ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2025

ਮਨੁੱਖਤਾ ਦੇ ਰਹਿਬਰ ਦਸਮ-ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ <br/>

Ad Position 21
No active advertisement
ਅਜੀਤ ਡੈਸਕ 06-01-2025

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਦਾ ਜੀਵਨ ਅਤੇ ਸ਼ਖ਼ਸੀਅਤ ਮਾਨਵਤਾ ਲਈ ਚਾਨਣ ਮੁਨਾਰਾ ਹੈ | ਗੁਰੂ ਸਾਹਿਬ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ | ਇਹ ਕੋਈ ਛੋਟੀ ਗੱਲ ਨਹੀਂ ਹੈ ਕਿ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਕੋਈ ਗਿਲਾ ਨਹੀਂ, ਸਗੋਂ ਕਰਤਾ ਪੁਰਖ ਦਾ ਸ਼ੁਕਰਾਨਾ ਹੀ ਕੀਤਾ | ਦਸਮੇਸ਼ ਪਿਤਾ ਜੀ ਦਾ ਸਾਰਾ ਜੀਵਨ ਹੀ ਸਮੁੱਚੀ ਮਾਨਵਤਾ ਭਾਵ ਹਰ ਧਰਮ, ਹਰ ਵਰਗ, ਹਰ ਫ਼ਿਰਕੇ ਲਈ ਇਕਸਾਰ ਸੀ | ਆਪ ਦੀ ਕ੍ਰਾਂਤੀਕਾਰੀ ਸ਼ਖ਼ਸੀਅਤ ਨੂੰ ਇਤਿਹਾਸਕਾਰਾਂ ਨੇ ਆਪੋ-ਆਪਣੀ ਸਮਝ ਅਨੁਸਾਰ ਬਿਆਨ ਕੀਤਾ ਹੈ ਪਰ ਉਨ੍ਹਾਂ ਦੀ ਸ਼ਖ਼ਸੀਅਤ ਦੀ ਸੰਪੂਰਨ ਵਿਆਖਿਆ ਕਰਨੀ ਮਨੁੱਖੀ ਸਮਝ ਤੋਂ ਪਰ੍ਹੇ ਹੈ | ਅਸੀਂ ਗੁਰੂ ਸਾਹਿਬ ਜੀ ਦੇ ਜੀਵਨ ਦਰਸ਼ਨ ਦੇ ਆਧਾਰ 'ਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸ਼ਬਦਾਂ 'ਚ ਬਿਆਨ ਤਾਂ ਕਰਦੇ ਹਾਂ ਪਰ ਸਾਡੇ ਸ਼ਬਦ ਸੀਮਤ ਹਨ ਅਤੇ ਗੁਰੂ ਸਾਹਿਬ ਦੀ ਸ਼ਖ਼ਸੀਅਤ ਦੀ ਮੁਕੰਮਲ ਬਿਆਨੀ ਸੰਭਵ ਨਹੀਂ ਹੈ |
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿ੍ੜ੍ਹਤਾ, ਸਬਰ ਤੇ ਸਿਦਕ ਭਰਪੂਰ ਅਦੁੱਤੀ ਜੀਵਨ ਗਾਥਾ ਸਮੁੱਚੀ ਮਨੁੱਖਤਾ ਅੰਦਰ ਹੱਕ-ਸੱਚ ਲਈ ਜੂਝਣ ਦਾ ਜਜ਼ਬਾ ਭਰਨ ਅਤੇ ਧਰਮ ਦੇ ਉਭਾਰ ਵਾਲੀ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਹੀ ਧਰਮ ਦੀ ਸਥਾਪਨਾ, ਮਜ਼ਲੂਮਾਂ ਦੀ ਰਾਖੀ ਅਤੇ ਜਬਰ-ਜ਼ੁਲਮ ਦਾ ਡਟ ਕੇ ਟਾਕਰਾ ਕਰਨਾ ਸੀ | ਗੁਰੂ ਸਾਹਿਬ ਆਪਣੇ ਉਦੇਸ਼ ਨੂੰ 'ਬਚਿਤ੍ਰ ਨਾਟਕ' ਵਿਚ ਸਪੱਸ਼ਟ ਕੀਤਾ ਹੈ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਭਾਰਤੀ ਇਤਿਹਾਸ ਵਿਚ ਇਕ ਇਨਕਲਾਬ ਦਾ ਆਰੰਭ ਸੀ | ਉਸ ਸਮੇਂ ਸਮਾਜ 'ਚ ਮਨੁੱਖੀ ਆਜ਼ਾਦੀ ਨੂੰ ਕਾਇਮ ਰੱਖਣਾ ਅਸੰਭਵ ਜਾਪਦਾ ਸੀ | ਉਨ੍ਹਾਂ 9 ਸਾਲ ਦੀ ਛੋਟੀ ਉਮਰ 'ਚ ਆਪਣੇ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਜ਼ਲੂਮਾਂ ਅਤੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣ ਲਈ ਤੋਰਿਆ, ਖਾਲਸਾ ਪੰਥ ਦੀ ਸਿਰਜਣਾ ਕੀਤੀ, ਜ਼ੁਲਮ ਵਿਰੁੱਧ ਅਨੇਕਾਂ ਧਰਮ ਯੁੱਧ ਲੜੇ ਅਤੇ ਸਾਹ-ਸਤਹੀਣ ਹੋ ਚੁੱਕੀ ਲੋਕਾਈ ਵਿਚ ਨਵੀਂ ਰੂਹ ਫੂਕੀ | ਗੁਰੂ ਸਾਹਿਬ ਜੀ ਨੇ ਲੋਕਾਂ ਵਿਚ ਹਿੰਮਤ ਅਤੇ ਦਲੇਰੀ ਭਰਨ ਲਈ ਸ੍ਰੀ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਵਿਚ ਰਣਜੀਤ ਨਗਾਰੇ 'ਤੇ ਚੋਟਾਂ ਲਗਵਾਈਆਂ, ਕੇਸਰੀ ਨਿਸ਼ਾਨ ਸਾਹਿਬ ਝੁਲਾਏ, ਘੋੜ-ਸਵਾਰੀ ਤੇ ਸ਼ਸਤਰ ਵਿੱਦਿਆ ਦਾ ਪ੍ਰਬੰਧ ਕੀਤਾ | ਇਸ ਦੇ ਨਾਲ ਹੀ ਗੁਰੂ ਜੀ ਨੇ ਲੋਕਾਂ ਅੰਦਰ ਬਹਾਦਰੀ ਪੈਦਾ ਕਰਨ ਲਈ ਬੀਰ-ਰਸੀ ਸਾਹਿਤ ਦੀ ਰਚਨਾ ਕੀਤੀ ਤੇ ਕਰਵਾਈ, ਜਿਸ ਨੇ ਅਜਿਹਾ ਕਿ੍ਸ਼ਮਾ ਦਿਖਾਇਆ ਕਿ ਗੁਰੂ ਕੇ ਸਿੱਖ ਸਵਾ-ਸਵਾ ਲੱਖ ਨਾਲ ਇਕੱਲੇ ਲੜ ਗਏ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਸਾਜਣ ਦੀ ਗੱਲ ਕਰੀਏ ਤਾਂ ਇਹ ਪੂਰੀ ਦੁਨੀਆ ਦੇ ਧਾਰਮਿਕ ਇਤਿਹਾਸ ਨੂੰ ਪ੍ਰਭਾਵਿਤ ਕਰਨ ਵਾਲੀ ਘਟਨਾ ਸੀ | ਇਸ ਘਟਨਾ ਨਾਲ ਸੰਨ 1699 ਦੀ ਵੈਸਾਖੀ ਦਾ ਦਿਨ ਦੁਨੀਆ ਦੇ ਇਤਿਹਾਸ ਅੰਦਰ ਇਕ ਨਿਵੇਕਲਾ ਅਧਿਆਇ ਸਿਰਜ ਗਿਆ | ਗੁਰੂ ਸਾਹਿਬ ਵਲੋਂ ਖ਼ਾਲਸਾ ਸਿਰਜਣਾ ਦੇ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗ਼ੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾ ਕੇ ਅਰਸ਼ 'ਤੇ ਪਹੁੰਚਾ ਦਿੱਤਾ | ਖਾਲਸਾ ਸਾਜ ਕੇ ਆਪ ਨੇ ਸਾਰੀਆਂ ਜਾਤਾਂ ਤੇ ਵਰਗਾਂ ਦੇ ਲੋਕਾਂ ਨੂੰ ਏਕਤਾ ਦੇ ਸੂਤਰ ਵਿਚ ਪਰੋ ਲੈਣ ਦਾ ਅਦੁੱਤੀ ਤੇ ਮਹਾਨ ਕਾਰਜ ਕੀਤਾ | ਉਨ੍ਹਾਂ ਪੰਜ ਪਿਆਰਿਆਂ ਵਿਚ ਭਿੰਨ-ਭਿੰਨ ਵਰਗਾਂ ਦੇ ਲੋਕਾਂ ਨੂੰ ਸ਼ਾਮਿਲ ਕਰਕੇ ਊਚ-ਨੀਚ ਦਾ ਫ਼ਰਕ ਸਦਾ ਲਈ ਮਿਟਾ ਦਿੱਤਾ | ਏਨਾ ਹੀ ਨਹੀਂ, ਫਿਰ ਆਪ ਵੀ ਪੰਜ ਪਿਆਰਿਆਂ ਤੋਂ ਅੰਮਿ੍ਤ ਛਕਿਆ | ਇਹ ਵੀ ਧਰਮਾਂ ਦੇ ਇਤਹਾਸ ਵਿਚ ਵਿਲੱਖਣ ਸੀ, ਕਿਉਂਕਿ ਇਸ ਤੋਂ ਪਹਿਲਾਂ ਅਜਿਹੀ ਕੋਈ ਉਦਾਹਰਨ ਨਹੀਂ ਸੀ ਮਿਲਦੀ ਕਿ ਕਿਸੇ ਗੁਰੂ ਨੇ ਆਪਣੇ ਚੇਲਿਆਂ ਨੂੰ ਆਪਣੇ ਤੋਂ ਉਪਰ ਦਾ ਦਰਜਾ ਜਾਂ ਮਾਣ ਦਿੱਤਾ ਹੋਵੇ | ਇਹ ਮਾਣ ਕੇਵਲ ਦਸਮ ਪਾਤਸ਼ਾਹ ਜੀ ਨੇ ਹੀ ਆਪਣੇ ਖਾਲਸੇ ਨੂੰ ਬਖਸ਼ਿਆ | ਇਸੇ ਤਰ੍ਹਾਂ ਹੋਲਾ ਮਹੱਲਾ ਦਾ ਆਰੰਭ ਵੀ ਗੁਰੂ ਸਾਹਿਬ ਦੇ ਜੀਵਨ ਦਾ ਇਕ ਵਿਸ਼ੇਸ਼ ਕਾਰਨਾਮਾ ਹੈ, ਜਿਸ ਨੇ ਸਿੱਖ ਕੌਮ ਨੂੰ ਸਵੈਮਾਣ, ਅਣਖ, ਦਲੇਰੀ, ਹਿੰਮਤ ਅਤੇ ਬੀਰਤਾ ਨਾਲ ਜੋੜਿਆ |
ਗੁਰੂ ਸਾਹਿਬ ਜੀ ਵਲੋਂ ਰਚੀ ਗਈ ਬਾਣੀ ਵੀ ਮਾਨਵਤਾ ਲਈ ਸੁਚੱਜੇ ਜੀਵਨ ਦੀ ਘਾੜਤ ਘੜਨ ਵਾਲੀ ਹੈ | ਆਪ ਨੇ ਆਪਣੀ ਬਾਣੀ 'ਚ ਪਾਖੰਡਵਾਦ ਅਤੇ ਕਰਮਕਾਡਾਂ ਦਾ ਖੰਡਨ ਕੀਤਾ ਅਤੇ ਲੋਕਾਈ ਨੂੰ ਉੱਤਮ ਜੀਵਨ ਦੇ ਧਾਰਨੀ ਹੋਣ ਦੀ ਪ੍ਰੇਰਨਾ ਕੀਤੀ | ਆਪ ਨੇ ਉਪਦੇਸ਼ ਕੀਤਾ ਕਿ ਮੂਰਤੀ-ਪੂਜਾ, ਬੁੱਤ-ਪੂਜਾ, ਤੀਰਥ ਯਾਤਰਾ ਜਾਂ ਸਮਾਧੀਆਂ ਨਾਲ ਅਕਾਲ-ਪੁਰਖ ਦੀ ਪ੍ਰਾਪਤੀ ਨਹੀਂ ਹੋ ਸਕਦੀ | ਜੀਵਨ ਅਹਿਮ ਹੈ ਤੇ ਇਸ ਨੂੰ ਵਿਅਰਥ ਦੇ ਕਰਮਕਾਡਾਂ ਤੇ ਭਰਮ ਭੁਲੇਖਿਆਂ ਵਿਚ ਪੈ ਕੇ ਬਰਬਾਦ ਕਰਨ ਦਾ ਕੋਈ ਲਾਭ ਨਹੀਂ | ਕਰਤਾਪੁਰਖ ਤਾਂ ਸਹਿਜ ਤੇ ਪਿਆਰ ਦਾ ਮਾਰਗ ਹੈ | ਇਸ ਦੀ ਸਮਝ ਵਾਲੇ ਹੀ ਉਸ ਵਿਚ ਅਭੇਦ ਹੁੰਦੇ ਹਨ | ਗੁਰੂ ਸਾਹਿਬ ਜੀ ਦਾ ਫੁਰਮਾਣ ਹੈ:
ਕਹਾ ਭਯੋ ਜੋ ਦੋਉ ਲੋਚਨ ਮੂੰਦ ਕੈ
ਬੈਠਿ ਰਹਿਓ ਬਕ ਧਿਆਨ ਲਗਾਇਓ¨
ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ
ਲੋਕ ਗਯੋ ਪਰਲੋਕ ਗਵਾਇਓ¨
ਬਾਸ ਕੀਓ ਬਿਖਿਆਨ ਸੋ ਬੈਠ ਕੈ ਅੇਸੇ ਹੀ
ਐਸੇ ਸੁ ਬੈਸ ਬਿਤਾਇਓ¨
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ
ਤਿਨ ਹੀ ਪ੍ਰਭ ਪਾਇਓ¨
ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਨੂੰ ਸੁਖੀ ਵੇਖਣ ਦੀ ਲੋਚਾ ਨਾਲ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ | ਆਪ ਜੀ ਨੇ ਚਮਕੌਰ ਦੀ ਜੰਗ ਅੰਦਰ ਆਪਣੇ ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕਰ ਸ਼ਹਾਦਤਾਂ ਲਈ ਤੋਰਿਆ | ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਪਿੱਛੋਂ ਵੀ ਆਪ ਨੇ ਪਰਮਾਤਮਾ ਦਾ ਸ਼ੁਕਰ ਅਦਾ ਕੀਤਾ |
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਰਾ ਜੀਵਨ ਹੀ ਮਨੁੱਖਤਾ ਦੀ ਭਲਾਈ ਲਈ ਜੀਵਿਆ | ਉਨ੍ਹਾਂ ਨੇ ਮਨੁੱਖਤਾ ਨੂੰ ਅਗਿਆਨਤਾ ਰੂਪੀ ਹਨੇਰੇ ਵਿਚੋਂ ਬਾਹਰ ਕੱਢ ਕੇ ਜੀਵਨ ਦੀ ਅਸਲ ਸਚਾਈ ਦੇ ਰੂਬਰੂ ਕੀਤਾ | ਧਰਮ ਦੀ ਰਖਵਾਲੀ ਲਈ ਅਨੇਕਾਂ ਕਸ਼ਟ ਝੱਲੇ | ਜੇਕਰ ਅੱਜ ਅਸੀਂ ਸੁਖੀ ਜੀਵਨ ਜੀਅ ਰਹੇ ਹਾਂ ਤਾਂ ਇਹ ਗੁਰੂ ਸਾਹਿਬ ਜੀ ਦੀ ਬਦੌਲਤ ਹੀ ਹੈ | ਆਪ ਜੀ ਦੇ ਪ੍ਰਕਾਸ਼ ਪੁਰਬ 'ਤੇ ਸਾਡਾ ਫਰਜ਼ ਹੈ ਕਿ ਜਿੱਥੇ ਅਸੀਂ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕਰਨਾ ਹੈ, ਉੱਥੇ ਹੀ ਉਨ੍ਹਾਂ ਦੇ ਦਰਸਾਏ ਮਾਰਗ ਦੇ ਪਾਂਧੀ ਵੀ ਬਣਨਾ ਹੈ | ਅਸੀਂ ਦੁਨੀਆ ਦੇ ਭਾਈਚਾਰੇ 'ਚ ਸਰਬ-ਸਾਂਝੀਵਾਲਤਾ ਦੇ ਪੈਗ਼ਾਮ ਨੂੰ ਤਦ ਹੀ ਲੈ ਜਾ ਸਕਾਂਗੇ, ਜੇਕਰ ਅਸੀਂ ਦੁਨੀਆ ਦੇ ਹਰ ਖੇਤਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਾਏ ਪੂਰਨਿਆਂ 'ਤੇ ਚਲਦੇ ਹੋਏ ਕਥਨੀ ਤੇ ਕਰਨੀ ਦੇ ਸੂਰੇ ਬਣਾਂਗੇ | ਗੁਰਦੇਵ ਪਿਤਾ ਦੇ ਆਗ਼ਮਨ ਦਿਹਾੜੇ 'ਤੇ ਸਾਨੂੰ ਸਭ ਨੂੰ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਗੁਰੂ ਕਿਰਪਾ ਕਰਨ, ਅਸੀਂ ਨਿਸ਼ਾਨ-ਏ-ਸਿੱਖੀ ਦੇ ਧਾਰਨੀ ਹੋ ਕੇ ਗੁਰਸਿੱਖੀ ਜੀਵਨ ਬਸਰ ਕਰਦੇ ਹੋਏ ਤੇ ਉਨ੍ਹਾਂ ਦੇ ਸਰਬ-ਸਾਂਝੇ ਉਪਦੇਸ਼ਾਂ ਨੂੰ ਸਾਰੀ ਮਨੁੱਖਤਾ ਤਕ ਪਹੁੰਚਾਉਣ ਦਾ ਯਤਨ ਕਰ ਸਕੀਏ | ਸੋ ਆਓ! ਗੁਰੂ ਬਖਸ਼ੀ ਖੰਡੇ-ਬਾਟੇ ਦੀ ਪਾਹੁਲ ਛਕ ਗੁਰਬਾਣੀ ਦੀ ਰੌਸ਼ਨੀ 'ਚ ਜੀਵਨ ਬਤੀਤ ਕਰੀਏ ਅਤੇ ਸਾਵੇਂ ਸੁਖਾਵੇਂ ਸਮਾਜ ਦੀ ਸਿਰਜਣਾ ਲਈ ਤਤਪਰ ਰਹੀਏ |

-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮਿ੍ਤਸਰ |

Ad Position 22
No active advertisement
ਪਿਛਲੀ ਖ਼ਬਰ ਗੁਰੂ ਜੀ ਦੇ ਪ੍ਰਵਚਨਾਂ ਵਿਚ ਆਦਰਸ਼ ਜੀਵਨ ਦਾ ਸੰਕਲਪ <br/> ਅਗਲੀ ਖ਼ਬਰ ਇਸ਼ਕ ਦੇ ਇਤਿਹਾਸ ਵਿਚ ਤੇਰਾ ਕੋਈ ਸਾਨੀ ਨਹੀਂ <br/>
Ad Position 24
No active advertisement