ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੁੱਚੇ ਜੀਵਨ 'ਤੇ ਝਾਤ ਮਾਰਨ 'ਤੇ ਗੁਰੂ ਸਾਹਿਬ ਦੀ ਸ਼ਖਸੀਅਤ ਅਲੱਗ-ਅਲੱਗ ਤਰ੍ਹਾਂ ਨਾਲ ਪ੍ਰਗਟ ਹੁੰਦੀ ਹੈ¢ ਇਕ ਕਵੀ, ਇਕ ਜਰਨੈਲ, ਤਿਆਗੀ, ਸੰਗਠਿਤਕਰਤਾ, ਦੂਰਅੰਦੇਸ਼ੀ, ਹਿੰਮਤੀ, ਕੁਰਬਾਨੀ ਦਾ ਪੁੰਜ ਅਤੇ ਦਲੇਰ ਸਣੇ ਗੁਰੂ ਜੀ ਅਜਿਹੇ ਕਿੰਨੇ ਹੀ ਗੁਣਾਂ ਦੇ ਧਾਰਨੀ ਸਨ, ਜਿਨ੍ਹਾਂ ਦੀ ਮਿਸਾਲ ਅੱਜ ਤੱਕ ਦੁਨੀਆ 'ਚ ਕਿਤੇ ਵੀ ਨਹੀਂ ਮਿਲਦੀ¢ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ ਨੂੰ ਸ਼ਬਦਾਂ ਜ਼ਰੀਏ ਚਿਤਵਿਆ ਨਹੀਂ ਜਾ ਸਕਦਾ¢ ਗੁਰੂ ਸਾਹਿਬ ਸੰਬੰਧੀ ਅੱਲਾ ਯਾਰ ਖਾਂ ਜੋਗੀ ਵਰਗੇ ਆਲਮ ਫਾਜ਼ਲ ਸ਼ਾਇਰ ਨੇ ਲਿਖਿਆ ਹੈ:-
'ਕਰਤਾਰ ਕੀ ਸੌਗੰਦ ਹੈ, ਨਾਨਕ ਕੀ ਕਸਮ ਹੈ |
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੁਹ ਕਮ ਹੈ |
ਹਰਚੰਦ ਮੇਰੇ ਹਾਥ ਮੇਂ ਪੁਰ ਜ਼ੋਰ ਕਲਮ ਹੈ |
ਸਤਿਗੁਰ ਕੇ ਲਿਖੂੰ ਵਸਫ਼ ਕਹਾਂ ਤਾਬੇ-ਰਕਮ ਹੈ |'
ਗੁਰੂ ਜੀ ਦਾ ਜਨਮ ਬਿਹਾਰ ਦੇ ਸ਼ਹਿਰ ਪਟਨੇ ਦੀ ਧਰਤੀ 'ਤੇ ਹੋਇਆ¢ ਗੁਰੂ ਸਾਹਿਬ ਨੇ ਬਾਲ ਰੂਪ 'ਚ ਹੀ ਵੱਡੇ ਤਿਆਗੀ ਹੋਣ ਦਾ ਸੁਨੇਹਾ ਦੇ ਦਿੱਤਾ ਸੀ, ਜਦੋਂ ਗੁਰੂ ਸਾਹਿਬ ਨੇ ਆਪਣੇ ਪਿਤਾ ਤੇ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣਨ ਸਮੇਂ ਦੁਵਿਧਾ 'ਚੋਂ ਕੱਢ ਇਕਦਮ ਉਨ੍ਹਾਂ ਦੀ ਰੱਖਿਆ ਖਾਤਰ ਕੁਰਬਾਨੀ ਦੇਣ ਲਈ ਆਖਿਆ ਸੀ¢ ਗੁਰੂ ਸਾਹਿਬ ਵਲੋਂ ਖ਼ਾਲਸਾ ਪੰਥ ਦੀ ਸਥਾਪਨਾ ਨੇ ਇਕੋ ਝਟਕੇ ਨਾਲ ਸੁੱਤੇ ਹਿੰਦੁਸਤਾਨ ਨੂੰ ਇਕਮੁੱਠ ਕਰ ਦਿੱਤਾ¢ ਜਾਤ-ਪਾਤ ਦਾ ਖਾਤਮਾ ਪੰਚ ਸਿਧਾਂਤ ਦੀ ਪਾਲਣਾ ਨਾਲ ਕੀਤਾ¢ ਉਸ ਨਾਲੋਂ ਵੀ ਵੱਡੀ ਗੱਲ ਪੰਚਮ ਸਿਧਾਂਤ ਅਨੁਸਾਰ ਉਨ੍ਹਾਂ ਤੋਂ ਖ਼ੁਦ ਅੰਮਿ੍ਤ ਦੀ ਦਾਤ ਪ੍ਰਾਪਤ ਕੀਤੀ¢
'ਵਾਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ' (ਭਾਈ ਗੁਰਦਾਸ ਜੀ)
ਇਸ ਅੰਮਿ੍ਤ ਦੀ ਤਾਕਤ ਨਾਲ ਹੀ ਮੁੱਠੀ ਭਰ ਸਿੰਘਾਂ ਦਾ ਮੁਕਾਬਲਾ ਗੁਰੂ ਸਾਹਿਬ ਨੇ 10 ਲੱਖ ਸੈਨਾ ਨਾਲ ਕਰਵਾ ਦਿੱਤਾ¢ ਦੁਨੀਆ 'ਚ ਕਿਤੇ ਵੀ ਅਜਿਹੀ ਉਦਾਹਰਨ ਨਹੀਂ ਮਿਲਦੀ, ਜਿੱਥੇ ਇਕ ਪਿਤਾ ਨੇ ਆਪਣੇ ਹੱਥੀਂ ਆਪਣੇ ਪੁੱਤਰਾਂ ਦੀ ਕੁਰਬਾਨੀ ਦਿੱਤੀ ਹੋਵੇ¢ ਗੁਰੂ ਸਾਹਿਬ ਪਰਿਵਾਰ ਵਾਰ ਕੇ ਮਾਛੀਵਾੜੇ ਦੇ ਜੰਗਲਾਂ 'ਚ ਰੱਬ ਨੂੰ ਉਲਾਂਭਾ ਵੀ ਨਹੀਂ ਦਿੰਦੇ, ਸਗੋਂ ਉਸ ਪਰਮਾਤਮਾ ਨੂੰ ਆਪਣਾ ਹਾਲ ਬਿਆਨ ਕਰ ਰਹੇ ਹਨ¢
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ¨
ਤੁਧੁ ਬਿਨੁ ਰੋਗ ਰਜਾਈਆਂ ਦਾ ਓਢਣ
ਨਾਗ ਨਿਵਾਸਾਂ ਦੇ ਰਹਿਣਾ¨
ਉੱਥੇੇ ਵੀ ਟਿੰਡ ਦਾ ਸਿਰਾਣਾ ਲਾ ਕੇ ਸੌਣ ਦਾ ਜਿਗਰਾ ਗੁਰੂ ਸਾਹਿਬ ਤੋਂ ਬਿਨਾਂ ਹੋਰ ਕੌਣ ਕਰ ਸਕਦਾ ਸੀ? ਆਪਣੇ ਰਾਜਭਾਗ ਅਨੰਦਪੁਰ ਸਾਹਿਬ ਨੂੰ ਛੱਡ ਕੇ ਜੰਗਲਾਂ 'ਚ ਗੁਜ਼ਾਰਨਾ, ਇਹ ਕੋਈ ਸਧਾਰਨ ਘਟਨਾ ਨਹੀਂ ਸੀ¢ ਚਾਰ ਪੁੱਤਰ ਤੇ ਮਾਂ, ਗੁਰੂ ਤੇਗ ਬਹਾਦਰ ਜੀ ਵਾਂਗ ਉਨ੍ਹਾਂ ਮਾਰਗ 'ਤੇ ਤੋਰ ਦਿੱਤੇ¢ ਚਾਰੇ ਪੁੱਤਰਾਂ ਨੂੰ ਕੌਮ ਉਪਰੋਂ ਵਾਰਨ ਤੋਂ ਬਾਅਦ ਕੋਈ ਵੱਡੇ ਤੋਂ ਵੱਡੇ ਦਿਲ ਵਾਲਾ ਪਿਤਾ ਹੀ ਇਹ ਸਭ ਆਖ ਸਕਦਾ ਹੈ¢
'ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ,
ਚਾਰ ਮੂਏ ਤ ਕਿਆ ਭਯਾ ਜੀਵਤ ਕਈ ਹਜਾਰ |
ਜਦੋਂ 40 ਸਿੰਘਾਂ ਨੇ ਗੁਰੂ ਸਾਹਿਬ ਨੂੰ ਬੇਦਾਵਾ ਦੇ ਦਿੱਤਾ ਸੀ ਪਰ ਗੁਰੂ ਜੀ ਨੂੰ ਆਸ ਸੀ ਕਿ ਮੇਰੇ ਸਿੰਘ ਇਕ ਦਿਨ ਜ਼ਰੂਰ ਵਾਪਸ ਪਰਤਣਗੇ¢ ਇਸ ਲਈ ਭਾਈ ਮਹਾਂ ਸਿੰਘ ਦੀ ਬੇਨਤੀ 'ਤੇ ਬੇਦਾਵਾ ਪਾੜ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਆਪਣੀ ਹਿੱਕ ਨਾਲ ਲਗਾ ਲਿਆ¢ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਤੋਂ ਵਿਛੜ ਕੇ ਸਭ ਕੁਝ ਕੌਮ ਉਪਰੋਂ ਵਾਰ ਕੇ ਆਪਣੇ ਕੋਲ ਕੁਝ ਨਾ ਰੱਖਿਆ ਪਰ ਉਨ੍ਹਾਂ ਨੇ ਆਪਣੇ ਸਿੰਘਾਂ ਦੇ ਉਸ ਬੇਦਾਵੇ ਨੂੰ ਆਪਣੇ ਕੋਲ ਸੰਭਾਲ ਕੇ ਰੱਖਿਆ, ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਵਾਪਸ ਜ਼ਰੂਰ ਆਉਣਗੇ | ਜਦੋਂ ਬੇਦਾਵਾ ਪਾੜ ਦਿੱਤਾ ਤਾਂ ਗੁਰੂ ਸਾਹਿਬ ਨੂੰ ਕਿੰਨੀ ਤਸੱਲੀ ਹੋਈ ਹੋਵੇਗੀ¢ ਗੁਰੂ ਸਾਹਿਬ ਦੀ ਨਿਡਰਤਾ ਤਾਂ ਹਰ ਸਮੇਂ ਹੀ ਪ੍ਰਗਟ ਹੁੰਦੀ ਸੀ ਪਰ ਜਿਸ ਦਲੇਰੀ ਨਾਲ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਸਿੱਧਾ ਪੱਤਰ ਲਿਖ ਕੇ ਜਿਸ ਭਾਸ਼ਾ ਦਾ ਇਸਤੇਮਾਲ ਉਨ੍ਹਾਂ ਨੇ ਜ਼ਫ਼ਰਨਾਮਾ 'ਚ ਕੀਤਾ ਹੈ, ਉਨ੍ਹਾਂ ਸਮਿਆਂ 'ਚ ਕੋਈ ਨਹੀਂ ਲਿਖ ਸਕਿਆ¢ ਔਰੰਗਜ਼ੇਬ ਨੂੰ ਤਾਅਨੇ, ਕਾਇਰਤਾ ਅਤੇ ਉਸ ਦੇ ਬੁਜ਼ਦਿਲੀ ਵਰਗੇ ਕਾਰਨਾਮਿਆਂ ਬਾਰੇ ਬਾਖੂਬੀ ਲਿਖਿਆ ਅਤੇ ਕਿਵੇਂ ਆਪਣੇ ਹੱਕਾਂ ਲਈ ਸ਼ਮਸ਼ੀਰ ਚੁੱਕਣ ਨੂੰ ਜਾਇਜ਼ ਕਿਹਾ, ਇਹ ਬਾ-ਕਮਾਲ ਹੈ¢ ਉਨ੍ਹਾਂ ਨੇ ਕਦੇ ਵੀ ਨਿਰਾਸ਼ਤਾ, ਬੇਬਸੀ ਵਰਗੇ ਸ਼ਬਦ ਆਪਣੀ ਜ਼ੁਬਾਨ 'ਚੋਂ ਪ੍ਰਗਟ ਨਹੀਂ ਕੀਤੇ¢ ਇਹ ਆਖਣਾ ਹੀ ਉਨ੍ਹਾਂ ਸਮਿਆਂ 'ਚ ਬਹੁਤ ਵੱਡੀ ਗੱਲ ਸੀ¢ ਉਨ੍ਹਾਂ ਦੀ ਕਲਮ ਦਾ ਕਮਾਲ ਕਿੰਨੀਆਂ ਹੀ ਲਿਖਤਾਂ ਜਿਹੜੀਆਂ ਸਾਡੀ ਕੌਮ ਕੋਲ ਅੱਜ ਵੀ ਸਾਂਭੀਆਂ ਪਈਆਂ ਹਨ, ਜ਼ਫ਼ਰਨਾਮਾ, ਬਚਿੱਤਰ ਨਾਟਕ, ਜਾਪ ਸਾਹਿਬ, ਦਸਮ ਗ੍ਰੰਥ, ਚੰਡੀ ਦੀ ਵਾਰ ਆਦਿ ਹਨ | ਗੁਰੂ ਸਾਹਿਬ ਨੇ ਤਲਵੰਡੀ ਸਾਹਿਬ ਬੈਠ ਕੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਨ ਲਈ ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਤਿਆਰ ਕਰਵਾਉਣ ਦਾ ਵੱਡਾ ਕਾਰਜ ਕੀਤਾ¢ ਗੁਰੂ ਸਾਹਿਬ ਦੇ ਸਾਹਿਤ ਤੇ ਵਿੱਦਿਆ ਦੇ ਪ੍ਰੇਮੀ ਹੋਣ ਦਾ ਵੱਡਾ ਸਬੂਤ ਉਨ੍ਹਾਂ ਦੇ ਆਪਣੇ ਪੂਰੇ ਜੀਵਨ ਕਾਲ ਦੌਰਾਨ ਮਿਲਦਾ ਹੈ ਕਿ ਉਨ੍ਹਾਂ ਆਪਣੇ ਨਾਲ 52 ਕਵੀ ਰੱਖੇ ਹੋਏ ਸਨ¢ ਭਾਈ ਨੰਦ ਲਾਲ ਵਰਗੇ ਸੂਝਵਾਨ ਕਵੀ ਗੁਰੂ ਜੀ ਦੇ ਦਰਬਾਰ ਦੀ ਸ਼ੋਭਾ ਸਨ¢ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਜਿਊਾਦਾ ਰੱਖਣ ਦਾ ਜੋ ਯੋਗਦਾਨ ਗੁਰੂ ਸਾਹਿਬ ਦਾ ਸੀ, ਉਹ ਸ਼ਾਇਦ ਹੀ ਕਿਸੇ ਹੋਰ ਦੇ ਹਿੱਸੇ ਆਇਆ ਹੋਵੇ ¢
ਗੁਰੂ ਗੋਬਿੰਦ ਸਿੰਘ ਦੀ ਲੜਾਈ ਕਿਸੇ ਮਜ਼੍ਹਬ ਦੇ ਖ਼ਿਲਾਫ਼ ਨਹੀਂ ਸੀ, ਸਗੋਂ ਉਨ੍ਹਾਂ ਦਾ ਜੀਵਨ ਸੰਘਰਸ਼ ਅਤੇ ਜ਼ੁਲਮ ਦੇ ਖ਼ਿਲਾਫ਼ ਸੀ¢ ਜ਼ੁਲਮ ਕਰਨ ਵਾਲੀ ਸ਼ਕਤੀ ਉਹ ਭਾਵੇਂ ਕਿੱਡੀ ਵੀ ਵੱਡੀ ਕਿਉਂ ਨਾ ਹੋਵੇ, ਗੁਰੂ ਜੀ ਉਸ ਦੇ ਖ਼ਿਲਾਫ਼ ਸਨ¢ ਉਨ੍ਹਾਂ ਦਾ ਇਹ ਸਿਧਾਂਤ ਹੀ ਖਾਲਸਾ ਪੰਥ ਦਾ ਸਿਧਾਂਤ ਹੈ¢ ਹਰ ਪੀੜਤ ਇਨਸਾਨ ਦੀ ਮਦਦ ਕਰਨ ਲਈ ਭਾਵੇਂ ਪੰਥ ਨੂੰ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ ਖਾਲਸੇ ਨੂੰ ਕੋਈ ਫ਼ਰਕ ਨਹੀਂ¢ ਇਸੇ ਲਈ ਖਾਲਸਾ ਪੰਥ ਦਾ ਮੁੱਖ ਸਿਧਾਂਤ ਅੱਜ ਵੀ ਨਿਮਰਤਾ ਤੇ ਸਰਬੱਤ ਦਾ ਭਲਾ ਹੀ ਹੈ
-ਵਿਧਾਇਕ ਹਲਕਾ ਅਮਰਗੜ੍ਹ ਮੋਬਾਈਲ : 98788-22000