ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਗੁਰੂ ਸਾਹਿਬ ਦਾ ਇਤਿਹਾਸਕ ਪ੍ਰਭਾਵ

Ad Position 21
No active advertisement
ਅਜੀਤ ਡੈਸਕ 27-12-2025

ਗੁਰੂ ਗੋਬਿੰਦ ਸਿੰਘ ਜੀ ਕੋਲ ਦੁਖੀਆਂ ਦੀ ਬਾਂਹ ਫੜਨ ਦਾ ਇਕਰਾਰ ਹੈ। ਹਾਰੇ ਹੋਏ ਲੋਕਾਂ ਨੂੰ ਜ਼ਬਰ ਖਿਲਾਫ ਖੜ੍ਹੇ ਕਰਨ ਲਈ ਨਿਸਚੈ ਕਰ ਅਪਨੀ ਜੀਤ ਕਰੋਂ ਦਾ ਵਿਗਾਸ ਹੈ। ਡਰ ਖਤਮ ਕਰਨ ਲਈ ਖੰਡੇ ਦੀ ਧਾਰ ਵਿਚੋਂ ਖਾਲਸਾ ਸਿਰਜਣ ਦਾ ਸੁਭਾਗ ਹੈ। ਤਾਨਾਸ਼ਾਹੀ ਦੀ ਥਾਂ ਵਿਸਮਾਦੀ ਲੋਕਤੰਤਰ ਦਾ ਸੰਕਲਪ ਹੈ। ਸਿੱਖ ਧਰਮ ਰੂਹਾਨੀਅਤ ਦੇ ਨਾਲ ਰਾਜਨੀਤਕ ਅਤੇ ਸਮਾਜਿਕ ਸਰੋਕਾਰਾਂ ਨੂੰ ਵੀ ਸੰਬੋਧਿਤ ਕਰਦਾ ਹੈ। ਇਸ ਦੀ ਪ੍ਰਤਿਬੱਧਤਾ ਵਿਸ਼ਵ ਭਾਈਚਾਰਾ ਸਿਰਜਣ ਤੇ ਸਰਬੱਤ ਦੇ ਭਲੇ ਲਈ ਕ੍ਰਿਆਸ਼ੀਲਤਾ ਵਿਚ ਵਿਆਪਕ ਹੈ। ਭੇਦ ਭਾਵ, ਸ਼ੋਸ਼ਣ, ਫਿਰਕਾਪ੍ਰਸਤੀ ਅਤੇ ਅਗਿਆਨਤਾ ਦਾ ਸਿੱਖ ਧਰਮ ਸਖਤ ਵਿਰੋਧੀ ਹੈ। ਪ੍ਰਭੂ ਮਿਲਾਪ ਲਈ ਸਿੱਖ ਪ੍ਰੇਮ ਸੇਵਾ ਅਤੇ ਨਿਆਂ ਦੀ ਸਥਾਪਨਾ ਕਰਨ ਦਾ ਮੰਤਵ ਨਾਲ ਲੈ ਕੇ ਇਲਾਹੀ ਨਦਰਿ ਦੇ ਪੈਂਡਿਆਂ ਦਾ ਸਫਰ ਤਹਿ ਕਰਦਾ ਹੈ। ਸ਼ਰਧਾ ਅਤੇ ਚੇਤਨਾ ਦਾ ਸੁਮੇਲ ਇਸ ਦੀ ਖੂਬਸੂਰਤੀ ਅਤੇ ਸ਼ਕਤੀ ਹੈ।
ਗੁਰੂ ਨਾਨਕ ਸਾਹਿਬ ਨੇ ਮਨੁੱਖੀ ਸਮੱਸਿਆਵਾਂ ਲਈ ਪੁਜਾਰੀ ਸ਼੍ਰੇਣੀ ਦੀ ਲੁੱਟ ਅਤੇ ਹਾਕਮ ਜਮਾਤ ਦੀ ਧੱਕੇਸ਼ਾਹੀ ਨੂੰ ਵੱਡੇ ਕਾਰਨ ਵਜੋਂ ਪਛਾਣਿਆ। ਗੁਰੂ ਜੀ ਨੇ ਜਨਤਾ ਅੰਦਰ ਇਨ੍ਹਾਂ ਖਿਲਾਫ ਜਾਗਰੂਕਤਾ ਦਾ ਆਗਾਜ਼ ਕੀਤਾ। ਇਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਵਿਚ ਛੋਟੇ ਤੋਂ ਛੋਟੇ ਵਿਅਕਤੀ ਦੇ ਹਿਤਾਂ ਦੀ ਰਾਖੀ ਕਰਨ ਤੇ ਉਸ ਨੂੰ ਸਮਾਜ ਵਿਚ ਕੇਵਲ ਸਮਾਜਿਕ ਬਰਾਬਰੀ ਹੀ ਨਹੀਂ ਰਾਜਨੀਤਕ ਸੱਤਾ ਵਿਚ ਵੀ ਉਸ ਦੀ ਭਾਗੀਦਾਰੀ ਨਿਸਚਿਤ ਕਰਨ ਦਾ ਉਦੇਸ਼ ਸਾਹਮਣੇ ਰੱਖਿਆ। ਮਨੁੱਖਤਾ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਸਮਾਜ ਦੇ ਹਰ ਵਰਗ ਵਿਚ ਪੈਦਾ ਕਰਨਾ ਸਿੱਖੀ ਦਾ ਮਨੋਰਥ ਰਿਹਾ ਹੈ।
ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਕਿਸੇ ਵਿਸ਼ੇਸ਼ ਧਰਮ ਲਈ ਨਹੀਂ ਸੀ ਸਗੋਂ ਸਮੁੱਚੀ ਮਾਨਵਤਾ ਲਈ ਸੀ। ਗੁਰੂ ਜੀ ਕਿਸੇ ਵੀ ਵਿਅਕਤੀ 'ਤੇ ਜ਼ਬਰਦਸਤੀ ਧਰਮ ਥੋਪਣ ਦੇ ਵਿਰੋਧੀ ਸਨ। ਨਾ ਕਿਸੇ ਤੋਂ ਡਰੋ ਨਾ ਕਿਸੇ ਨੂੰ ਡਰਾਓ, ਨਾ ਜ਼ੁਲਮ ਕਰੋ ਨਾ ਜ਼ੁਲਮ ਸਹੋ ਵਿਚ ਆਪਜੀ ਦਾ ਯਕੀਨ ਸੀ। ਇਸ ਮਨੋਰਥ ਲਈ ਗੁਰੂ ਜੀ ਨੇ ਲੋਕਾਂ ਅੰਦਰ ਚੇਤਨਾ ਜਗਾਉਣ ਲਈ ਭਾਰਤ ਦੇ ਵੱਡੇ ਹਿੱਸੇ ਦੀਆਂ ਯਾਤਰਾਵਾਂ ਕੀਤੀਆਂ। ਤਾਨਾਸ਼ਾਹ ਤੇ ਤੁਅੱਸਬੀ ਹਕੂਮਤ ਨੂੰ ਇਹ ਲਹਿਰ ਖਤਰਨਾਕ ਮਹਿਸੂਸ ਹੋਈ। ਗੁਰੂ ਜੀ ਦੀ ਨਿਰਮਲਤਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦ੍ਰਿੜ੍ਹਤਾ ਨੇ ਆਰੇ ਦੇ ਦੰਦਿਆਂ, ਮਚਦੀਆਂ ਲਾਟਾਂ ਅਤੇ ਉਬਲਦੀਆਂ ਦੇਗਾਂ ਦੇ ਖੌਫ ਵਿਚ ਅਡੋਲ ਸਿੱਖੀ ਪੈਦਾ ਕਰਕੇ ਜ਼ੁਲਮ ਨੂੰ ਵੰਗਾਰ ਪਾਈ। ਆਪਣੀ ਸ਼ਹਾਦਤ ਦੇ ਕੇ ਕੌਮ ਨੂੰ ਪ੍ਰਭਾਤ ਬਖਸ਼ੀ।
ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ੁਲਮ ਵਿਰੁੱਧ ਸੰਘਰਸ਼ ਕਰਨ ਅਤੇ ਮਾਨਵਤਾ ਨੂੰ ਪ੍ਰੇਮ ਕਰਨ ਵਾਲੀ ਮਹਾਨ ਵਿਰਾਸਤ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਤੋਂ ਮਿਲੀ। ਇਸ ਵਿਰਾਸਤ ਨੂੰ ਕਾਇਮ ਰੱਖਣ ਲਈ ਗੁਰੂ ਜੀ ਨੂੰ ਪਹਾੜ ਜਿੱਡੀਆਂ ਚਣੌਤੀਆਂ ਦਾ ਸਾਹਮਣਾ ਕਰਨਾ ਪਿਆ। ਗੁਰੂ ਜੀ ਨੇ ਜ਼ੁਲਮ ਅਤੇ ਕੱਟੜਤਾ ਦੇ ਤੂਫਾਨ ਵਿਚ ਸਿਦਕ ਦੇ ਦੀਵੇ ਜਗਾਏ। ਇਨਸਾਨੀਅਤ ਨੂੰ ਮਿਲਵਰਤਨ ਅਤੇ ਇਨਸਾਫ ਦੀ ਪਰਿਭਾਸ਼ਾ ਸਮਝਾਈ। ਗੁਰੂ ਜੀ ਨੇ ਖਾਲਸੇ ਨੂੰ ਸਵਾ ਲੱਖ ਨਾਲ ਜੂਝਣ ਦੇ ਸਮਰੱਥ ਬਣਾ ਕੇ ਬੇਮਿਸਾਲ ਇਤਿਹਾਸ ਸਿਰਜਿਆ। ਉਹ ਡਰੇ ਹੋਏ ਲੋਕ ਜਿਨ੍ਹਾਂ ਨੇ ਕਦੇ ਤਲਵਾਰ ਚੁੱਕ ਕੇ ਨਹੀਂ ਸੀ ਦੇਖੀ ਸਿਰਲੱਥ ਯੋਧਿਆਂ ਵਿਚ ਬਦਲ ਗਏ। ਸ਼ਾਹੀ ਫੌਜਾਂ ਨਾਲ ਟੱਕਰ ਲੈ ਕੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਨਿਮਾਣਿਆਂ ਨੂੰ ਪਾਤਸ਼ਾਹੀ ਬਖਸ਼ੀ, ਇਨ ਗ੍ਰੀਬ ਸਿੰਘਨ ਕੌ ਦਯੈ ਪਤਿਸ਼ਾਹੀ। ਏ ਯਾਦ ਰਖੈਂ ਹਮਰੀ ਗੁਰਿਆਈ।
ਖਾਲਸੇ ਦੀ ਸਿਰਜਣਾ ਤੋਂ ਲੱਗਭੱਗ 700 ਸਾਲ ਪਹਿਲਾਂ ਜੈਪਾਲ ਅਤੇ ਉਸ ਦੇ ਪੁੱਤਰ ਅਨੰਦਪਾਲ ਦੀ 100000 ਦੀ ਵਿਸ਼ਾਲ ਸੈਨਾ ਅਫਗਾਨਿਸਤਾਨ ਦੇ ਸੁਬਕਤਜਿਨ ਦੀ ਛੋਟੀ ਸੈਨਾ ਤੋਂ ਹਾਰ ਗਈ। ਸੁਬਕਤਜਿਨ ਦੇ ਪੁੱਤਰ ਮਹਿਮੂਦ ਗਜ਼ਨਵੀ ਨੇ ਭਾਰਤ 'ਤੇ 17 ਵਾਰ ਹਮਲੇ ਕਰਕੇ ਭਾਰੀ ਕਤਲੋਗਾਰਤ ਮਚਾਉਦਿਆਂ ਸੋਮਨਾਥ ਤੇ ਮਥਰਾ ਤੱਕ ਮੰਦਰਾਂ ਨੂੰ ਲੁੱਟਿਆ। ਇਸਤਰੀਆਂ ਦੀ ਬੇਪਤੀ ਕੀਤੀ ਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਆਪਣੇ ਦੇਸ ਲੈ ਗਿਆ। ਭਾਰਤ 'ਤੇ ਮੁਸਲਮਾਨਾਂ ਦੀ ਹਕੂਮਤ 1206 ਵਿਚ ਦਿੱਲੀ ਤੋਂ ਸ਼ੁਰੂ ਹੋਣ ਨਾਲ ਗੈਰ ਮੁਸਲਮਾਨਾਂ ਨਾਲ ਜ਼ਿਆਦਤੀਆਂ ਹੋਣ ਲੱਗੀਆਂ, ਰਾਜੇ ਲੋਕਾਂ ਦੀ ਰੱਖਿਆ ਕਰਨ ਦੀ ਥਾਂ ਕਸਾਈਆਂ ਵਾਂਗ ਬੇਰਹਿਮ ਹੋ ਕੇ ਜਨਤਾ ਦਾ ਖੂਨ ਪੀਣ ਵਾਲੇ ਬਣ ਗਏ। ਆਮ ਲੋਕਾਂ ਦੇ ਜੀਵਨ ਵਿਚ ਵੀ ਧੋਖਾਧੜੀ ਅਤੇ ਹਿੰਸਾ ਦਾਖਲ ਹੋ ਗਈ।
ਗੁਰੂ ਸਹਿਬਾਨ ਦਾ ਵਿਰੋਧ ਇਸਲਾਮ ਨਾਲ ਨਹੀਂ ਸੀ। ਗੁਰੂ ਸਾਹਿਬ ਦਾ ਵਿਰੋਧ ਜਨਤਾ ਦਾ ਖੂਨ ਪੀਣ ਵਾਲੇ ਭ੍ਰਿਸ਼ਟ ਰਾਜਿਆਂ ਦੀ ਧੱਕੇਸ਼ਾਹੀ ਅਤੇ ਕੱਟੜ ਸੋਚ ਨਾਲ ਸੀ। ਮਿਹਨਤੀ ਗ਼ਰੀਬਾਂ ਦੀ ਦੁਰਗਤੀ, ਨਾਰੀ ਦਾ ਸਨਮਾਨ ਰੋਲਣ ਦੀ ਬਿਰਤੀ ਨੂੰ ਠੱਲ੍ਹ ਪਾਉਣ ਲਈ ਸਾਰੇ ਹੀਲੇ ਸਮਾਪਤ ਹੋ ਜਾਣ 'ਤੇ ਗੁਰੂ ਸਾਹਿਬ ਦੀ ਤੇਗ ਜ਼ਾਬਰਾਂ 'ਤੇ ਗਜ਼ਬ ਬਣ ਕੇ ਟੁੱਟ ਪਈ। ਇਸ ਵਿਚ ਬਦਲਾ ਨਹੀਂ ਇਨਸਾਫ ਦੀ ਸਥਾਪਨਾ ਦਾ ਉਦੇਸ਼ ਸੀ। ਗੁਰੂ ਜੀ ਦੀ ਤੇਗ ਮਜ਼ਲੂਮਾਂ ਦੀ ਰਾਖੀ ਅਤੇ ਇਸਤਰੀਆਂ ਲਈ ਸਨਮਾਨ ਦੀ ਢਾਲ ਸੀ।
ਹਥਿਆਰਬੰਦ ਸੰਘਰਸ਼ ਸਮਾਂ ਪਾ ਕੇ ਆਪ ਕੁਰੀਤੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਤਾਨਾਸ਼ਾਹੀ ਦੇ ਰਾਹ ਤੁਰ ਪੈਂਦੇ ਹਨ। ਇਸ ਲਈ ਗੁਰੂ ਜੀ ਨੇ ਹਥਿਆਰ ਨੂੰ ਵਿਚਾਰ ਅਤੇ ਸ਼ੁਭ ਆਚਾਰ ਨਾਲ ਜੋੜਿਆ। ਖਾਲਸਾ ਨਿਰਧਨ ਨੂੰ ਪਾਲਣ ਅਤੇ ਦੁਸ਼ਟ ਨੂੰ ਗਾਲਣ ਵਾਲਾ ਬਣ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਦਾ ਚਰਿੱਤਰ ਘੜਨ ਲਈ ਬਾਣੀ ਦੀ ਅਗਵਾਈ ਬਖਸ਼ੀ। ਇਸ ਨਾਲ ਖਾਲਸੇ ਦਾ ਉੱਚਾ ਸੁੱਚਾ ਆਚਰਣ ਰੂਪਮਾਨ ਹੋਇਆ ਅਤੇ ਹਨੇਰਿਆਂ ਖਿਲਾਫ ਧਰਮ ਯੁੱਧ ਦਾ ਚਾਅ ਪੈਦਾ ਹੋਇਆ। ਗੁਰੂ ਜੀ ਕਿਸੇ ਵਿਅਕਤੀ ਜਾਂ ਮਜ਼ਹਬ ਦੇ ਵਿਰੋਧੀ ਨਹੀਂ ਸਨ। ਮਨੁੱਖਤਾ ਲਈ ਖ਼ਤਰਾ ਬਣੀਆਂ ਬਿਰਤੀਆਂ ਦੇ ਵਿਰੋਧੀ ਸਨ। ਗੁਰੂ ਜੀ ਦੇ ਤੀਰ ਨੂੰ ਲੱਗਿਆ ਸੋਨਾ ਇਸ ਗੱਲ ਦਾ ਪ੍ਰਤੀਕ ਸੀ ਕਿ ਆਪਜੀ ਕਿਸੇ ਨੂੰ ਵੈਰੀ ਮੰਨ ਕੇ ਨਹੀ ਸਗੋਂ ਮਾੜੀ ਬਿਰਤੀ ਨੂੰ ਤੀਰ ਮਾਰ ਰਹੇ ਸਨ।
ਗੁਰੂ ਜੀ ਨੇ ਅਨੇਕਤਾ ਵਿਚ ਏਕਤਾ ਦਾ ਸੰਦੇਸ਼ ਦੇ ਕੇ ਵਿਸ਼ਵ ਭਾਈਚਾਰੇ ਦੀ ਭਾਵਨਾ ਪੈਦਾ ਕੀਤੀ। ਸੁਹਾਵਣਾ ਸੰਸਾਰ ਸਿਰਜਣ ਲਈ ਦੁਨੀਆਂ ਭਰ ਦੇ ਨੇਕ ਲੋਕਾਂ ਨੂੰ ਇੱਕ ਹੋ ਜਾਣ ਦਾ ਸੁਨੇਹਾ ਦਿੱਤਾ। ਗੁਰੂ ਜੀ ਦੇ ਉਪਦੇਸ਼ ਦੇ ਅਖੰਡ ਚਾਨਣ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਪਿਛੋਂ ਜਨਤਾ ਦੀ ਭਲਾਈ ਵੱਲ ਪੂਰਾ ਧਿਆਨ ਦਿੱਤਾ। ਸਦੀਆਂ ਬਾਅਦ ਦੁਖੀ ਤੇ ਗ਼ਰੀਬ ਲੋਕਾਂ ਨੂੰ ਸੁੱਖ ਦਾ ਸਾਹ ਆਇਆ।
ਮਾਨਵਤਾ ਦਾ ਅਪਮਾਨ ਕਰਨ ਵਾਲੀ ਤਾਨਾਸ਼ਾਹੀ ਦਾ ਵਿਰੋਧ ਅਤੇ ਸੇਵਾ ਭਾਵਨਾ ਸਿੱਖੀ ਦੀ ਵਿਰਾਸਤ ਬਣ ਗਈ। ਸਿੱਖ ਮਿਸਲਾਂ ਅੰਦਰ ਲੋਕਤੰਤਰ ਦੀ ਕਲਿਆਣਕਾਰੀ ਭਾਵਨਾ ਸੀ। ਮੈਲਕਮ ਅਨੁਸਾਰ ਸ਼ਾਇਦ ਹੀ ਦੁਨੀਆਂ ਵਿਚ ਜਨਤਾ ਨਾਲ ਇਨ੍ਹਾਂ ਤੋਂ ਵਧੀਆ ਵਿਵਹਾਰ ਹੁੰਦਾ ਹੋਵੇ। ਮਹਾਰਾਜਾ ਰਣਜੀਤ ਸਿੰਘ ਦੀ ਤੇਗ ਨੇ ਸਦੀਆਂ ਤੋਂ ਭਾਰਤ ਵਿਚ ਆ ਕੇ ਮਾਰਧਾੜ ਕਰਨ ਜਨਤਾ ਤੇ ਮੰਦਰਾਂ ਦਾ ਧਨ ਲੁੱਟਣ, ਇਸਤਰੀਆਂ ਦੀ ਆਬਰੂ ਰੋਲਣ ਵਾਲੇ ਅਫਗਾਨ ਧਾੜਵੀਆਂ ਨੂੰ ਖਾਮੋਸ਼ ਕਰਕੇ ਇਤਿਹਾਸ ਸਿਰਜਿਆ। ਉਸ ਦੀ ਸੇਵਾ ਭਾਵਨਾ ਨੂੰ ਹਿੰਦੂ ਸਿੱਖ ਮੁਸਲਮਾਨ ਸਭ ਦੀਆਂ ਭਰਪੂਰ ਅਸੀਸਾਂ ਹਾਸਲ ਹੋਈਆਂ।
ਭਾਰਤ ਦੀ ਅਜ਼ਾਦੀ ਲਈ ਸੰਘਰਸ਼ ਅਤੇ ਅਜ਼ਾਦੀ ਪਿੱਛੋਂ ਦੇਸ ਦੀਆਂ ਸਰਹੱਦਾਂ ਦੀ ਰਾਖੀ ਲਈ ਸਿੱਖਾਂ ਨੇ ਮਹੱਤਵਪੂਰਨ ਯੋਗਦਾਨ ਪਾ ਕੇ ਨਾਮ ਚਮਕਾਇਆ। ਦੇਸ ਦੇ ਲੋਕਾਂ ਦੀ ਆਫਤਾਂ ਸਮੇਂ ਖੁੱਲ੍ਹ ਕੇ ਸੇਵਾ ਕਰਨ ਲਈ ਸਿੱਖ ਕੌਮ ਨੇ ਮਾਨਵਤਾ ਦੇ ਉੱਚੇ ਮੁਕਾਮਾਂ ਨੂੰ ਛੁੱਹਿਆ। ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰਨ ਲਈ ਸਿੱਖ ਕੌਮ ਹਮੇਸ਼ਾ ਹਿੱਕ ਤਾਣ ਕੇ ਮੁਹਰਲੀ ਕਤਾਰ ਵਿਚ ਨਜ਼ਰ ਆਉਂਦੀ ਹੈ। ਅਨੇਕ ਕਮੀਆਂ ਦੇ ਬਾਵਜੂਦ ਸਿੱਖ ਅੱਜ ਵੀ ਸੇਵਾ ਅਤੇ ਸਾਂਝੀਵਾਲਤਾ ਦੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ, ਜਿਸ ਦੀ ਦੂਜੇ ਧਰਮਾਂ ਦੇ ਸੂਝਵਾਨ ਲੋਕ ਵੀ ਸ਼ਲਾਘਾ ਕਰਦੇ ਆਏ ਹਨ। ਇਸ ਖੇਤਰ ਨੂੰ ਸਮੇਂ ਦੀਆਂ ਲੋੜਾਂ ਅਨੁਸਾਰ ਹੋਰ ਵਿਸ਼ਾਲ ਕਰਨ ਦੀ ਲੋੜ ਹੈ।

-ਮਾਸਟਰ ਕਲੋਨੀ, ਵਾਰਡ ਨੰ. 7, ਕੁਰਾਲੀ
ਮੋਬਾਈਲ : 70093-56607

Ad Position 22
No active advertisement
ਪਿਛਲੀ ਖ਼ਬਰ ਦਸਮ ਪਾਤਿਸ਼ਾਹ ਦੀਆਂ ਮਹਾਨ ਸਿੱਖਿਆਵਾਂ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ
Ad Position 24
No active advertisement