ਸਰ ਚਾਰਲਸ ਗਫ, 'ਗੁਰੂ ਜੀ ਨੂੰ ਸੰਸਾਰ ਦਾ ਇਕ ਅਤਿ ਸੂਝਵਾਨ, ਚੜ੍ਹਦੀ ਕਲਾ ਦੀ ਮੂਰਤ ਅਤੇ ਧਾਰਮਿਕ ਰੰਗਣ ਵਿੱਚ ਰੰਗਿਆ ਹੋਇਆ ਇਕ ਮਹਾਨ ਆਗੂ ਗਿਣਦਾ ਹੈ। ਉਹ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੇ ਛਿੱਟੇ ਮਾਰ ਕੇ ਨਵੇਂ ਸਿਰਿਉਂ ਕੌਮ ਦੀ ਉਸਾਰੀ ਕੀਤੀ'। ਸਰਬੰਸਦਾਨੀ ਪਿਤਾ ਨੇ ਆਪਣਾ ਸਾਰਾ ਪਰਿਵਾਰ ਕੌਮ ਤੇ ਦੇਸ਼ ਤੋਂ ਕੁਰਬਾਨ ਹੀ ਨਹੀਂ ਕੀਤਾ, ਸਗੋਂ ਸੱਚ ਤੇ ਧਰਮ ਦੀ ਰਾਖੀ ਕਰਦਿਆਂ ਹੋਇਆ ਵੈਰੀਆਂ ਦੀ ਜੜ੍ਹ ਉਖੇੜ ਦਿੱਤੀ। ਭਾਰਤ ਦੀ ਸੁੱਤੀ ਹੋਈ ਕੌਮ ਨੂੰ ਐਸਾ ਹਲੂਣਾ ਦਿੱਤਾ ਕਿ ਉਹ ਦੁਸ਼ਮਣ ਨਾਲ ਟੱਕਰ ਲੈਣ ਲਈ ਮੁੜ ਸੁਰਜੀਤ ਹੋ ਗਈ। ਮੈਕਾਲਿਫ ਲਿਖਦਾ ਹੈ, 'ਗੁਰੂ ਜੀ ਦੀ ਜਾਦੂਈ ਸ਼ਕਤੀ ਸੀ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ'।
ਰੱਬੀ ਨੂਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸੰਮਤ 1723 ਬਿ: ਪੋਹ ਸੁਦੀ ਸਪਤਮੀ ਨੂੰ ਪਟਨਾ ਸਾਹਿਬ (ਬਿਹਾਰ) ਵਿੱਚ ਮਾਤਾ ਗੁਜਰੀ ਅਤੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ ਹੋਇਆ। ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਪੂਰਬੀ ਧਾਰਮਿਕ ਯਾਤਰਾ 'ਤੇ ਗਏ ਹੋਏ ਸਨ। ਸੱਯਦ ਭੀਖਣ ਸ਼ਾਹ ਦੁਆਰਾ ਲਿਆਂਦੀਆਂ ਦੋ ਕੁੱਜੀਆਂ ਉਤੇ ਗੁਰੂ ਜੀ ਨੇ ਆਪਣੇ ਛੋਟੇ-ਛੋਟੇ ਹੱਥ ਧਰਦਿਆਂ ਇਸ ਗੱਲ ਦਾ ਫ਼ੁਰਮਾਨ ਦਿੱਤਾ ਸੀ ਕਿ ਉਹ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਹੋਣਗੇ।
ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਆਸਾਮ ਦੇ ਦੌਰੇ ਤੋਂ ਵਾਪਿਸ ਆਏ ਤਾਂ ਉਨ੍ਹਾਂ ਦੇ ਲਾਡਲੇ ਸਪੁੱਤਰ ਸਾਢੇ ਤਿੰਨ ਸਾਲ ਦੇ ਹੋ ਚੁੱਕੇ ਸਨ। ਪਟਨੇ ਵਿਚ ਕੁਝ ਸਮਾਂ ਠਹਿਰਨ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਪਟਨੇ ਵਿਚ ਠਹਿਰਣ ਦਾ ਆਦੇਸ਼ ਦੇ ਕੇ ਵਾਪਸ ਪੰਜਾਬ ਆ ਗਏ। ਗੁਰੂ ਜੀ ਨੇ ਬਚਪਨ ਦੇ ਪਹਿਲੇ ਪੰਜ ਸਾਲ ਪਟਨੇ ਵਿਚ ਬਿਤਾਏ ਸਨ। ਜਿੱਥੇ ਗੁਰੂ ਜੀ ਦਾ ਪ੍ਰਕਾਸ਼ ਹੋਇਆ ਸੀ, ਉਸ ਥਾਂ 'ਤੇ ਸੁੰਦਰ ਗੁਰਦੁਆਰਾ ਤਖ਼ਤ ਸ੍ਰੀ ਪਟਨਾ ਸਾਹਿਬ ਸੁਸ਼ੋਭਿਤ ਹੈ। ਫਤਹਿ ਚੰਦ ਦੀ ਰਾਣੀ ਵਿਸ਼ੰਭਰ ਦੇਵੀ ਦਾ ਬਾਲ ਗੁਰੂ ਨਾਲ ਬਹੁਤ ਲਗਾਅ ਸੀ। ਉਸ ਦੀ ਆਪਣੀ ਕੋਈ ਔਲਾਦ ਨਹੀਂ ਸੀ। ਰਾਣੀ ਦੇ ਮਨ ਵਿਚ ਇੱਛਾ ਸੀ ਕਿ ਉਸ ਦੀ ਵੀ ਬਾਲਾ ਪ੍ਰੀਤਮ ਵਰਗੀ ਔਲਾਦ ਹੋਵੇ। ਗੁਰੂ ਜੀ ਨੇ ਕਿਹਾ ਕਿ ਮੇਰੇ ਵਰਗਾ ਤਾਂ ਮੈਂ ਹੀ ਹਾਂ, ਮੈਨੂੰ ਹੀ ਪੁੱਤਰ ਸਮਝੋ। ਇੱਥੇ ਹੀ ਗੁਰੂ ਜੀ ਦੇ ਪੈਰਾਂ ਦਾ ਜੋੜਾ, ਮਿੱਟੀ ਦੇ ਗੁਲੇਲੇ ਆਦਿ ਇਤਿਹਾਸਕ ਵਸਤਾਂ ਸਾਂਭੀਆ ਹਨ। ਇਸ ਦੇ ਨਾਲ ਹੀ 'ਗੁਰਦੁਆਰਾ ਗੋਬਿੰਦ ਘਾਟ' ਹੈ, ਜੋ ਗੰਗਾ ਨਦੀ ਦੇ ਕਿਨਾਰੇ 'ਤੇ ਹੈ। ਇੱਥੇ ਹੀ ਬਾਲ ਗੁਰੂ ਜੀ ਨੇ ਆਸਾਮ ਦੇ ਰਾਜੇ ਵੱਲੋਂ ਭੇਟ ਕੀਤਾ ਸੋਨੇ ਦਾ ਹੀਰੇ ਜੜਿਤ ਕੜਾ ਗੰਗਾ ਵਿਚ ਸੁੱਟ ਦਿੱਤਾ ਸੀ ਤੇ ਮਾਤਾ ਜੀ ਦੇ ਪੁੱਛਣ 'ਤੇ ਕਿ ਕੜਾ ਕਿੱਥੇ ਹੈ ਤਾਂ ਆਪ ਨੇ ਦੂਸਰਾ ਕੜਾ ਵੀ ਉਸੇ ਜਗ੍ਹਾ ਸੁੱਟ ਕੇ ਦੱਸਿਆ ਕਿ ਪਹਿਲਾ ਵੀ ਇੱਥੇ ਹੀ ਸੁਟਿਆ ਸੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਨਾਲ ਸਬੰਧਿਤ ਇਤਿਹਾਸਕ ਵਸਤਾਂ ਵੀ ਸੁਸ਼ੋਭਿਤ ਹਨ। ਬਾਕੀ ਦੇ ਤਿੰਨ ਗੁਰਦੁਆਰੇ 'ਗੁਰੂ ਕਾ ਬਾਗ', 'ਹਾਂਡੀ ਸਾਹਿਬ' ਅਤੇ 'ਗਊ ਘਾਟ' ਦੇ ਦਰਸ਼ਨ ਕਰਵਾਉਣ ਲਈ ਸ੍ਰੀ ਤਖ਼ਤ ਸਾਹਿਬ ਤੋਂ ਬੱਸਾਂ ਜਾਂਦੀਆਂ ਹਨ। ਪਿਤਾ ਜੀ ਦੇ ਹੁਕਮ ਅਨੁਸਾਰ 1671 ਈ: ਵਿੱਚ ਬਾਲ ਗੋਬਿੰਦ ਰਾਏ ਵੀ ਪਰਿਵਾਰ ਨਾਲ ਅਨੰਦਪੁਰ ਆ ਗਏ। ਜ਼ੁਲਮ ਦੀ ਜੜ੍ਹ ਪੁੱਟਣ ਲਈ ਬਚਪਨ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ। ਪਿਤਾ ਜੀ ਪਾਸੋਂ ਸ਼ਸਤਰ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਹਾਸਿਲ ਕੀਤੀ। ਕਈ ਭਾਸ਼ਾਵਾਂ 'ਚ ਨਿਪੁੰਨਤਾ ਹਾਸਿਲ ਕਰ ਲਈ, ਜਿਨ੍ਹਾਂ ਵਿੱਚੋਂ ਮੁੱਖ ਇਹ ਹਨ - ਫ਼ਾਰਸੀ, ਗੁਰਮੁਖੀ, ਹਿੰਦੀ, ਬ੍ਰਜ, ਆਦਿ।
ਬਾਲ ਗੋਬਿੰਦ ਰਾਏ ਅਜੇ 9 ਸਾਲ ਦੇ ਹੋਏ ਸਨ ਕਿ ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਸੱਚ ਅਤੇ ਧਰਮ ਦੀ ਰਾਖੀ ਲਈ, ਭਾਵ ਕੁਰਬਾਨ ਹੋਣ ਲਈ ਦਿੱਲੀ ਵੱਲ ਤੋਰਿਆ। ਉਸ ਸਮੇਂ ਔਰੰਗਜ਼ੇਬ ਇਕ ਵੱਢਿਓਂ ਹੀ ਸਾਰੀ ਸਲਤਨਤ ਨੂੰ ਮੁਸਲਮਾਨ ਬਣਾ ਰਿਹਾ ਸੀ। ਸੂਫੀ ਫ਼ਕੀਰ ਬੁੱਲ੍ਹੇਸ਼ਾਹ ਨੇ ਠੀਕ ਹੀ ਕਿਹਾ ਹੈ:
ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ,
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ
ਤੋ ਸੁੰਨਤ ਹੋਤੀ ਸਭ ਕੀ।
ਬਾਲ ਗੋਬਿੰਦ ਰਾਇ ਅਤਿ ਦੀ ਅਡੋਲਤਾ, ਦ੍ਰਿੜ੍ਹਤਾ ਅਤੇ ਪ੍ਰਪੱਕਤਾ ਦਾ ਪ੍ਰਗਟਾਵਾ ਕਰਦਿਆਂ ਹੋਇਆ ਆਪਣੀ ਮੰਜ਼ਿਲ ਵੱਲ ਵਧਦੇ ਗਏ। ਪਾਉਂਟਾ ਸਾਹਿਬ ਵਿਖੇ ਗੁਰੂ ਜੀ ਦੇ ਦਰਬਾਰ ਵਿਚ 52 ਸਾਹਿੱਤ ਰਸੀਏ ਕਵੀਆਂ ਤੋਂ ਇਲਾਵਾ ਹੋਰ ਪਤਾ ਨਹੀਂ ਕਿੰਨੇ ਕੁ ਵਿਦਵਾਨ, ਜੋ ਦੂਰ-ਦੁਰਾਡੇ ਤੋਂ ਆਉਂਦੇ ਤੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਸਨ। ਗੁਰੂ ਜੀ ਦੇ ਸਿਰਮੌਰ ਕਵੀਆਂ ਵਿਚੋਂ ਭਾਈ ਨੰਦ ਲਾਲ ਨੇ ਇਕ ਕਵਿਤਾ ਦੀ ਸਿਰਜਣਾ ਕੀਤੀ ਸੀ, ਜਿਸ ਦੀਆਂ ਦੋ ਕੁ ਸਤਰਾਂ ਇਸ ਤਰ੍ਹਾਂ ਹਨ:
ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ,
ਈਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ।...
ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ,
ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ
ਦਸਵੀਂ ਪਾਤਸ਼ਾਹੀ ਦੁਆਰਾ ਰਚਿਤ ਬਾਣੀਆਂ ਵਿੱਚੋਂ ਮੁੱਖ ਇਹ ਹਨ - 'ਜਾਪੁ ਸਾਹਿਬ', '33 ਸਵੈਯੇ', 'ਸ਼ਬਦ ਹਜ਼ਾਰੇੇ', ਜ਼ਫ਼ਰਨਾਮਾ, ਆਦਿ। ਗੁਰੂ ਜੀ ਦੀ 'ਚੰਡੀ ਦੀ ਵਾਰ' ਬੀਰ-ਰਸ ਭਰਪੂਰ ਰਚਨਾ ਹੈ। ਅੰਮ੍ਰਿਤ ਛਕਾਉਣ ਸਮੇਂ ਗੁਰੂ ਜੀ ਦੀਆਂ ਤਿੰਨ ਬਾਣੀਆਂ ਦਾ ਪਾਠ ਵੀ ਕੀਤਾ ਜਾਂਦਾ ਹੈ।
ਵਿਸਾਖੀ 1699 ਈ: ਦਾ ਦਿਨ, ਇਕ ਇਤਿਹਾਸਕ ਦਿਨ ਸੀ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਦੇ ਸਥਾਨ 'ਤੇ ਪੰਜ ਪਿਆਰਿਆਂ ਨੂੰ ਖੰਡੇ-ਬਾਟੇ ਦਾ ਪਾਹੁਲ ਛਕਾ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਫਿਰ ਉਨ੍ਹਾਂ ਪੰਜ ਪਿਆਰਿਆਂ ਪਾਸੋਂ ਆਪ ਜੀ ਨੇ ਅੰਮ੍ਰਿਤ ਛਕਿਆ; ਤਾਹੀਓਂ ਇਹ ਕਿਹਾ ਜਾਂਦਾ ਹੈ: ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।
ਕਲਗੀਧਰ ਦਸਮੇਸ਼ ਪਿਤਾ ਨੂੰ ਮੁਗ਼ਲ ਹਾਕਮਾਂ ਨਾਲ ਕਈ ਯੁੱਧ ਲੜਨੇ ਪਏ, ਜਿਵੇਂ ਭੰਗਾਣੀ ਦਾ ਯੁੱਧ, ਨਾਦੌਣ ਦਾ ਯੁੱਧ, ਹੁਸੈਨੀ ਦਾ ਯੁੱਧ, ਸ੍ਰੀ ਅਨੰਦਪੁਰ ਦੀ ਜੰਗ, ਚਮਕੌਰ ਦਾ ਯੁੱਧ, ਖਿਦਰਾਣੇ ਦੀ ਢਾਬ ਜੀ ਜੰਗ, ਆਦਿ। ਗੁਰੂ ਜੀ ਨੇ ਜਦੋਂ ਅਨੰਦਪੁਰ ਦਾ ਕਿਲਾ ਛੱਡਿਆ ਤਾਂ ਭਰ-ਸਰਦੀ ਦੀ ਕਾਲੀ-ਬੋਲ਼ੀ ਰਾਤ ਸੀ, ਵਰਖਾ ਹੋ ਰਹੀ ਸੀ। ਮੁਗ਼ਲਾਂ ਨੇ ਕੀਤੇ ਹੋਏ ਕੌਲ-ਇਕਰਾਰ ਨੂੰ ਤੋੜਦਿਆਂ ਹੋਇਆ ਗੁਰੂ ਜੀ 'ਤੇ ਹਮਲਾ ਬੋਲ ਦਿੱਤਾ। ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ। ਇਸ ਨੂੰ ਪਾਰ ਕਰਦਿਆਂ ਵਡਮੁੱਲਾ ਸਾਹਿਤ, ਕੀਮਤੀ ਸਾਜ਼ੋ-ਸਾਮਾਨ ਅਤੇ ਜਾਨ ਤੋਂ ਪਿਆਰੇ ਸਿੰਘ ਸੂਰਮੇ ਸਰਸਾ ਦੀ ਭੇਟ ਚੜ੍ਹ ਗਏ। ਗੁਰੂ ਜੀ ਦਾ ਸਾਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ।
ਮਾਛੀਵਾੜਾ ਦੇ ਜੰਗਲਾਂ ਵਿਚੋਂ ਹੁੰਦੇ ਹੋਏ ਗੁਰੂ ਜੀ 'ਦੀਨਾ ਕਾਂਗੜ' ਪਹੁੰਚੇ। ਇੱਥੋਂ ਹੀ ਔਰੰਗਜ਼ੇਬ ਨੂੰ 'ਜ਼ਫ਼ਰਨਾਮਾ' ਲਿਖਿਆ, ਜਿਸ ਰਾਹੀਂ ਅਧਰਮ ਤੇ ਅਨੈਤਿਕਤਾ ਦਾ ਰਾਹ ਛੱਡ ਕੇ ਆਮ ਲੋਕਾਂ ਨੂੰ ਸੁਖ ਦਾ ਸਾਹ ਦੇਣ ਦਾ ਉਪਦੇਸ਼ ਦਿੱਤਾ, ਇਸ ਨੂੰ 'ਫ਼ਤਹਿਨਾਮਾ' ਵੀ ਕਿਹਾ ਜਾਂਦਾ ਹੈ।
ਭਾਈ ਮਨੀ ਸਿੰਘ, ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਦੇਵਾਂ ਜੀ, ਜਦੋਂ ਦਿੱਲੀ ਤੋਂ ਦਮਦਮਾ ਸਾਹਿਬ ਪਹੁੰਚੇ ਤਾਂ ਉਨ੍ਹਾਂ ਸਾਹਿਬਜ਼ਾਦਿਆਂ ਬਾਰੇ ਪੁੱਛਿਆ। ਸਰਬੰਸਦਾਨੀ ਪਿਤਾ ਨੇ ਖ਼ਾਲਸੇ ਵੱਲ ਇਸ਼ਾਰਾ ਕਰਦਿਆਂ ਫੁਰਮਾਨ ਕੀਤਾ:
ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ।
ਚਾਰੇ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।
ਇੱਥੇ ਹੀ ਗੁਰੂ ਜੀ ਨੇ ਭਾਈ ਮਨੀ ਸਿੰਘ ਪਾਸੋਂ 'ਆਦਿ ਗ੍ਰੰਥ ਸਾਹਿਬ' ਮੁੜ ਲਿਖਵਾਇਆ ਤੇ ਇਸ ਵਿੱਚ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਦਾਰ ਜੀ ਦੀ ਬਾਣੀ ਦਰਜ ਕੀਤੀ।
ਦਸਮੇਸ਼ ਪਿਤਾ ਜੀ ਨੰਦੇੜ ਸਾਹਿਬ ਪਹੁੰਚ ਗਏ। ਮਾਧੋ ਦਾਸ ਬੈਰਾਗੀ ਨੂੰ ਮਿਲੇ। ਖੰਡੇ-ਬਾਟੇ ਦਾ ਪਾਹੁਲ ਛਕਾਇਆ। ਸਿੰਘ ਸਜਾ ਕੇ 'ਬੰਦਾ ਸਿੰਘ' ਨੂੰ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਲਈ ਪੰਜਾਬ ਵੱਲ ਤੋਰਿਆ। ਸੰਮਤ 1765 ਬਿ: ਨੂੰ ਹਜ਼ੂਰ ਸਾਹਿਬ (ਨਾਂਦੇੜ) ਵਿਖੇ 'ਆਦਿ ਬੀੜ ਸਾਹਿਬ' ਨੂੰ ਗੁਰਿਆਈ ਬਖਸ਼ਦਿਆਂ ਹੋਇਆ ਖਾਲਸਾ ਪੰਥ ਨੂੰ 'ਗੁਰੂ ਸ਼ਬਦ- ਸ੍ਰੀ ਗੁਰੂ ਗ੍ਰੰਥ ਸਾਹਿਬ' ਦੇ ਲੜ ਲਾ ਕੇ ਆਪ ਸੱਚਖੰਡ ਪਿਆਨਾ ਕਰ ਗਏ।
ਸਰਬੰਸਦਾਨੀ ਪਿਤਾ ਨੇ ਪੰਥ ਦੀ ਖ਼ਾਤਿਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਸਮਾਜਿਕ ਕੁਰੀਤੀਆਂ ਦੀ ਜੜ੍ਹ ਮੁਕਾਈਏ, ਮਜ਼ਲੂਮਾਂ ਦੀ ਰੱਖਿਆ ਲਈ ਅੱਗੇ ਆਈਏ ਅਤੇ ਕੌਮੀ ਏਕਤਾ ਦੀ ਭਾਵਨਾ ਨੂੰ ਚਾਰ-ਚੰਨ ਲਗਾਈਏ। ਅੱਲਾ ਯਾਰ ਖਾਂ ਜੋਗੀ ਦਾ ਕਹਿਣਾ ਹੈ:
ਕਰਤਾਰ ਕੀ ਸੌਗੰਧ ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ ਵੋਹ ਕਮ ਹੈ।
-# 402-ਈ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ-141 013 ਮੋਬਾਈਲ : 94170-01983