀਰ, ਦਯਾ ਬੀਰ, ਦਾਨ ਬੀਰ 'ਚ ਪ੍ਰਵੀਨ ਹੋਣਾ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਦੀਆਂ ਸਭ ਤੋਂ ਔਖੀਆਂ ਅਤੇ ਸੰਕਟਮਈ ਪ੍ਰਸਥਿਤੀਆਂ 'ਚ ਵੀ ਧਰਮ ਦਾ ਸਾਥ ਨਹੀਂ ਛੱਡਿਆ | ਉਹ ਤਾਂ ਦਇਆ ਦੇ ਸਾਗਰ ਸਨ | ਉਨ੍ਹਾਂ ਦੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਸੀ, ਸਗੋਂ ਉਹ ਤਾਂ ਆਪਣੇ ਵਿਰੋਧੀਆਂ ਉੱਤੇ ਵੀ ਦਇਆ ਕਰਦੇ ਸਨ | ਇਹ ਵੀ ਇਕ ਤੱਥ ਹੈ ਕਿ ਗੁਰੂ ਜੀ ਦੇ ਤੀਰ 'ਚ ਸੋਨੇ ਦੀ ਮੋਹਰ ਲੱਗੀ ਹੁੰਦੀ ਸੀ ਤਾਂ ਜੋ ਸ਼ਹੀਦ ਹੋਣ ਵਾਲੇ ਵਿਅਕਤੀ ਦੇ ਕੱਫ਼ਣ ਦਾ ਪ੍ਰਬੰਧ ਹੋ ਸਕੇ | ਗੁਰੂ ਜੀ ਵੱਡੇ ਦਾਨੀ ਵੀ ਸਨ | ਉਨ੍ਹਾਂ ਨੇ ਆਪਣੇ ਦਰਬਾਰ ਦੇ ਬਵੰਜਾ ਕਵੀਆਂ ਨੂੰ ਬਹੁਤ ਮੁੱਲਵਾਨ ਵਸਤੂਆਂ ਦਾਨ ਕੀਤੀਆਂ | ਉਨ੍ਹਾਂ ਨੇ ਗ਼ਰੀਬ ਦੇ ਮੁੱਖ ਨੂੰ 'ਗੁਰੂ ਕੀ ਗੋਲਕ' ਕਿਹਾ |
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਸਾਰੇ ਸੰਸਾਰ 'ਚ ਮਾਨਵਤਾ ਦੇ ਧਰਮ ਦਾ ਪ੍ਰਚਾਰ ਕਰਨਾ ਸੀ | ਇਸ ਸੰਬੰਧੀ ਉਨ੍ਹਾਂ 'ਬਚਿੱਤ੍ਰ ਨਾਟਕ' 'ਚ ਲਿਖਿਆ ਹੈ:-
ਹਮ ਇਹ ਕਾਜ ਜਗਤ ਮੋ ਆਏ |
ਧਰਮ ਹੇਤ ਗੁਰਦੇਵ ਪਠਾਏ |
ਜਹਾਂ ਤਹਾਂ ਤੁਮ ਧਰਮ ਬਿਥਾਰੋ |
ਦੁਸਟ ਦੋਖੀਅਨਿ ਪਕਰਿ ਪਛਾਰੋ |
ਗੁਰੂ ਸਾਹਿਬ ਨੇ ਦੱਸਿਆ ਹੈ ਕਿ ਉਚੇਰਾ ਅਧਿਆਤਮਕ ਜੀਵਨ ਜਿਊਣ ਲਈ ਚੰਗੇ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 42 ਸਾਲ ਦੇ ਜੀਵਨ ਕਾਲ 'ਚ ਉਹ ਅਦੁੱਤੀ, ਅਦਭੁੱਤ, ਅਸਾਧਾਰਨ, ਅਲੋਕਾਰ ਕਾਰਜ ਕਰ ਦਿੱਤੇ ਕਿ ਉਨ੍ਹਾਂ ਦੇ ਕੀਤੇ ਕਾਰਨਾਮਿਆਂ ਨੂੰ ਜਾਣ ਕੇ ਮਨੁੱਖਤਾ ਦੰਗ ਰਹਿ ਜਾਂਦੀ ਹੈ | ਉਨ੍ਹਾਂ ਨੇ ਦਮਦਮਾ ਸਾਹਿਬ ਦੇ ਸਥਾਨ 'ਤੇ ਭਾਈ ਮਨੀ ਸਿੰਘ ਨੂੰ ਲਿਖਾਈ ਦੀ ਸੇਵਾ ਸੌਂਪ ਕੇ ਆਦਿ-ਗ੍ਰੰਥ 'ਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਦਰਜ ਕੀਤਾ | ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਿੱਖਾਂ ਦੇ ਗੁਰੂ ਰੂਪ 'ਚ ਸਥਾਪਤ ਕਰਕੇ ਕੇਵਲ ਸਿੱਖਾਂ ਲਈ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਭਲੇ ਹਿੱਤ ਰਾਹ-ਦਸੇਰਾ ਅਤੇ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ |
ਅੱਜ ਦਸਮੇਸ਼ ਪਿਤਾ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸ਼ੁਭ ਦਿਹਾੜੇ 'ਤੇ ਲੋੜ ਇਸ ਗੱਲ ਦੀ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਿੱਤੇ ਸਿਧਾਂਤਾਂ ਉੱਤੇ ਪਹਿਰਾ ਦਿੰਦੇ ਸਮਾਜ 'ਚ ਵਿਚਰਦੇ ਹੋਏ ਆਪਸੀ ਪਿਆਰ, ਸਦਭਾਵਨਾ, ਭਾਈਚਾਰਕ ਸਾਂਝ, ਏਕਤਾ ਨੂੰ ਦਿ੍ੜ੍ਹ ਕਰੀਏ | ਜਾਤ ਪਾਤ, ਮਜ਼੍ਹਬ, ਧਰਮ, ਭਾਸ਼ਾ, ਖੇਤਰ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਉਸ ਪ੍ਰਭੂ ਦੀ ਸਿਰਜਣਾ ਮੰਨ ਕੇ ਇਕ-ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੀਏ ਤਾਂ ਜੋ ਸਰਬੱਤ ਦੇ ਭਲੇ ਵਾਲ਼ੇ ਸਮਾਜ ਦੀ ਸਿਰਜਣਾ ਹੋ ਸਕੇ |

-06, ਥਲੇਸ ਬਾਗ਼ ਕਲੋਨੀ, ਸੰਗਰੂਰ |
ਮੋਬਾਈਲ: 084276-85020

Ad Position 22
No active advertisement
ਪਿਛਲੀ ਖ਼ਬਰ ਦਸਮ ਪਾਤਿਸ਼ਾਹ ਦੇ ਆਗਮਨ ਦਾ ਤੱਤ-ਉਦੇਸ਼: ਹੱਕ-ਪ੍ਰਸਤ ਤੇ ਹੱਕ ਮੁਤਲਾਸ਼ੀਆਂ ਦੇ ਵਿਸ਼ਵ ਰਹਿਬਰ <br/> ਅਗਲੀ ਖ਼ਬਰ 10 ਜਨਵਰੀ ਨੂੰ ਸ਼ੰਭੂ ਬਾਰਡਰ 'ਤੇ ਫੂਕੇ ਜਾਣਗੇ ਪੁਤਲੇ - ਸਰਵਣ ਸਿੰਘ ਪੰਧੇਰ
Ad Position 24
No active advertisement