ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2025

ਦਸਮ ਪਾਤਿਸ਼ਾਹ ਦੇ ਆਗਮਨ ਦਾ ਤੱਤ-ਉਦੇਸ਼: ਹੱਕ-ਪ੍ਰਸਤ ਤੇ ਹੱਕ ਮੁਤਲਾਸ਼ੀਆਂ ਦੇ ਵਿਸ਼ਵ ਰਹਿਬਰ <br/>

Ad Position 21
No active advertisement
ਅਜੀਤ ਡੈਸਕ 06-01-2025

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗਤ 'ਚ ਆਪਣੇ ਆਗਮਨ ਦਾ ਤੱਤ-ਉਦੇਸ਼ ਜਾਂ ਸਤਿ-ਆਦਰਸ਼ ਖ਼ੁਦ ਆਪਣੀ ਪਾਵਨ ਬਾਣੀ 'ਬਚਿੱਤ੍ਰ ਨਾਟਕ' ਵਿਚ ਬੜੇ ਸਪੱਸ਼ਟ ਤਰੀਕੇ ਨਾਲ ਪ੍ਰਗਟਾਉਂਦੇ ਹਨ :
ਹਮ ਇਹ ਕਾਜ ਜਗਤ ਮੋ ਆਏ¨ ਧਰਮ ਹੇਤ ਗੁਰਦੇਵ ਪਠਾਏ¨
ਜਹਾਂ ਤਹਾਂ ਤੁਮ ਧਰਮ ਬਿਥਾਰੋ¨ ਦੁਸਟ ਦੋਖੀਅਨਿ ਪਕਰਿ ਪਛਾਰੋ¨42¨
ਯਾਹੀ ਕਾਜ ਧਰਾ ਹਮ ਜਨਮੰ¨ ਸਮਝ ਲੇਹੁ ਸਾਧੂੁ ਸਭ ਮਨ ਮੰ¨
ਧਰਮ ਚਲਾਵਨ ਸੰਤ ਉਬਾਰਨ¨ ਦੁਸਟ ਸਭਨ ਕੋ ਮੂਲ ਉਪਾਰਨ¨43¨
(ਬਚਿ੍ੱਤ ਨਾਟਕ ,ਅਧਿਆਇ 6)
ਉਪਰੋਕਤ ਮੁਖਵਾਕ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼ ਕਿਸੇ ਖ਼ਾਸ ਕੌਮ, ਖਿੱਤੇ, ਦੇਸ਼, ਜਾਤੀ, ਮਜ਼੍ਹਬ ਜਾਂ ਕੁਲ ਦੇ ਭਲੇ ਲਈ ਮਖ਼ਸੂਸ (ਰਾਖ਼ਵਾਂ) ਨਹੀਂ, ਸਗੋਂ ਸਾਰੇ ਜਗਤ ਦੇ ਉਧਾਰ ਲਈ ਹੈ | ਗੁਰੂ ਸਾਹਿਬ ਧਰਮ ਦੇ ਵਿਸਥਾਰ ਹੇਤ, ਦੀਨ-ਦੁਨੀ ਦੀ ਰੱਖਿਆ ਤੇ ਦੁਸ਼ਟਾਂ-ਜ਼ਾਲਮਾਂ ਦਾ ਨਾਸ਼ ਕਰਨ ਲਈ ਹੀ ਅਕਾਲ ਪੁਰਖ ਦੁਆਰਾ ਜਗਤ ਵਿਚ ਭੇਜੇ ਗਏ 'ਪਰਮ ਦੂਤ' ਸਨ |
ਦਸਮ ਪਾਤਿਸ਼ਾਹ ਦਾ ਆਦਰਸ਼ ਕਿੰਨਾ ਉੱਚਾ-ਸੁੱਚਾ ਤੇ ਸਰਬ-ਸਾਂਝਾ ਸੀ, ਗੁਰੂ ਦਸਮੇਸ਼ ਜੀ ਆਪਣੀ ਸੰਸਾਰਕ ਯਾਤਰਾ 'ਚ ਹੀ ਅਜਿਹੇ ਪੂਰਨੇ ਪਾ ਗਏ ਹਨ ਕਿ ਕੋਈ ਸ਼ੰਕਾ-ਸੁਬਹਾ ਹੋਣ ਦੀ ਗੁੰਜਾਇਸ਼ ਹੀ ਨਹੀਂ ਬਚਦੀ | ਇਕ ਅੰਤਰਮੁਖੀ, ਅਨੁਭਵੀ ਫ਼ਕੀਰ ਭੀਖਣ ਸ਼ਾਹ ਜਦੋਂ ਪਟਨਾ ਸਾਹਿਬ ਗੁਰੂ ਸਾਹਿਬ ਦੇ ਪ੍ਰਕਾਸ਼ ਹੋਣ ਦੀ ਖ਼ਬਰ ਸੁਣ ਕੇ ਦਰਸ਼ਨ ਕਰਨ ਪਹੁੰਚਿਆ ਤਾਂ ਉਸ ਨੇ ਬਾਲ ਗੋਬਿੰਦ ਰਾਇ ਜੀ ਦੇ ਦਰਸ਼ਨ ਕਰਕੇ ਮੱਥਾ ਟੇਕਿਆ ਅਤੇ ਦੋ ਕੁੱਜੇ, ਇਕ ਵਿਚ ਦੁੱਧ ਅਤੇ ਇਕ ਵਿਚ ਪਾਣੀ ਸੀ, ਅੱਗੇ ਕਰ ਦਿੱਤੇ ਕਿ ਜੇਕਰ ਦੁੱਧ ਡੋਲ੍ਹਣਗੇ ਤਾਂ ਮੁਸਲਮਾਨਾਂ ਦੇ ਪੀਰ ਹੋਣਗੇ ਤੇ ਜੇ ਪਾਣੀ ਡੋਲ੍ਹਣਗੇ ਤਾਂ ਹਿੰਦੂਆਂ ਦੇ ਅਵਤਾਰ ਹੋਣਗੇ | ਅਕਾਲ ਜੋਤਿ ਬਾਲ ਗੋਬਿੰਦ ਰਾਇ ਜੀ ਨੇ ਦੋਵੇਂ ਕੁੱਜੇ ਡੋਲ੍ਹ ਦਿੱਤੇ | ਇੰਨੀ ਛੋਟੀ ਅਵਸਥਾ ਦੇ ਬਾਲ ਦੀ ਸੋਝੀ ਤੇ ਉੱਚ ਆਦਰਸ਼ੀ ਸੋਚ ਦਾ ਅਨੂਠਾ ਕੌਤਕ ਦੇਖ ਭੀਖਣ ਸ਼ਾਹ ਵਿਸਮਾਦਤ ਹੋ ਗਏ | ਬਾਹਰ ਆ ਕੇ ਕਹਿਣ ਲੱਗੇ, 'ਪਟਨੇ ਦੇ ਵਾਸੀਓ ਤੁਸੀਂ ਵਡਭਾਗੇ ਹੋ, ਤੁਹਾਡੇ ਸ਼ਹਿਰ ਮਾਨਵਤਾ ਦਾ ਰਹਿਬਰ ਆ ਉਤਰਿਆ ਹੈ | ਉਹ ਨਾ ਇਕੱਲੇ ਹਿੰਦੂਆਂ ਦਾ ਤੇ ਨਾ ਇਕੱਲੇ ਮੁਸਲਮਾਨਾਂ ਦਾ ਹੈ | ਉਹ ਸਾਰੀ ਮਨੁੱਖਤਾ ਦਾ ਸਰਬ-ਸਾਂਝਾ ਗੁਰੂ ਹੈ |'
ਦਸਮ ਪਾਤਿਸ਼ਾਹ ਨੂੰ ਅਕਾਲ ਪੁਰਖ ਨੇ ਆਪਣਾ ਪਰਮ-ਪੁੱਤਰ ਬਣਾ ਕੇ ਇਸ ਮਾਤ ਲੋਕ ਵਿਚ ਸਮੁੱਚੀ ਮਾਨਵਤਾ ਨੂੰ ਮਜ਼੍ਹਬਾਂ, ਫ਼ਿਰਕਿਆਂ, ਫ਼ੋਕਟ ਕਰਮ-ਕਾਂਡਾਂ ਦੇ ਝਗੜੇ-ਝੇੜਿਆਂ ਵਿਚੋਂ ਬਾਹਰ ਕੱਢ ਕੇ ਸਿਰਫ਼ ਧਰਮ ਦੇ ਸਹੀ ਰਾਹ 'ਤੇ ਤੋਰਨ ਲਈ ਭੇਜਿਆ ਸੀ, ਜਿਸ ਦਾ ਜ਼ਿਕਰ ਦਸਮ ਪਿਤਾ ਖੁਦ ਕਰਦੇ ਹਨ :
ਮੈ ਅਪਨਾ ਸੁਤ ਤੋਹਿ ਨਿਵਾਜਾ¨
ਪੰਥ ਪ੍ਰਚੁਰ ਕਰਬੇ ਕਹੁ ਸਾਜਾ¨
ਜਹਾ ਤਹਾਂ ਤੈ ਧਰਮੁ ਚਲਾਇ¨
ਕਬੁਧਿ ਕਰਨ ਤੇ ਲੋਕ ਹਟਾਇ¨ 29¨ (ਬਚਿੱਤ੍ਰ ਨਾਟਕ)
ਕੁਝ ਨਵੀਨ ਇਤਿਹਾਸਕਾਰਾਂ ਨੇ ਇਕ ਭੁਲੇਖਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਦਰਸ਼ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼, ਵੱਖੋ-ਵੱਖਰਾ ਸੀ | ਦਰਅਸਲ ਗੁਰੂ ਸਾਹਿਬਾਨ ਦੇ ਆਦਰਸ਼ ਨੂੰ ਸਮਝੇ ਬਗੈਰ ਹੀ ਅਜਿਹੀਆਂ ਮਿੱਥਾਂ ਬਣਾ ਲਈਆਂ ਜਾਂਦੀਆਂ ਹਨ, ਜਦੋਂਕਿ ਸ਼ਾਂਤਮਈ ਰਹਿਣਾ ਜਾਂ ਸ਼ਸਤਰ ਚੁੱਕਣਾ ਹੀ ਗੁਰੂ ਸਾਹਿਬਾਨ ਦਾ ਵਾਸਤਵੀ ਆਦਰਸ਼ ਨਹੀਂ ਸੀ | ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਦਸਾਂ ਗੁਰੂ ਸਾਹਿਬਾਨ ਦਾ ਉਦੇਸ਼ ਜਾਂ ਆਦਰਸ਼ ਸਮੁੱਚੀ ਲੋਕਾਈ ਨੂੰ ਆਤਮਿਕ ਤੇ ਸਰੀਰਕ ਗ਼ੁਲਾਮੀ ਦੇ ਬਹੁਪ੍ਰਕਾਰੀ ਬੰਧਨਾਂ ਤੋਂ ਮੁਕਤ ਕਰਨਾ ਸੀ | ਇਸ ਉਦੇਸ਼ ਦੀ ਪੂਰਤੀ ਲਈ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਸ਼ਾਸਤਰ' ਦੀ ਵਰਤੋਂ ਕੀਤੀ ਤੇ ਹਾਲਾਤਾਂ ਅਨੁਸਾਰ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਸ਼ਸਤਰ' ਦੀ ਵਰਤੋਂ ਕੀਤੀ | ਦਸਮ ਪਾਤਿਸ਼ਾਹ 'ਬਚਿੱਤ੍ਰ ਨਾਟਕ' ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਜਾਮਿਆਂ ਦੀ ਇਕੋ ਜੋਤਿ ਤੇ ਜੁਗਤ ਦਾ ਪ੍ਰਗਟਾਵਾ ਇਉਂ ਕਰਦੇ ਹਨ :
ਸ੍ਰੀ ਨਾਨਕ ਅੰਗਦਿ ਕਰਿ ਮਾਨਾ¨ ਅਮਰਦਾਸ ਅੰਗਦ ਪਹਿਚਾਨਾ¨
ਅਮਰਦਾਸ ਰਾਮਦਾਸ ਕਹਾਯੋ¨ ਸਾਧਨਿ ਲਖਾ ਮੂੜ੍ਹ ਨਹਿ ਪਾਯੋ¨9¨
ਭਿੰਨ ਭਿੰਨ ਸਭਹੂੰ ਕਰ ਜਾਨਾ¨ ਏਕ ਰੂਪ ਕਿਨਹੂੰ ਪਹਿਚਾਨਾ¨
ਜਿਨ ਜਾਨਾ ਤਿਨ ਹੀ ਸਿਧ ਪਾਈ¨ ਬਿਨ ਸਮਝੇ ਸਿਧ ਹਾਥਿ ਨ ਆਈ¨10¨
ਰਾਮਦਾਸ ਹਰਿ ਸੋ ਮਿਲ ਗਏ¨ ਗੁਰਤਾ ਦੇਤ ਅਰਜਨਹਿ ਭਏ¨
ਜਬ ਅਰਜਨ ਪ੍ਰਭੁ ਲੋਕ ਸਿਧਾਏ¨ ਹਰਿਗੋਬਿੰਦ ਤਿਹ ਠਾਂ ਠਹਿਰਾਏ¨11¨
ਹਰਿਗੋਬਿੰਦ ਪ੍ਰਭ ਲੋਕ ਸਿਧਾਰੇ¨
ਹਰੀਰਾਇ ਤਿਹ ਠਾਂ ਬੈਠਾਰੇ¨
ਹਰੀਕ੍ਰਿਸਨ ਤਿਨ ਕੇ ਸੁਤ ਵਏ¨
ਤਿਨ ਤੇ ਤੇਗ ਬਹਾਦਰ ਭਏ¨12¨
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਤਿ-ਆਦਰਸ਼ ਵਿਚ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਵੈਰ ਕਿਸੇ ਮਜ਼੍ਹਬ ਨਾਲ ਨਹੀਂ, ਸਗੋਂ ਜ਼ੁਲਮ ਦੇ ਨਾਲ ਹੈ | ਦੁਸ਼ਟ-ਦਮਨ ਦਸਮੇਸ਼ ਗੁਰੂ, ਦੁਸ਼ਟਾਂ ਨੂੰ ਮਾਰਦੇ ਨਹੀਂ, ਸਗੋਂ ਤਰੁੱਠ ਕੇ, ਤਰਸ ਕਰਕੇ, ਉਨ੍ਹਾਂ ਦੀ ਦੁਸ਼ਟਤਾਈ ਨੂੰ ਬਿਦਾਰ ਕੇ ਉਨ੍ਹਾਂ ਦਾ ਉਧਾਰ ਕਰਦੇ ਸਨ | ਗੁਰੂ ਜੀ ਦੇ ਹਰੇਕ ਤੀਰ ਨਾਲ 'ਸਵਾ ਤੋਲਾ ਸੋਨਾ' ਲੱਗਾ ਹੋਣਾ ਕਿ; ਜੇਕਰ ਜ਼ਾਲਮ ਫ਼ੌਜ ਦਾ ਕੋਈ ਸਿਪਾਹੀ ਇਸ ਤੀਰ ਨਾਲ ਜ਼ਖ਼ਮੀ ਹੋਵੇ ਤਾਂ ਇਸ ਸੋਨੇ ਨਾਲ ਆਪਣਾ ਦਵਾ-ਦਾਰੂ ਦਾ ਇੰਤਜ਼ਾਮ ਕਰ ਸਕੇ ਤੇ ਜੇਕਰ ਉਸ ਦੀ ਮੌਤ ਹੋ ਜਾਵੇ ਤਾਂ ਉਸ ਦੇ ਪਰਿਵਾਰ ਵਾਲੇ ਉਸ ਦੇ ਅੰਤਮ ਕਿਰਿਆ-ਕਰਮ ਕਰ ਸਕਣ | ਭਾਈ ਘਨੱਈਆ ਜੀ ਵਲੋਂ ਜੰਗ ਦੇ ਮੈਦਾਨ 'ਚ ਫ਼ੱਟੜ ਸਿੱਖ ਸਿਪਾਹੀਆਂ ਦੇ ਨਾਲ-ਨਾਲ ਬਿਨਾਂ ਵਿਤਕਰੇ ਤੋਂ ਮੁਗ਼ਲ ਫ਼ੌਜਾਂ ਦੇ ਫ਼ੱਟੜ ਸਿਪਾਹੀਆਂ ਨੂੰ ਵੀ ਪਾਣੀ ਪਿਲਾਉਣ ਦੀ ਸ਼ਿਕਾਇਤ ਜਦੋਂ ਗੁਰੂ ਸਾਹਿਬ ਕੋਲ ਪੁੱਜੀ ਤਾਂ ਗੁਰੂ ਸਾਹਿਬ ਨੇ ਸ਼ਾਬਾਸ਼ੀ ਦਿੰਦਿਆਂ ਪਾਣੀ ਦੇ ਨਾਲ ਮਰਹੱਮ ਦੀ ਡੱਬੀ ਵੀ ਫੜਾ ਕੇ ਮਾਨਵਤਾ ਦੀ ਸੇਵਾ ਲਈ ਥਾਪੜਾ ਦਿੱਤਾ |
ਗੁਰੂ ਸਾਹਿਬ ਨੇ ਕਿਸੇ ਖ਼ਾਸ ਫ਼ਿਰਕੇ ਦੇ ਖਿਲਾਫ਼ ਸੰਘਰਸ਼ ਨਹੀਂ ਕੀਤਾ, ਕਿਉਂਕਿ ਇਕ ਪਾਸੇ ਜਿੱਥੇ ਦਸਮ ਪਾਤਿਸ਼ਾਹ ਨੇ ਜ਼ਾਲਮ ਮੁਗ਼ਲ ਸਲਤਨਤ ਦੀਆਂ ਜੜ੍ਹਾਂ ਪੁੱਟ ਸੁੱਟੀਆਂ, ਉੱਥੇ ਭੰਗਾਣੀ ਦੇ ਮੈਦਾਨ 'ਚ ਪਹਾੜੀ ਰਾਜਪੂਤ ਰਾਜੇ ਭੀਮ ਚੰਦ ਨੇ ਗੁਰੂ ਜੀ ਨੂੰ ਜੰਗ ਦਾ ਨਿਓਾਦਾ ਦਿੱਤਾ ਤਾਂ ਪੀਰ ਬੁੱਧੂ ਸ਼ਾਹ ਵਰਗੇ ਮੁਸਲਮਾਨ ਫ਼ਕੀਰ ਆਪਣੇ ਦੋ ਭਰਾਵਾਂ, ਚਾਰ ਪੁੱਤਰਾਂ ਤੇ ਸੱਤ ਸੌ ਮੁਰੀਦਾਂ ਸਮੇਤ ਗੁਰੂ-ਘਰ ਤਰਫ਼ੋਂ ਮੁਗ਼ਲਾਂ ਨਾਲ ਜੂਝਣ ਲਈ ਪਹੁੰਚਦੇ ਹਨ |
ਖ਼ਾਲਸਾ ਪੰਥ ਦੀ ਸਾਜਨਾ ਸੰਬੰਧੀ ਔਰੰਗਜ਼ੇਬ ਦੇ ਇਕ ਅਖ਼ਬਾਰ ਨਵੀਸ ਵਲੋਂ ਭੇਜੀ ਗਈ ਨਿਰਪੱਖ ਰਿਪੋਰਟ, ਜਿਸ ਦਾ ਹਵਾਲਾ ਇਤਿਹਾਸਕਾਰ ਮੈਕਾਲਫ਼ ਨੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਇਤਿਹਾਸਕਾਰ ਬੂਟੇ ਸ਼ਾਹ ਦੀ 'ਤਵਾਰੀਖ਼-ਏ-ਪੰਜਾਬ' ਵਿਚੋਂ ਲਿਆ ਹੈ, ਵੀ ਕਾਬਲ-ਏ-ਗੌਰ ਹੈ, 'ਚਾਰ ਵਰਣਾਂ ਤੋਂ ਨਿਰਲੇਪ ਇਕ ਵੱਖਰਾ ਮਜ਼੍ਹਬ ਹੋਂਦ 'ਚ ਆ ਗਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਨੇ ਖ਼ੁਦਾ ਦੀ ਥਾਂ ਲੈਂਦੇ ਆਰੀਆ-ਅਵਤਾਰਾਂ ਦੀ ਪੂਜਾ ਦਾ ਦੌਰ ਆਪਣੀ ਉੱਮਤ ਵਿਚੋਂ ਖ਼ਤਮ ਕਰ ਦਿੱਤਾ ਹੈ ਅਤੇ ਵੀਹ ਹਜ਼ਾਰ ਲੋਕਾਂ ਨੇ ਇਸ ਨਵੀਂ ਕਿਸਮ ਦੇ ਮਜ਼੍ਹਬ ਨੂੰ ਅਖਤਿਆਰ ਕੀਤਾ ਹੈ |'
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਲਾਹੀ ਸਿਫ਼ਤ ਨੂੰ ਸਿਰਫ਼ ਇਕ ਦੇਸ਼, ਖਿੱਤੇ, ਕੌਮ ਜਾਂ ਮਜ਼੍ਹਬ ਤੱਕ ਸੀਮਤ ਰੱਖ ਕੇ ਸੰਸਾਰੀ ਮਨੁੱਖੀ ਗੁਣਾਂ 'ਚ ਦੇਖਣ-ਪਰਖਣ ਨਾਲ ਉਨ੍ਹਾਂ ਦੇ ਨਿਆਰੇ ਵਾਸਤਵੀ ਆਦਰਸ਼ ਨੂੰ ਸਮਝਿਆ ਨਹੀਂ ਜਾ ਸਕਦਾ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਸਾਰਾ ਸੰਸਾਰ ਸੀ, ਉਨ੍ਹਾਂ ਦਾ ਦੇਸ਼ ਸਮੱੁਚੀ ਰੱਬੀ ਰਚਨਾ ਸੀ, ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਦਰਸ਼ ਤੋਂ ਕੋਈ ਭਿੰਨ ਨਹੀਂ | ਗੁਰੂ ਨਾਨਕ ਦਾ ਸਿੱਖ ਧਰਮ ਸਾਰੀ ਸਿ੍ਸ਼ਟੀ ਨੂੰ ਆਪਣੇ ਕਲਾਵੇ 'ਚ ਲੈਣ ਦੀ ਗੱਲ ਆਖਦਾ ਹੈ | 'ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸਿ੍ਸਟਿ ਜਿਣਿ ਆਵੈ¨ (ਰਾਗੁ ਆਸਾ ਘਰੁ 2 ਮ. 4, ਅੰਗ : 366)' ਪ੍ਰੋ. ਪੂਰਨ ਸਿੰਘ ਸਿੱਖ ਧਰਮ ਦੀ ਵਿਸ਼ਵ-ਵਿਆਪਕਤਾ ਇਸ ਤਰ੍ਹਾਂ ਦਰਸਾਉਂਦੇ ਹਨ, 'ਸਿੱਖ ਕੌਮ ਦਾ ਪ੍ਰਜਵਲਿਤ ਆਦਰਸ਼ਵਾਦ ਕਿਸੇ ਵਿਸ਼ੇਸ਼ ਭੋਇੰ-ਮੰਡਲ ਜਾਂ ਦੇਸ ਜਾਂ ਕਿਸੇ ਜਾਤੀ-ਅਭਿਮਾਨ ਉੱਤੇ ਆਧਾਰਿਤ ਨਹੀਂ ਹੈ, ਸਗੋਂ ਗੁਰੂ ਦੇ ਨਿੱਜੀ ਪ੍ਰੇਮ ਉੱਤੇ ਟੇਕ ਰੱਖਦਾ ਹੈ | ਗੁਰੂ ਦੀ ਖ਼ਾਤਿਰ ਸਗਲ-ਸਿ੍ਸ਼ਟੀ ਨੂੰ ਪ੍ਰੇਮ ਕਰਨ ਦੀ ਵਿਸ਼ੇਸ਼ਤਾ ਸਿੱਖਾਂ ਦਾ ਕੁੱਲ ਦੁਨੀਆ ਤੋਂ ਨਿਆਰਾ ਲੱਛਣ ਹੈ |'
ਸਹੀ ਮਾਅਨਿਆਂ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਵਿਸ਼ਵ ਧਰਮ ਦੇ ਵਿਸ਼ਵ ਰਹਿਬਰ ਸਨ ਅਤੇ ਇਕ ਵਿਸ਼ਵ ਰਹਿਬਰ ਦੀ ਵਿਸ਼ਾਲਤਾ ਨੂੰ ਇਕ ਦੇਸ਼, ਖਿੱਤੇ ਜਾਂ ਕੌਮ ਦੀਆਂ ਹੱਦਾਂ 'ਚ ਸੀਮਤ ਕਰਕੇ ਦੇਖਾਂਗੇ ਤਾਂ ਇਸ ਵਾਸਤੇ ਉਸ ਵਿਸ਼ਵ ਧਰਮ ਜਾਂ ਵਿਸ਼ਵ ਰਹਿਬਰ ਦੀ ਦੈਵੀ ਅਜ਼ਮਤ, ਰੱਬੀ ਸ਼ਾਨ, ਪੈਗੰਬਰੀ ਬਿੰਬ, ਬ੍ਰਹਿਮੰਡੀ ਆਦਰਸ਼ਾਂ ਤੇ ਅਨੂਠੀ ਵਿਰਾਸਤ ਦੀ ਭਾਰੀ ਕੀਮਤ ਤਾਰਨੀ ਪਵੇਗੀ | ਕਿਉਂਕਿ ਗੁਰੂ ਸਾਹਿਬ ਦੀ 'ਅਬਦੀ ਗੁਰਿਆਈ' ਬਾਕੌਲ ਗੁਰਬਾਣੀ 'ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ¨ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ¨' (ਅੰਗ-759) ਨੂੰ , ਮਨੁੱਖੀ ਗੁਣਾਂ ਦੀਆਂ ਸਿਫ਼ਤਾਂ ਨਾਲ ਸੰਸਾਰੀ ਕਿਰਦਾਰ ਵਾਲੇ ਆਵਾਗਵਨੀ 'ਪੂਰਨ ਮਨੁੱਖਾਂ' ਦੀ ਕਤਾਰ 'ਚ ਲਿਆ ਖੜ੍ਹਾ ਕਰਾਂਗੇ ਤਾਂ ਉਨ੍ਹਾਂ ਦੀ ਅਸਲ ਵਿਰਾਸਤ, ਆਦਰਸ਼ਾਂ ਅਤੇ ਉਪਦੇਸ਼ ਤੋਂ ਮਨੁੱਖ ਜਾਤੀ ਸਹੀ ਸੇਧ ਨਹੀਂ ਲੈ ਸਕੇਗੀ |
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 'ਪੰਥ ਦੀ ਸੋਨ ਚਿੜੀ' ਵਜੋਂ ਨਿਵਾਜੇ ਅੰਤਰਮੁਖੀ, ਨਾਮ-ਰਸੀਏ ਤੇ ਅਨੁਭਵੀ ਸਿੱਖ ਦਾਰਸ਼ਨਿਕ ਭਾਈ ਸਾਹਿਬ ਰਣਧੀਰ ਸਿੰਘ ਦਾ ਕਥਨ ਸਾਹਿਬ-ਏ-ਕਮਾਲਿ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿ-ਆਦਰਸ਼ ਦੀ ਸੰਖੇਪ ਵਿਆਖਿਆ ਕਰਨ ਲਈ ਢੁੱਕਵਾਂ ਹੈ, 'ਇਹ ਕਹਿਣਾ ਬਿਲਕੁਲ ਲਗ਼ਵ (ਬੇਹੁਦਾ) ਹੈ, ਜੈਸਾ ਕਿ ਆਮ ਕਹਾਵਤ ਵਿਚ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਕੇਵਲ ਹਿੰਦੂ ਧਰਮ ਦੇ ਹੀ ਗੱਦੀ ਪੀਰ ਸਦਉਂਦੇ ਸਨ | ਆਪੋ ਆਪਣੇ ਖਿਆਲਾਂ ਅਨੁਸਾਰ ਕੋਈ ਕੁਛ ਕਹਿੰਦਾ ਫਿਰੇ, ਪਰੰਤੂ ਹੱਕ ਤਾਂ ਏਸ ਗੱਲ 'ਚ ਹੈ ਕਿ ਗੁਰੂ ਦਸ਼ਮੇਸ਼ ਪਾਤਸ਼ਾਹ ਹੱਕ-ਪ੍ਰਸਤ ਅਤੇ ਹੱਕ ਦੇ ਮੁਤਲਾਸ਼ੀਆਂ ਦੇ ਸੱਚੇ ਰਹਿਬਰ ਸਨ | ਉਨ੍ਹਾਂ ਦੇ ਪਾਸ ਜੋ ਸ਼ਖ਼ਸ ਭੀ ਹੱਕ ਜੋਇੰਦਾ (ਸੱਚ ਦਾ ਢੁੰਡਾਊ) ਬਣ ਕੇ ਆਇਆ ਉਸ ਨੂੰ ਹੀ ਸੱਚੇ ਪਾਤਸ਼ਾਹ ਨੇ ਹੱਕ-ਪ੍ਰਸਤ ਬਣਾ ਦਿੱਤਾ ਅਤੇ ਖੁਦਾਵੰਦ ਸੱਚੇ ਵਾਹਿਗੁਰੂ ਦੇ ਲੜ ਲਾਇਆ |'

# ਸ਼ਹੀਦ ਬਾਬਾ ਦੀਪ ਸਿੰਘ ਜੀ ਕਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ |
ਮੋਬਾਈਲ : 98780-70008
e-mail :ts1984buttar@yahoo.com

Ad Position 22
No active advertisement
ਪਿਛਲੀ ਖ਼ਬਰ ਕਲਗੀਧਰ ਪਾਤਿਸ਼ਾਹ ਦੀ ਕਲਮ ਦੀ ਕਲਾ <br/> ਅਗਲੀ ਖ਼ਬਰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ <br/>
Ad Position 24
No active advertisement