ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਇਨਕਲਾਬੀ ਯੋਧੇ ਹੋਏ ਹਨ, ਜਿਨ੍ਹਾਂ ਨੇ ਸਦੀਆਂ ਤੋਂ ਜਬਰ-ਜ਼ੁਲਮ ਦੀਆਂ ਸੱਟਾਂ ਨਾਲ ਮਿੱਧੇ-ਮਧੋਲੇ ਹਿੰਦੁਸਤਾਨੀ ਸਮਾਜ ਵਿਚ ਨਵੀਂ ਰੂਹ ਫੂਕੀ ਅਤੇ ਲੋਕਾਂ ਦੇ ਮਨਾਂ ਵਿੱਚੋਂ ਹਕੂਮਤੀ ਜਬਰ ਦੇ ਸਹਿਮ ਨੂੰ ਦੂਰ ਕਰਨ ਲਈ ਤਿਆਰ-ਬਰ-ਤਿਆਰ ਹਥਿਆਰਬੰਦ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਆਤਮਾ ਨੂੰ ਹਲੂਣਿਆ ਅਤੇ ਇੱਜ਼ਤ, ਸਵੈਮਾਣ ਨਾਲ ਜ਼ਿੰਦਗੀ ਜੀਣ ਲਈ ਪ੍ਰੇਰਿਆ:
ਜੇ ਜੀਵੈ ਪਤਿ ਲਥੀ ਜਾਇ ॥
ਸਭੁ ਹਰਾਮੁ ਜੇਤਾ ਕਿਛੁ ਖਾਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ : 142)
ਗੁਰੂ ਜੀ ਨੂੰ ਇਕ ਪਾਸੇ ਕੱਟੜ ਮੁਗ਼ਲ ਹਕੂਮਤ ਅਤੇ ਦੂਜੇ ਪਾਸੇ ਲੋਭੀ, ਕਰਮ-ਕਾਂਡੀ, ਧਾਰਮਿਕ ਪਰੰਪਰਾਵਾਂ ਦੀ ਧਾਰਨੀ ਜਾਤ-ਪਾਤ, ਵਰਣ-ਵੰਡ ਆਧਾਰਿਤ ਵੰਡੀ ਜਮਾਤ ਦੇ ਨਾਲ-ਨਾਲ ਪਹਾੜੀ ਰਾਜਿਆਂ ਦੀ ਈਰਖਾ ਦਾ ਸੰਤਾਪ ਵੀ ਹੰਢਾਉਣਾ ਪਿਆ। ਇਨ੍ਹਾਂ ਸਮਾਜ-ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਗੁਰੂ ਜੀ ਨੂੰ ਜੀਵਨ ਭਰ ਸੰਘਰਸ਼ ਕਰਨਾ ਪਿਆ।
ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਉਦੇਸ਼ 'ਸੱਚ' ਧਰਮ ਦੀ ਸਥਾਪਨਾ, ਮਜ਼ਲੂਮਾਂ ਤੇ ਨਿਤਾਣਿਆਂ ਦੀ ਰਾਖੀ ਕਰਨਾ ਅਤੇ ਹਰ ਤਰ੍ਹਾਂ ਦੇ ਜਬਰ-ਜ਼ੁਲਮ ਦਾ ਟਾਕਰਾ ਕਰਨਾ ਸੀ ਕਿਉਂਕਿ ਉਨ੍ਹਾਂ ਨੇ ਜਾਣ ਲਿਆ ਸੀ ਕਿ ਸਮਾਜ ਦੇ ਪਤਨ ਜਾਂ ਅਧਰਮ ਦੇ ਬੋਲਬਾਲੇ ਦਾ ਮੁੱਖ ਕਾਰਨ ਲੋਕਾਂ ਦੀ ਗੁਲਾਮ ਮਾਨਸਿਕਤਾ ਹੈ। ਉਨ੍ਹਾਂ ਦੁਆਰਾ ਧਰਮ ਯੁੱਧ ਕਰਨ ਦਾ ਮਨੋਰਥ ਲੋਕਾਂ ਨਾਲ ਹੋ ਰਹੇ ਜਬਰ-ਜ਼ੁਲਮ ਤੇ ਧੱਕੇਸ਼ਾਹੀ ਨੂੰ ਰੋਕਣਾ ਸੀ। ਧਰਮ ਦੀ ਸਥਾਪਨਾ, ਨੇਕ-ਜਨਾਂ ਦੀ ਰੱਖਿਆ ਅਤੇ ਦੁਸ਼ਟਾਂ ਦੇ ਨਾਸ਼ ਕਰਨ ਦੇ ਆਪਣੇ ਜੀਵਨ-ਉਦੇਸ਼ ਨੂੰ ਆਪ 'ਬਚਿਤ੍ਰ ਨਾਟਕ' ਵਿਚ ਭਲੀ-ਭਾਂਤ ਸਪੱਸ਼ਟ ਕਰਦੇ ਹਨ:
ਹਮ ਇਹ ਕਾਜ ਜਗਤ ਮੋ ਆਏ॥
ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥
ਦੁਸਟ ਦੋਖੀਅਨਿ ਪਕਰਿ ਪਛਾਰੋ॥42॥...
ਸਭ ਤੋਂ ਇਨਕਲਾਬੀ ਗੱਲ ਗੁਰੂ ਸਾਹਿਬ ਨੇ ਇਹ ਕੀਤੀ ਕਿ ਉਨ੍ਹਾਂ ਦੱਬੇ-ਕੁਚਲੇ, ਲਿਤਾੜੇ ਹੋਏ ਲੋਕਾਂ, ਗ਼ਰੀਬ ਕਿਰਤੀਆਂ ਤੇ ਨਿਤਾਣਿਆਂ ਨੂੰ ਗਲ ਨਾਲ ਲਾਇਆ। ਸਦੀਆਂ ਤੋਂ ਗੁਲਾਮੀ ਅਤੇ ਜਹਾਲਤ ਦੀ ਜ਼ਿੰਦਗੀ ਜੀਅ ਰਹੇ ਲੋਕਾਂ ਵਿਚ ਅਣਖ ਅਤੇ ਸਵੈਮਾਣ ਦੀ ਭਾਵਨਾ ਨੂੰ ਜਗਾ ਦਿੱਤਾ। ਇਹੀ ਲੋਕ ਗੁਰੂ-ਕਿਰਪਾ ਦੇ ਪਾਤਰ ਬਣ ਕੇ ਖ਼ਾਲਸਾ ਸਜੇ ਅਤੇ ਗੁਰੂ-ਨਜ਼ਰਾਂ ਵਿਚ ਪ੍ਰਵਾਨ ਚੜ੍ਹੇ।
ਦੁਨੀਆ ਦੇ ਇਤਿਹਾਸ ਵਿਚ ਇਹ ਇਕ ਵੱਡਾ ਇਨਕਲਾਬ ਮੰਨਿਆ ਜਾਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੈਰੋਕਾਰਾਂ ਨੂੰ ਆਪਣੇ ਬਰਾਬਰ ਗੁਰੂ ਦਾ ਦਰਜਾ ਦਿੱਤਾ। ਦੁਨੀਆ ਦੇ ਕਿਸੇ ਵੀ ਧਾਰਮਿਕ ਰਹਿਬਰ ਨੇ ਆਪਣੇ ਪੈਰੋਕਾਰਾਂ ਨੂੰ ਬਰਾਬਰੀ ਦਾ ਰੁਤਬਾ ਨਹੀਂ ਦਿੱਤਾ। ਪਰ ਦਸਮ-ਪਿਤਾ ਧੰਨ ਹਨ ਜਿਨ੍ਹਾਂ 'ਖਾਲਸੇ' ਨੂੰ ਆਪਣਾ ਖ਼ਾਸ ਰੂਪ ਦੱਸ ਕੇ ਬਰਾਬਰਤਾ ਹੀ ਨਹੀਂ ਦਿੱਤੀ ਬਲਕਿ ਆਪਣਾ ਗੁਰੂ ਵੀ ਸਵੀਕਾਰ ਕੀਤਾ। ਆਪ ਖ਼ਾਲਸੇ ਨੂੰ ਆਪਣਾ ਰੂਪ ਅਤੇ 'ਗੁਰੂ' ਸਵੀਕਾਰ ਕਰਦੇ ਹੋਏ ਫ਼ਰਮਾਉਂਦੇ ਹਨ:
ਖ਼ਾਲਸਾ ਮੇਰੋ ਰੂਪ ਹੈ ਖ਼ਾਸ।
ਖ਼ਾਲਸੇ ਮੈ ਹਉ ਕਰਉ ਨਿਵਾਸ।.....
ਖ਼ਾਲਸਾ ਮੇਰੋ ਸਤਿਗੁਰ ਪੂਰਾ।
ਖ਼ਾਲਸਾ ਮੇਰੋ ਸਜਣ ਸੂਰਾ।
ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ 42 ਸਾਲ ਦੀ ਉਮਰ 'ਚ ਹਕੂਮਤੀ ਜਬਰ-ਜ਼ੁਲਮ ਦੇ ਨਾਲ 14 ਜੰਗਾਂ ਲੜੀਆਂ ਪਰ ਇੰਚ ਭਰ ਵੀ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ। ਇਨ੍ਹਾਂ ਜੰਗਾਂ ਦੌਰਾਨ ਹੀ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜ਼ਰੀ ਜੀ, ਗੁਰੂ-ਪਿਆਰੇ ਗੁਰਸਿੱਖ ਸ਼ਹੀਦ ਹੋਏ। ਚਮਕੌਰ ਦੀ ਜੰਗ ਉਪਰੰਤ ਨੰਗੇ ਪੈਰੀਂ ਮਾਛੀਵਾੜੇ ਦੇ ਜੰਗਲਾਂ 'ਚ ਅਕਾਲ-ਪੁਰਖ ਰੂਪੀ ਮਿੱਤਰ-ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸੁਣਾ, ਦੀਨੇ ਕਾਂਗੜ ਦੀ ਧਰਤੀ ਤੋਂ ਸਮੇਂ ਦੇ ਬਾਦਸ਼ਾਹ ਨੂੰ ਜ਼ਫ਼ਰਨਾਮਾ ਲਿਖ ਕੇ ਸਮੇਂ ਦੇ ਸੱਚ ਤੋਂ ਜਾਣੂੰ ਕਰਵਾਇਆ। ਤਖ਼ਤ, ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਦੀ ਧਰਤ ਸੁਹਾਵੀ 'ਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ-ਪਿਤਾ, ਗੁਰੂ ਤੇਗ ਬਹਾਦਰ ਦੀ ਬਾਣੀ ਅੰਕਿਤ ਕਰ ਸੰਪੂਰਨਤਾ ਬਖਸ਼ੀ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ 'ਚ ਸੰਸਾਰਿਕ ਯਾਤਰਾ ਸੰਪੂਰਨ ਕਰਨ ਤੋਂ ਪਹਿਲਾਂ ਸ਼ਬਦ ਗੁਰੂ, ਗੁਰੂ-ਗ੍ਰੰਥ ਸਾਹਿਬ ਨੂੰ ਹਮੇਸ਼ਾ ਵਾਸਤੇ ਗੁਰਤਾਗੱਦੀ 'ਤੇ ਬਿਰਾਜਮਾਨ ਕਰ, ਵਿਅਕਤੀ ਗੁਰੂ ਦੀ ਪਰੰਪਰਾ ਨੂੰ ਸਦਾ ਲਈ ਸਮਾਪਤ ਕਰ, ਗੁਰਸਿੱਖਾਂ ਸੇਵਕਾਂ ਨੂੰ ਹੁਕਮ ਕੀਤਾ ਦਿੱਤਾ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਇਤਿਹਾਸ ਵਿਚ ਇਕ ਇਨਕਲਾਬੀ ਰਹਿਬਰ ਹੋਏ ਹਨ, ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਵਿਚ ਇਨਕਲਾਬੀ ਤੇ ਇਤਿਹਾਸਕ ਤਬਦੀਲੀ ਲਿਆਂਦੀ।
ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ
ਅਜੀਤ ਡੈਸਕ
27-12-2025