ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2025

ਇਸ਼ਕ ਦੇ ਇਤਿਹਾਸ ਵਿਚ ਤੇਰਾ ਕੋਈ ਸਾਨੀ ਨਹੀਂ <br/>

Ad Position 21
No active advertisement
ਅਜੀਤ ਡੈਸਕ 06-01-2025

ਪਟਨੇ ਸਾਹਿਬ ਉਤਾਰੇ ਕੀਤੇ ਸੱਚਖੰਡ ਦੇ ਦਿਲਦਾਰਾਂ,
ਅਰਸ਼ਾਂ ਤੋਂ ਫਰਸ਼ਾਂ 'ਤੇ ਆਈਆਂ ਨੂਰ ਦੀਆਂ ਸਰਕਾਰਾਂ |
ਧਰਤੀ ਨੇ ਚਰਨਾਂ ਦੇ ਹੇਠਾਂ ਆਪਣਾ ਆਪ ਵਿਛਾਇਆ,
ਪੋਹ ਦੇ ਵਿਚ ਬਹਾਰ ਆ ਗਈ, ਖਿੜੀਆਂ ਰੂਹ ਗੁਲਜ਼ਾਰਾਂ |
ਕਾਇਨਾਤ ਦੀ ਮਹਿਫ਼ਿਲ ਵਿਚ ਕੋਈ ਰਾਗ ਅਗੰਮੀ ਛਿੜਿਆ,
ਖੰਡਾਂ ਬ੍ਰਹਿਮੰਡਾਂ ਦੇ ਅੰਦਰ ਹੋਈਆਂ ਸੁਰ ਸਿਤਾਰਾਂ |
ਹਰ ਪਾਸੇ ਵਿਸਮਾਦ ਛਾ ਗਿਆ, ਹਵਾ ਘੋੜੀਆਂ ਗਾਵੇ,
ਫੁੱਲ ਨਸ਼ੇ ਵਿਚ ਝੂਮਣ ਲੱਗੇ, ਹੋਈਆਂ ਮਸਤ ਬਹਾਰਾਂ |
ਭੀਖਣ ਸ਼ਾਹ ਨੇ ਪਰਖ ਲਿਆ, ਇਹ ਸਾਂਝੇ ਰਹਿਬਰ ਆਏ,
ਦੋਵਾਂ ਕੁੱਜੀਆਂ 'ਤੇ ਹੱਥ ਧਰ ਕੇ ਵੰਡੀਆਂ ਪ੍ਰੇਮ ਫੁਹਾਰਾਂ |
ਹਰ ਪਾਸੇ ਸੀ ਕਹਿਰ ਸਿਤਮ ਦੀ ਝੁੱਲਦੀ ਪਈ ਹਨੇਰੀ,
ਦੁਖੀਆਂ ਤੇ ਮਜ਼ਲੂਮ ਦਿਲਾਂ ਦੀਆਂ ਸੁਣੀਆਂ ਤੁਸੀਂ ਪੁਕਾਰਾਂ |
ਫਿਰ ਖੰਡੇ ਦੀ ਧਾਰ 'ਚੋਂ ਸਾਜੇ ਐਸੇ ਸੰਤ ਸਿਪਾਹੀ,
ਜੋ ਦੁਨੀਆ ਦੇ ਬਣੇ ਮਸੀਹੇ, ਜ਼ਾਲਮ ਲਈ ਤਲਵਾਰਾਂ |
ਅੰਮਿ੍ਤ ਦੀ ਗੁੜ੍ਹਤੀ ਦੇ ਵਿਚ ਸੀ ਆਪਾ ਘੋਲ ਪਿਲਾਇਆ,
ਕੀ ਕੀ ਫੇਰ ਦਿਖਾਏ ਕੌਤਕ ਅਣਖ ਦੇ ਪਹਿਰੇਦਾਰਾਂ |
ਸਮਿਆਂ ਨੂੰ ਵੀ ਦੰਦਲਾਂ ਪਈਆਂ ਦੇਖ ਕੇ ਖ਼ੂਨੀ ਸਾਕੇ,
ਮਾਨਵਤਾ ਲਈ ਕੀ ਨਹੀਂ ਜਰਿਆ, ਤੇਰੇ ਬਰਖ਼ੁਰਦਾਰਾਂ |
ਸਾਡੀ ਖ਼ਾਤਰ ਸਾਹਿਬ ਤੂੰ ਸਰਬੰਸ ਵਾਰਿਆ ਸਾਰਾ,
ਮੈਂ ਵੀ ਆਪਣੇ ਸਾਰੇ ਹੰਝੂ ਅਦਬ ਤੇਰੇ ਵਿਚ ਵਾਰਾਂ |
ਤੇਰੇ ਜਿਹੇ ਮਹਾਂਆਸ਼ਕ ਵਰਗਾ ਨਾ ਕੋਈ ਜਗ 'ਤੇ ਹੋਇਆ,
ਤੈਨੂੰ ਲੱਖ ਡੰਡਾਉਤਾਂ ਸਿਜਦੇ ਕੋਟਿ ਕੋਟਿ ਨਮਸਕਾਰਾਂ |
-0-

Ad Position 22
No active advertisement
ਪਿਛਲੀ ਖ਼ਬਰ ਮਨੁੱਖਤਾ ਦੇ ਰਹਿਬਰ ਦਸਮ-ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ <br/> ਅਗਲੀ ਖ਼ਬਰ ਕਲਗੀਧਰ ਪਾਤਿਸ਼ਾਹ ਦੀ ਕਲਮ ਦੀ ਕਲਾ <br/>
Ad Position 24
No active advertisement