ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਦਸਮ ਪਾਤਿਸ਼ਾਹ ਦੀਆਂ ਮਹਾਨ ਸਿੱਖਿਆਵਾਂ

Ad Position 21
No active advertisement
ਅਜੀਤ ਡੈਸਕ 27-12-2025

ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਅੰਤ ਵਿਸ਼ੇਸ਼ਣਾ ਨਾਲ ਯਾਦ ਕੀਤਾ ਜਾਂਦਾ ਹੈ-ਕਲਗੀਆਂ ਵਾਲੇ, ਬਾਜਾਂ ਵਾਲੇ, ਸਰਬੰਸਦਾਨੀ, ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਨੀਲੇ ਦੇ ਸਵਾਰ, ਚੋਜੀ ਪ੍ਰੀਤਮ, ਪੁੱਤਰਾਂ ਦੇ ਦਾਨੀ, ਪਰਮ ਪੁਰਖ, ਦੁਸ਼ਟ ਦਮਨ, ਸੰਤ ਸਿਪਾਹੀ, ਸਾਹਿਬੇ ਕਮਾਲ, ਮਰਦ ਅਗੰਮੜਾ, ਮਹਾਨ ਮਨੋਵਿਗਿਆਨੀ, ਸ਼ਮਸ਼ੀਰਏ ਬਹਾਦਰ, ਆਪੇ ਗੁਰਚੇਲਾ, ਮਾਨਵਤਾ ਦੇ ਰਹਿਬਰ, ਬਾਦਸ਼ਾਹ ਦਰਵੇਸ਼ ਤੇ ਕਲਮ ਦੇ ਧਨੀ ਆਦਿ। ਸਿੱਖ ਧਰਮ ਦੀ ਮਰਯਾਦਾ ਨੂੰ ਦੇਖੋ ਤਾਂ ਨਿੱਤਨੇਮ ਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਸਮੇਂ ਦਸਮ ਪਾਤਸ਼ਾਹ ਜੀ ਦੀ ਬਾਣੀ ਦਾ ਜਾਪ, ਅਰਦਾਸ ਦੀ ਪਹਿਲੀ ਪਉੜੀ ਸਤਿਗੁਰਾਂ ਦੀ ਰਚਨਾ, ਬੀਰ ਰਸੀ ਰਚਨਾ ਦਾ ਨਿਆਰਾ ਸਰੂਪ, ਰਾਗਬੱਧ ਬਾਣੀ ਦਾ ਰੂਹਾਨੀ ਰੰਗ, ਬਚਿੱਤਰ ਨਾਟਕ ਅਤੇ ਜ਼ਫ਼ਰਨਾਮਾ ਵਿਚ ਬੇਅੰਤ ਇਤਿਹਾਸਕ ਹਵਾਲੇ ਵੀ ਮਿਲਦੇ ਹਨ।
ਸਤਿਗੁਰਾਂ ਦੀ ਸਿੱਖਿਆ ਅਨੁਸਾਰ ਹਰੇਕ ਇਨਸਾਨ 'ਸ਼ੁਭ ਕਰਮਨ ਤੇ ਕਬਹੂੰ ਨ ਟਰੋਂ' ਦਾ ਦ੍ਰਿੜ੍ਹ ਨਿਸਚਾ ਕਰੇ ਅਤੇ ਆਤਮ ਵਿਸ਼ਵਾਸ ਹੋਵੇ ਕਿ 'ਨਿਸਚੈ ਕਰ ਅਪਨੀ ਜੀਤ ਕਰੋਂ।' ਫਿਰ ਜਦ ਫ਼ਤਹਿ ਪ੍ਰਾਪਤ ਹੋਵੇ ਤਾਂ ਹਉਮੈ ਨਹੀਂ ਕਰਨੀ ਸਗੋਂ ਅਕਾਲ ਦਾ ਸ਼ੁਕਰਾਨਾ ਕਰਨਾ ਹੈ, 'ਭਈ ਜੀਤ ਮੇਰੀਕਿਰਪਾ ਕਾਲ ਕੇਰੀ।'' ਦਸਮ ਰਚਨਾਵਾਂ ਦੇ ਆਰੰਭ ਵਿਚ 'ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ' ਬੇਅੰਤ ਵਾਰ ਆਇਆ ਹੈ, ਜੋ ਖ਼ਾਲਸਈ ਸੰਬੋਧਨੀ ਬੋਲੇ ਦਾ ਮੁੱਖ ਅਧਾਰ ਹੈ।
ਦਸਮ ਪਾਤਸ਼ਾਹ ਜੀ ਨੇ ਅਕਾਲ ਪੁਰਖ ਨੂੰ 'ਨਮੋ ਪ੍ਰੀਤ ਪ੍ਰੀਤੇ' ਉਚਾਰ ਕੇ ਨਮਸਕਾਰ ਕੀਤੀ ਹੈ ਕਿ ਹੇ ਪ੍ਰਭੂ! ਤੂੰ ਸਿਰਮੌਰ ਪ੍ਰੇਮ ਦਾ ਖਜ਼ਾਨਾ ਹੈਂ। ਫਿਰ ਮਾਨਵਤਾ ਨੂੰ ਸਬਕ ਦ੍ਰਿੜ੍ਹਾਇਆ ਕਿ ਕਿਸੇ ਵੀ ਭਰਮ ਵਿਚ ਨਾ ਭਟਕੋ ਕਿਉਂਕਿ ਪ੍ਰਭੂ ਤਾਂ ਸਭ ਦਿਸ਼ਾਵਾਂ ਵਿਚ ਪ੍ਰੇਮ ਰੂਪ ਹੋ ਕੇ ਪਸਰਿਆ ਹੋਇਆ ਹੈ। 'ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ'। ਇਸ ਤਰ੍ਹਾਂ ਜਦ ਸਮਾਜ ਪ੍ਰੇਮ ਸਰੂਪ ਪ੍ਰਭੂ ਬਾਰੇ ਗਿਆਨ ਪ੍ਰਾਪਤ ਕਰੇਗਾ ਤਾਂ ਪ੍ਰਭੂ ਦੇ ਪਰਿਵਾਰ ਨੂੰ ਪ੍ਰੇਮ ਕਰੇਗਾ। ਇਸ ਤਰ੍ਹਾਂ ਸੰਕੀਰਣ ਸੋਚਾਂ ਵਿਚੋਂ ਜਾਤ ਪਾਤ, ਊਚ ਨੀਚ, ਰੰਗ ਨਸਲ ਦੇ ਭੇਦ ਆਪਣੇ ਆਪ ਹੀ ਖਤਮ ਹੋ ਜਾਣਗੇ। ਸਪੱਸ਼ਟ ਸ਼ਬਦਾਂ ਵਿਚ ਉਪਦੇਸ਼ ਹੈ: 'ਹਿੰਦੂ ਤੁਰਕ ਕੋਊ ਰਾਫਜ਼ੀ ਇਮਾਮ ਸਾਫੀ, ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ'। ਸਤਿਗੁਰਾਂ ਨੇ ਪ੍ਰਭੂ ਪ੍ਰਾਪਤੀ ਦਾ ਸਰਲ ਮਾਰਗ ਮਾਨਵਤਾ ਨੂੰ ਸਮਝਾਇਆ ਕਿ, 'ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ' ਸਿੱਖਿਆ ਦੇ ਧਾਰਨੀ ਹੋ ਕੇ ਜੀਵਨ ਸੰਵਾਰਨਾ ਹੈ।
ਦਸਮ ਪਾਤਸ਼ਾਹ ਸੰਸਾਰ ਨੂੰ ਸਰੀਰਕ ਤੰਦਰੁਸਤੀ ਲਈ ਜੀਵਨ ਜੁਗਤ ਸਮਝਾਉਂਦੇ ਹਨ ਕਿ ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਦਯਾ ਤੇ ਖਿਮਾ ਧਾਰਨ ਕਰਨੀ ਤੇ ਆਪਣੇ ਤਨ ਨੂੰ ਪ੍ਰੀਤ ਕਰਨੀ ਹੈ। ਜਦ ਸੀਲ, ਸੰਤੋਖ, ਸੰਜਮ ਦਾ ਧਾਰਨੀ ਹੋ ਕੇ ਮਨੁੱਖ, ਰਜੋ, ਤਮੋ, ਸਤੋ ਆਦਿ ਤ੍ਰੈ ਗੁਣਾਂ ਤੋਂ ਨਿਰਲੇਪ ਰਹੇਗਾ ਤਾਂ ਤਨ ਵੀ ਕੰਚਨ (ਸੋਨੇ) ਵਰਗਾ ਰਹੇਗਾ। ਸਤਿਗੁਰਾਂ ਦਾ ਮਹਾਨ ਸਬਕ ਹੈ,
ਅਲਪ ਅਹਾਰ ਸੁਲਪ ਸੀ ਨਿੰਦ੍ਰਾ,
ਦਯਾ ਛਿਮਾ ਤਨ ਪ੍ਰੀਤਿ॥
ਸੀਲ ਸੰਤੋਖ ਸਦਾ ਨਿਰਬਾਹਿਬੋ
ਹ੍ਵੈਬੋ ਤ੍ਰਿਗੁਣ ਅਤੀਤਿ॥
ਹੁਣ ਜੇ ਕਰ ਤਨ ਬਲਵਾਨ ਹੈ ਤਾਂ ਮਨ ਭਾਵ ਵਿਚਾਰ ਸ਼ਕਤੀ ਵੀ ਬਲਵਾਨ ਹੋਣੀ ਜ਼ਰੂਰੀ ਹੈ। ਇਸ ਲਈ ਸਤਿਗੁਰਾਂ ਨੇ ਅਕਾਲ ਦੇ ਨਾਮ ਦੀ ਮਹਿਮਾ ਵਰਣਨ ਕਰਦਿਆਂ, ਸਿਮਰਨ ਦਾ ਉਪਦੇਸ਼ ਦਿੰਦਿਆਂ ਪ੍ਰਭੂ ਨਾਮ ਦੀ ਸ਼ਕਤੀ ਬਿਆਨ ਕੀਤੀ ਹੈ, 'ਨਮੋ ਮੰਤ੍ਰ ਮੰਤ੍ਰੰ॥ ਨਮੋ ਜੰਤ੍ਰ ਜੰਤ੍ਰੰ॥ ਨਮੋ ਇਸਟ ਇਸਟੇ॥ ਨਮੋ ਤੰਤ੍ਰ ਤੰਤ੍ਰੰ॥' ਇਸੇ ਤਰ੍ਹਾਂ ਕਬਰਾਂ ਮੜ੍ਹੀਆਂ ਦੇ ਪੂਜਕਾਂ ਨੂੰ ਭਰਮ ਮੁਕਤ ਕਰਦਿਆਂ ਸਮਝਾਇਆ ਕਿ, 'ਇਕ ਮੜੀਅਨ ਕਬਰਨ ਵੈ ਜਾਹੀ॥ ਦੁਹੂੰਅਨ ਮੈ ਪਰਮੇਸੁਰ ਨਾਹੀ॥' ਇਸ ਲਈ 'ਤਵੱਕ ਨਾਮ ਰੱਤੰ' ਵਾਲੀ ਅਵਸਥਾ ਦੇ ਧਾਰਨੀ ਬਣਨ ਦੀ ਸਿੱਖਿਆ ਦਿੱਤੀ ਹੈ।
ਕਲਗੀਧਰ ਪਾਤਸ਼ਾਹ ਜੀ ਨੇ ਜਬਰ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਸਵੈ ਰੱਖਿਆ ਵਾਸਤੇ ਸ਼ਸਤਰਾਂ ਨੂੰ, 'ਯਹੈ ਹਮਾਰੈ ਪੀਰ' ਕਹਿ ਕੇ ਸਤਿਕਾਰਿਆ ਹੈ ਅਤੇ 'ਜਿਤੇ ਸ਼ਸਤਰ ਨਾਮੰ॥ ਨਮਸਕਾਰ ਤਾਮੰ॥' ਉਚਾਰ ਕੇ ਮਾਨਵਤਾ ਨੂੰ ਗੈਰਤ ਅਣਖ ਨਾਲ ਜੀਣ ਦਾ ਤੇ ਸ਼ਸਤਰਾਂ ਨੂੰ ਪ੍ਰੇਮ ਕਰਨ ਦਾ ਸੰਦੇਸ਼ ਦਿੱਤਾ। ਦੂਜੇ ਪਾਸੇ ਤਲਵਾਰ ਉਠਾਉਣੀ ਉਸ ਸਮੇਂ ਜਾਇਜ਼ ਕਹੀ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ। ਫ਼ਰਮਾਨ ਹੈ:
'ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥'
ਸਤਿਗੁਰਾਂ ਦੀ ਬਖਸ਼ੀ ਸਿੱਖਿਆ ਅਨੁਸਾਰ ਗਿਆਨ ਪ੍ਰਾਪਤੀ ਲਈ ਤਨ ਨੂੰ ਧੀਰਜ ਦਾ ਘਰ ਬਣਾਇਆ ਜਾਵੇ। ਇਸ ਵਿਚ ਬੁੱਧ ਰੂਪੀ ਦੀਵਾ ਜਗੇ ਤੇ ਮਨ ਰੂਪੀ ਹੱਥ ਦੇ ਵਿਚ ਗਿਆਨ ਰੂਪੀ ਬੁਹਾਰੀ ਪਕੜੀ ਜਾਵੇ ਤਾਂ ਕਾਇਰਤਾ ਤੇ ਡਰਪੋਕਪੁਣੇ ਦਾ ਨਿਕੰਮਾ ਕੂੜਾ ਹੂੰਝਿਆ ਜਾ ਸਕਦਾ ਹੈ:
ਧੀਰਜ ਧਾਮ ਬਨਾਇ ਇਹੈ ਤਨ,
ਬੁੱਧਿ ਸੁ ਦੀਪਕ ਜਿਉ ਉਜੀਆਰੈ॥
ਗਿਯਾਨਹਿ ਕੀ ਬਢਨੀ ਮਨਹੁ ਹਾਥ ਲੈ,
ਕਾਤਰਤਾ ਕੁਤਵਾਰ ਬੁਹਾਰੈ॥

ਜਦ ਸਤਿਗੁਰਾਂ ਨੇ ਔਰੰਗ਼ਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ ਤਾਂ ਭਾਵੇਂ ਇਹ ਪ੍ਰਥਾਇ ਔਰੰਗ਼ਜੇਬ ਹੈ, ਪਰ ਸਿੱਖਿਆ ਸਮੁੱਚੀ ਮਾਨਵਤਾ ਲਈ ਹੈ। ਭਾਵ ਅਰਥਾਂ ਅਨੁਸਾਰ ਸੱਚਾ ਇਨਸਾਨ ਕਹਾਉਣ ਦਾ ਹੱਕਦਾਰ ਉਹ ਹੈ ਜੋ ਬਚਨਾਂ ਦਾ ਪੱਕਾ ਹੋਵੇ ਅਤੇ ਜਿਸਦੇ ਮੂੰਹ ਵਿਚ ਕੁਝ ਹੋਰ ਤੇ ਚਿੱਤ ਵਿਚ ਕੁਝ ਹੋਰ ਹੈ, ਉਹ ਸੱਚਾ ਮਰਦ ਨਹੀਂ ਹੋ ਸਕਦਾ। ਅੱਜ ਸਾਡੇ ਸਮਾਜ ਦੀ ਤ੍ਰਾਸਦੀ ਇਹੋ ਹੈ ਕਿ ਝੂਠ ਫਰੇਬ ਦਾ ਬੋਲਬਾਲਾ ਵਧ ਰਿਹਾ ਹੈ। ਲੋੜ ਹੈ ਸਤਿਗੁਰਾਂ ਦੀ ਸਿੱਖਿਆ ਨੂੰ ਸਮਝਿਆ ਜਾਵੇ ਅਤੇ ਇਕ ਦੂਜੇ ਉੱਪਰ ਦੋਸ਼ ਲਗਾਉਣ ਨਾਲੋਂ ਹਰੇਕ ਆਪੋ ਆਪਣਾ ਸੁਧਾਰ ਕਰੇ। ਸਤਿਗੁਰਾਂ ਦੀ ਦ੍ਰਿਸ਼ਟੀ ਵਿਚ ਸੱਚੀ ਇਨਸਾਨੀਅਤ ਇਹ ਹੈ:
ਹਮੂੰ ਮਰਦ ਬਾਯਦ ਸ਼ਵਦ ਸੁਖ਼ਨਵਰ॥
ਨ ਸ਼ਿਕਮੇ ਦਿਗਰ ਦਰ ਦਹਾਨਿ ਦਿਗਰ॥
-0-

Ad Position 22
No active advertisement
ਪਿਛਲੀ ਖ਼ਬਰ ਗੁਰੂ ਪਾਤਿਸ਼ਾਹ ਦਾ ਸ਼ਬਦ-ਗੁਰੂ ਪ੍ਰਤੀ ਸਤਿਕਾਰ ਅਗਲੀ ਖ਼ਬਰ ਗੁਰੂ ਸਾਹਿਬ ਦਾ ਇਤਿਹਾਸਕ ਪ੍ਰਭਾਵ
Ad Position 24
No active advertisement