ਕਲਗੀਧਰ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਰੂਹਾਨੀ ਪ੍ਰਤਾਪ ਤੇ ਬੇਅੰਤ ਸ਼ਕਤੀਆਂ ਦੇ ਮਾਲਕ ਸਨ, ਉੱਥੇ ਸ਼ਸਤਰ ਤੇ ਸ਼ਾਸਤਰ ਵਿੱਦਿਆ, ਤੇਗ਼ ਤੇ ਕਲਮ ਦਾ ਅਨੋਖਾ ਸੰਗਮ ਸਨ | ਅਸੀਂ ਸਤਿਗੁਰਾਂ ਨੂੰ ਕਲਗੀਆਂ ਵਾਲੇ, ਬਾਜਾਂ ਵਾਲੇ, ਅੰਮਿ੍ਤ ਕੇ ਦਾਤੇ, ਸਰਬੰਸਦਾਨੀ, ਮਾਨਵਤਾ ਦੇ ਰਹਿਬਰ, ਮਹਾਨ ਮਨੋਵਿਗਿਆਨੀ ਆਦਿ ਬੇਅੰਤ ਵਿਸ਼ੇਸ਼ਣਾਂ ਨਾਲ ਵੀ ਯਾਦ ਕਰਦੇ ਹਾਂ | ਇੱਥੇ ਸਾਡਾ ਕਲਮ ਦੀ ਕਲਾ ਤੋਂ ਭਾਵ ਕਲਮ ਦੀ ਸ਼ਕਤੀ ਹੈ, ਜੋ ਆਪ ਜੀ ਦਾ ਰਚਨਾ ਸੰਸਾਰ ਹੈ |
ਸਿੱਖ ਪੰਥ ਦੀ ਸਥਾਪਤ ਮਰਯਾਦਾ ਅਨੁਸਾਰ ਅੰਮਿ੍ਤ ਸੰਚਾਰ ਦੀਆਂ ਪੰਜ ਬਾਣੀਆਂ ਵਿਚ ਤਿੰਨ ਬਾਣੀਆਂ ਜਾਪੁ ਸਾਹਿਬ, ਸਵੱਯੇ ਤੇ ਚੌਪਈ ਸਾਹਿਬ ਕਲਗੀਧਰ ਰਚਿਤ ਹਨ | ਇਹੀ ਬਾਣੀਆਂ ਨਿੱਤਨੇਮ ਦੀ ਮਰਯਾਦਾ ਦਾ ਵੀ ਹਿੱਸਾ ਹਨ | ਪੰਥਕ ਅਰਦਾਸ ਦੀ ਪਹਿਲੀ ਪਉੜੀ ਕਲਗੀਧਰ ਕਿ੍ਤ ਹੈ ਤੇ ਇਸ ਦਾ ਇਤਿਹਾਸਕ ਹਵਾਲਾ ਵੀ ਮਿਲਦਾ ਹੈ ਕਿ ਜਦ 1699 ਈ. ਨੂੰ ਖ਼ਾਲਸਾ ਪੰਥ ਦੀ ਸਾਜਨਾ ਹੋਈ ਤਾਂ ਸਤਿਗੁਰਾਂ ਨੇ ਇਹ ਪਉੜੀ ਪੜ੍ਹ ਕੇ ਅਰਦਾਸ ਕੀਤੀ ਸੀ | ਇਸ ਦਾ ਭਾਈ ਰਤਨ ਸਿੰਘ ਭੰਗੂ ਜੀ ਨੇ 'ਸ੍ਰੀ ਗੁਰ ਪੰਥ ਪ੍ਰਕਾਸ਼' 'ਚ ਵਰਣਨ ਕੀਤਾ ਹੈ |
ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਸਮੇਂ ਸਤਿਗੁਰਾਂ ਦੀ ਸਵੈ-ਜੀਵਨੀ 'ਬਚਿੱਤ੍ਰ ਨਾਟਕ' ਵਿਚੋਂ ਸਭ ਰਾਗੀ, ਪ੍ਰਚਾਰਕ ਜੋ ਸ਼ਬਦ ਗਾਇਨ ਕਰਦੇ ਹਨ 'ਤਹੀ ਪ੍ਰਕਾਸ ਹਮਾਰਾ ਭਯੋ¨ ਪਟਨਾ ਸਹਰ ਬਿਖੈ ਭਵ ਲਯੋ¨' ਜਾਂ 'ਮੈ ਹੋ ਪਰਮ ਪੁਰਖ ਕੋ ਦਾਸਾ¨ ਦੇਖਨ ਆਯੋ ਜਗਤ ਤਮਾਸਾ¨' ਆਦਿ ਸੰਗਤਾਂ ਸਰਵਣ ਕਰਦੀਆਂ ਹਨ | ਸੁਹਿਰਦ ਪਾਠਕਾਂ ਦੀ ਜਾਣਕਾਰੀ ਲਈ ਇਹ ਵਿਚਾਰਨਾ ਜ਼ਰੂਰੀ ਹੈ ਕਿ ਬਚਿੱਤ੍ਰ ਨਾਟਕ ਰਚਨਾ ਕੋਈ ਨਾਟਕ ਜਾਂ ਡਰਾਮਾ ਨਹੀਂ ਹੈ | ਇਹ (ਵਚਿੱਤਰ) ਅਸਚਰਜਜਨਕ ਰਚਨਾ ਹੈ | ਇਸ ਦੀ ਡੂੰਘੇਰੀ ਵਿਆਖਿਆ ਡਾ. ਬਲਬੀਰ ਸਿੰਘ (ਭਾਈ ਵੀਰ ਸਿੰਘ ਦੇ ਭਰਾਤਾ) ਨੇ ਬਹੁਤ ਵਿਸਥਾਰ ਨਾਲ ਕੀਤੀ ਹੈ | ਅਸੀਂ ਸੰਖੇਪ ਵਿਚ ਵਰਣਨ ਕਰੀਏ ਤਾਂ ਉਨ੍ਹਾਂ ਅਨੁਸਾਰ 'ਉਸ ਸਮੇਂ ਹਿੰਦੀ/ਸੰਸਕਿ੍ਤ ਵਿਦਵਾਨਾਂ ਦੇ ਕਵਿਤਾ ਸੰਬੰਧੀ ਚਾਰ ਮੱਤ ਪ੍ਰਚੱਲਿਤ ਸਨ ਕਿ ਕਿਹੜੀ ਗੱਲ ਕਵਿਤਾ ਦੀ ਆਤਮਾ ਹੈ | ਕਈਆਂ ਨੇ 'ਰਸ' ਭਾਵ ਨੌਂ ਰਸਾਂ ਨੂੰ ਮੰਨਿਆ | ਕੁਝ ਰਸ ਨੂੰ ਨਹੀਂ 'ਅਲੰਕਾਰ' ਨੂੰ ਮੰਨਦੇ ਸਨ ਕਿ ਜੇ ਕਵਿਤਾ ਵਿਚ ਅਲੰਕਾਰ ਨਹੀਂ ਤਾਂ ਨਿਰਜਿੰਦ ਹੈ | ਤੀਜਾ ਮੱਤ 'ਰੀਤਿ' ਭਾਵ ਪੇਸ਼ਕਾਰੀ ਦੇ ਢੰਗ ਨੂੰ ਕਵਿਤਾ ਮੰਨਦਾ ਸੀ ਅਤੇ ਚੌਥਾ ਮੱਤ 'ਵਯੰਗ ਅਰਥ' ਕਹੀ ਹੋਈ ਗੱਲ ਵਿਚੋਂ ਅਣਕਹੀ ਸੂਚਨਾ ਦੀ ਪਰਖ ਕਰਨ ਦੇ ਢੰਗ ਨੂੰ ਕਵਿਤਾ ਦੀ ਆਤਮਾ ਮੰਨਦਾ ਸੀ | ਪੰਥ ਦੇ ਵਾਲੀ ਕਲਗੀਧਰ ਪਾਤਿਸ਼ਾਹ ਜੀ ਨੇ ਸਮਕਾਲੀ ਕਿਸੇ ਵੀ ਮੱਤ ਦੇ ਪ੍ਰਭਾਵ ਨੂੰ ਕਬੂਲ ਨਹੀਂ ਕੀਤਾ |'
ਦਸਮ ਪਾਤਿਸ਼ਾਹ ਜੀ ਨੇ ਰਸ, ਅਲੰਕਾਰ, ਰੀਤਿ ਤੇ ਵਯੰਗ ਅਰਥ ਆਦਿ ਦੀ ਵਰਤੋਂ ਕਰਦਿਆਂ ਆਪਣੇ ਖ਼ਾਲਸੇ ਲਈ ਰੂਹਾਨੀਅਤ, ਅਧਿਆਤਮਿਕ, ਇਤਿਹਾਸਕ, ਮਨੋਵਿਗਿਆਨਕ, ਬੀਰਤਾ ਭਰਪੂਰ, ਸ਼ਸਤਰਾਂ ਦੇ ਰੰਗ-ਢੰਗ, ਯੁੱਧ ਕਥਾ, ਨੀਤੀ ਸ਼ਾਸਤਰ, ਚੜ੍ਹਦੀ ਕਲਾ, ਧਰਮ ਯੁੱਧ ਕੇ ਚਾਉ, ਅਰਦਾਸ ਬੇਨਤੀ ਦੇ ਢੰਗ, ਰਾਗ ਬੱਧ ਬਾਣੀ, ਕਾਵਿ ਛੰਦਾਂ ਦੀ ਨਵੀਨ ਘਾੜਤ ਤੇ ਪ੍ਰਚੱਲਿਤ ਕਥਾਵਾਂ ਨੂੰ ਨਵਾਂ ਰੂਪ ਅਤੇ ਨਵੀਨ ਕਾਵਿ ਛਾਪ ਕੇ ਇਸ ਦਾ ਨਾਉਂ 'ਬਚਿੱਤ੍ਰ ਨਾਟਕ' ਰੱਖਿਆ, ਜੋ ਦਸਮ ਗੁਰੂ ਕਾ ਗ੍ਰੰਥ ਵੀ ਪ੍ਰਚੱਲਿਤ ਰਿਹਾ | ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਤਿਗੁਰਾਂ ਦੇ ਚਰਨ ਸੇਵਕ ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਦੇ ਸਹਿਯੋਗ ਨਾਲ ਦਸਮ ਪਿਤਾ ਦੀਆਂ ਵਿਕੋਲਿਤਰੀਆਂ ਬਾਣੀਆਂ ਇਕੱਤਰ ਕਰਕੇ ਇਸ ਨੂੰ ਤਰਤੀਬ ਦਿੱਤੀ ਅਤੇ ਪ੍ਰਚੱਲਿਤ ਨਾਂਅ 'ਸ੍ਰੀ ਦਸਮ ਗ੍ਰੰਥ' ਹੋਇਆ | ਇਸ ਸਮੇਂ ਪ੍ਰਵਾਨਿਤ ਸਰੂਪ ਦੇ ਕੁੱਲ 1428 ਅੰਗ (ਪੰਨੇ) ਹਨ |
ਵਿਦਵਾਨਾਂ ਨੇ ਦਸਮ ਰਚਨਾ 'ਚ ਦਰਜ ਰਚਨਾਵਾਂ ਨੂੰ ਕੇਂਦਰੀ ਨੁਕਤੇ ਅਨੁਸਾਰ ਪੰਜ ਵਰਗਾਂ 'ਚ ਵਰਣਨ ਕੀਤਾ ਹੈ | ਕੁਝ ਰਚਨਾਵਾਂ ਗੁਰਬਾਣੀ ਅਨੁਸਾਰ ਭਗਤੀ ਭਵਨਾਂ ਵਾਲੀਆਂ ਹਨ, ਜਿਵੇਂ ਜਾਪੁ ਸਾਹਿਬ (ਪੰਨਾ 1-10), ਅਕਾਲ ਉਸਤਤਿ (11-38), ਗਿਆਨ ਪ੍ਰਬੋਧ (127-155), ਸ਼ਬਦ ਹਜ਼ਾਰੇ (709-712) ਇਸ 'ਚ 10 ਸ਼ਬਦ ਵੱਖ-ਵੱਖ ਛੇ ਰਾਗਾਂ 'ਚ ਦਰਜ ਹਨ ਅਤੇ ਇਨ੍ਹਾਂ 'ਚ ਹੀ ਖਿਆਲ ਪਾਤਿਸ਼ਾਹੀ 10-'ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ' ਸ਼ਬਦ ਬਿਲੰਬਤ ਲੈਅ ਵਿਚ ਗਾਉਣ ਦਾ ਆਦੇਸ਼ ਹੈ | ਇੱਥੇ ਖਿਆਲ ਦਾ ਅਰਥ ਫੁਰਨਾ ਜਾਂ ਸੋਚ ਨਹੀਂ, ਸਗੋਂ ਖਿਆਲ ਤੋਂ ਭਾਵ ਸੰਗੀਤਕ ਗਾਇਨ ਸ਼ੈਲੀ ਹੈ | ਅੱਗੇ ਸਵੱਯੇ (712-716) ਇਨ੍ਹਾਂ 'ਚ ਖ਼ਾਲਸੇ ਦੀ ਮਰਯਾਦਾ ਹੈ 'ਜਾਗਤਿ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ' ਇਹ ਸ਼ਬਦ ਖ਼ਾਲਸੇ ਦੇ ਪ੍ਰਗਟ ਦਿਵਸ ਸਮੇਂ ਅਕਸਰ ਗਾਇਨ ਕੀਤਾ ਜਾਂਦਾ ਹੈ | ਇਸ ਤੋਂ ਅੱਗੇ ਪੰਨਾ 716-717 ਤੱਕ ਖ਼ਾਲਸਾ ਮਹਿਮਾ ਹੈ | ਦੂਜਾ ਵਰਗ 'ਸ਼ਸਤ੍ਰਨਾਮਮਾਲਾ' (ਪੰਨਾ 717-808 ਤੱਕ) ਦਰਜ ਹੈ ਅਤੇ ਇਸ ਦੇ 1318 ਬੰਦ ਹਨ | ਇਹ ਅਸਤਰਾਂ ਤੇ ਸ਼ਸਤਰਾਂ ਦੀ ਮਹਿਮਾ ਹੈ | ਇਸ ਦੀ ਸ਼ੁਰੂਆਤ 'ਸਾਂਗ ਸਰੋਹੀ ਸੈਫ ਅਸ ਤੀਰ ਤੁਪਕ ਤਲਵਾਰ¨ ਸੱਤ੍ਰਾਂਤਕ ਕਵਚਾਂਤਿ ਕਰ ਕਰੀਐ ਰੱਛ ਹਮਾਰ' ਤੋਂ ਹੁੰਦੀ ਹੈ | ਇਸ ਨੂੰ ਡਾ. ਗੰਡਾ ਸਿੰਘ ਤੇ ਪ੍ਰੋ. ਪਿਆਰਾ ਸਿੰਘ ਪਦਮ ਜੀ ਨੇ ਕਰਮਯੋਗ ਦੀ ਸਿੱਖਿਆ ਤੇ ਇਕ ਨਵੀਂ ਰੂਹ ਫੂਕਣੀ ਲਿਖਿਆ ਹੈ | ਡਾ. ਬਲਬੀਰ ਸਿੰਘ ਅਨੁਸਾਰ ਦਸਮੇਸ਼ ਪਿਤਾ ਦੀ ਕਲਮ 'ਚ ਅਜਿਹੀ ਸ਼ਕਤੀ ਸੀ, ਜੋ ਜੜ੍ਹ ਨੂੰ ਚੇਤੰਨ, ਚੇਤੰਨ ਨੂੰ ਨਿਰਭੈ ਅਤੇ ਨਿਰਭੈ ਨੂੰ ਧਰਮ ਯੁੱਧ ਦੇ ਚਾਉ ਲਈ ਖੀਵਾ ਕਰ ਦਿੰਦੀ ਸੀ |
ਅੱਗੇ ਤੀਜੇ ਵਰਗ ਵਿਚ ਚੰਡੀ ਚਰਿਤ੍ਰ ਉਕਤਿ ਬਿਲਾਸ (ਪੰਨਾ 74-99), ਚੰਡੀ ਚਰਿੱਤ੍ਰ-2 (100-119), ਵਾਰ ਸ੍ਰੀ ਭਗਉਤੀ ਜੀ ਕੀ (119-127), ਚਉਬੀਸ ਅਵਤਾਰ (155-611), ਬ੍ਰਹਮਾ ਅਵਤਾਰ (611-635), ਰੁਦ੍ਰ ਅਵਤਾਰ (635-709) ਆਦਿ ਰਚਨਾਵਾਂ 'ਚ ਪੁਰਾਤਨ ਪਰੰਪਰਾਗਤ ਸਾਹਿਤ ਨੂੰ ਇਕ ਅਕਾਲ ਦੀ ਸਰਬ ਵਿਆਪਕਤਾ 'ਚ ਵਰਣਨ ਕਰਦਿਆਂ ਮਾਨਵਤਾ ਨੂੰ ਸਿੱਖਿਅਤ ਕਰਨ ਦੀ ਨਵੀਨ ਵਿਧੀ ਦੇ ਰੂਪ ਵਿਚ ਪ੍ਰਸਤੁਤ ਕੀਤਾ ਗਿਆ ਹੈ |
ਅੱਗੇ ਚੌਥਾ ਵਰਗ 'ਚ ਚਰਿਤ੍ਰੋ ਪਾਖਿਆਨ ਰਚਨਾ ਹੈ, ਜੋ ਸ੍ਰੀ ਦਸਮ ਗ੍ਰੰਥ ਦੇ ਪੰਨਾ 809 ਤੋਂ 1388 ਤੱਕ ਦਰਜ ਹੈ | ਮਹਾਨ ਵਿਦਵਾਨ ਸਿਰਦਾਰ ਕਪੂਰ ਸਿੰਘ ਅਨੁਸਾਰ ਤਿ੍ਆ ਚਰਿੱਤ੍ਰ ਦੀ ਸਾਹਿਤਕ ਪ੍ਰਣਾਲੀ ਦਾ ਪਿਛੋਕੜ ਬਹੁਤ ਪ੍ਰਾਚੀਨ ਤੇ ਨਿਰੋਲ ਭਾਰਤੀ ਹੈ, ਜਿਸ ਦੀਆਂ ਜੜ੍ਹਾਂ ਰਿਗਵੇਦ ਵਿਚ ਹਨ | ਇਹ ਕੋਈ ਸਵੈ-ਜੀਵਨੀ ਜਾਂ ਇਤਿਹਾਸਕਾਰੀ ਨਹੀਂ, ਸਗੋਂ ਕਲਪਿਤ ਰਚਨਾ ਭੂਪ ਮੰਤ੍ਰੀ ਸੰਵਾਦ ਹੈ | ਇੱਥੇ ਮੰਤਰੀ-ਰਾਜੇ ਨੂੰ ਕਹਾਣੀਆਂ ਸੁਣਾਉਂਦਾ ਹੈ | ਦਰਅਸਲ ਕਹਾਣੀ ਦਾ ਸਿੱਟਾ ਕੀ ਹੈ, ਇਹ ਪਾਠਕ ਦੀ ਸੋਚ, ਦੀਰਘ ਅਧਿਐਨ ਜਾਂ ਨਿਰਣੇ ਉਪਰ ਨਿਰਭਰ ਕਰਦਾ ਹੈ | ਸਿੰਘ ਸਭਾ ਲਹਿਰ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਹੁਰਾਂ ਨੇ ਵੀ ਆਪਣੀਆਂ ਲਿਖਤਾਂ ਵਿਚ ਚਰਿਤ੍ਰੋ ਪਾਖਿਆਨ ਦੇ ਕਈ ਜਗ੍ਹਾ ਹਵਾਲੇ ਦਿੱਤੇ ਹਨ | ਚਰਿਤ੍ਰੋ ਪਾਖਿਆਨ ਦੇ ਅੰਤ ਵਿਚ 'ਕਬਯੋ ਬਾਚ ਬੇਨਤੀ ਚੌਪਈ' (ਹਮਰੀ ਕਰੋ ਹਾਥ ਦੈ ਰੱਛਾ) ਬਾਣੀ ਹੈ, ਜੋ ਪੰਨਾ 1386 ਤੋਂ 1388 ਤੱਕ ਦਰਜ ਹੈ | ਇਸ ਬਾਣੀ ਦੇ ਅੰਤ ਵਿਚ ਸਤਿਗੁਰਾਂ ਨੇ ਰਚਨਾ ਕਾਲ ਵੀ ਦਰਜ ਕੀਤਾ ਹੈ, ਜੋ ਪੁਰਾਤਨ ਸਮੇਂ ਤੋਂ ਸੀਨਾ-ਬ-ਸੀਨਾ ਮਨਾਉਣ ਦੀ ਰਵਾਇਤ ਚਲੀ ਆ ਰਹੀ ਹੈ ਅਤੇ ਹੁਣ ਵੀ ਹਰ ਸਾਲ ਭਾਦੋਂ ਸੁਦੀ ਅੱਠ ਨੂੰ 'ਚੌਪਈ ਸਾਹਿਬ' ਬਾਣੀ ਦਾ ਰਚਨਾ ਦਿਵਸ ਸ੍ਰੀ ਬਿਭੌਰ ਸਾਹਿਬ ਵਿਖੇ ਅਤਿ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ |
ਪੰਜਵਾਂ ਵਰਗ ਫ਼ਾਰਸੀ 'ਚ ਜ਼ਫ਼ਰਨਾਮਾ (ਫ਼ਤਹਿ ਦਾ ਖ਼ਤ) ਹੈ, ਜੋ ਪੰਨਾ 1389 ਤੋਂ 1394 ਤੱਕ ਦਰਜ ਹੈ ਅਤੇ ਇਸ ਦੇ 111 ਸ਼ਿਅਰ ਹਨ | ਇਹ ਖ਼ਤ ਪੜ੍ਹ ਕੇ ਔਰੰਗ਼ਜ਼ੇਬ ਆਪਣੇ ਪਾਪਾਂ ਦਾ ਪਸ਼ਚਾਤਾਪ ਕਰਦਾ ਫੌਤ ਹੋ ਗਿਆ ਸੀ ਅਤੇ ਉਸ ਦੇ ਅੰਤਲੇ ਸਮੇਂ ਆਪਣੇ ਬੇਟੇ ਨੂੰ ਦੁਖੀ ਮਨ ਨਾਲ ਲਿਖੇ ਪੱਤਰਾਂ ਨੂੰ ਸ਼ਿਕਸਤਨਾਮਾ (ਹਾਰ ਦੇ ਖ਼ਤ) ਕਿਹਾ ਜਾਂਦਾ ਹੈ | ਜ਼ਫ਼ਰਨਾਮਾ ਕਲਗੀਧਰ ਪਾਤਿਸ਼ਾਹ ਜੀ ਦੀ ਕਲਮ ਦੀ ਕਲਾ ਦੀ ਸਿਖਰ ਹੈ | ਇਸ ਵਿਚ ਚਮਕੌਰ ਦੀ ਗੜ੍ਹੀ ਦਾ ਵਰਣਨ ਅਤੇ ਚੌਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਵੇਰਵਾ ਵੀ ਹੈ | ਜ਼ਫ਼ਰਨਾਮਾ ਤੋਂ ਉਪਰੰਤ ਸ੍ਰੀ ਦਸਮ ਰਚਨਾ ਵਿਚ ਪੰਨਾ 1394 ਤੋਂ 1428 ਤੱਕ 11 ਹਿਕਾਇਤਾਂ (ਕਥਾਵਾਂ) ਫ਼ਾਰਸੀ ਭਾਸ਼ਾ ਕਾਵਿ ਰੂਪ 'ਚ ਹਨ | ਕਲਗੀਧਰ ਪਾਤਿਸ਼ਾਹ ਜੀ ਹਰ ਰਚਨਾ ਦਾ ਆਰੰਭ 'ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ' ਨਾਲ ਕਰਦੇ ਹਨ ਅਤੇ ਹਰ ਰਚਨਾ ਵਿਚ ਮੁੱਖ ਸੰਦੇਸ਼ ਇਕ ਅਕਾਲ ਦੀ ਸ਼ਕਤੀ ਦਾ ਭਰੋਸਾ ਤੇ ਸਿਮਰਨ ਹੈ | ਉਨ੍ਹਾਂ ਨੇ ਜਗਤ ਤਮਾਸ਼ੇ ਨੂੰ ਵਿਸਤਾਰ ਸਹਿਤ ਹਰ ਪੱਖੋਂ ਵਰਣਨ ਕੀਤਾ ਹੈ | ਸਮੁੱਚੀ ਰਚਨਾ ਵਿਚ ਛੰਦਾਂ, ਅਲੰਕਾਰਾਂ ਦੀ ਵਚਿੱਤਰਤਾ ਹੈ ਅਤੇ ਭਾਸ਼ਾਈ ਦਿ੍ਸ਼ਟੀ ਤੋਂ ਬਿ੍ਜ ਭਾਸ਼ਾ, ਸੰਤ ਭਾਸ਼ਾ, ਰੇਖਤਾ (ਜਿਸ ਵਿਚ ਹਿੰਦੀ ਫ਼ਾਰਸੀ ਪਦ ਮਿਲੇ ਹੋਣ ਪ੍ਰਾਕਿ੍ਤ ਭਾਸ਼ਾ ਦੀ ਕਵਿਤਾ) ਖੜ੍ਹੀ ਬੋਲੀ (ਸੰਸਕਿ੍ਤ ਪ੍ਰਧਾਨ ਹਿੰਦੀ ਸ਼ੈਲੀ) ਫ਼ਾਰਸੀ ਅਤੇ ਪੰਜਾਬੀ ਆਦਿ ਕਈ ਰੂਪ ਮਿਲਦੇ ਹਨ | ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਇਲਾਵਾ ਜੇਕਰ ਕੋਈ ਰਚਨਾ ਕੀਰਤਨ ਸਮੇਂ ਗਾਇਨ ਕੀਤੀ ਜਾ ਸਕਦੀ ਹੈ ਤਾਂ ਉਹ ਸ੍ਰੀ ਦਸਮ ਬਾਣੀ, ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਰਚਨਾ ਨੂੰ ਪ੍ਰਵਾਨਗੀ ਹੈ | ਇਸ ਲਈ ਕਲਗੀਧਰ ਪਾਤਸ਼ਾਹ ਜੀ ਦੀ ਸਮੁੱਚੀ ਰਚਨਾ ਸਦੀਵ ਕਾਲ ਖ਼ਾਲਸਾ ਪੰਥ ਲਈ ਬਹੁਪੱਖੀ ਗਿਆਨ, ਰੂਹਾਨੀਅਤ, ਕਾਵਿਕਲਾ ਦੀ ਵੰਨਗੀ, ਫੋਕਟ ਕਰਮ ਕਾਂਡਾਂ ਦਾ ਖੰਡਨ, ਇਕ ਅਕਾਲ ਭਰੋਸਾ ਤੇ ਬੀਰ ਰਸ ਦਾ ਅਮੁੱਕ ਅਤੇ ਅਮੋਲ ਖਜ਼ਾਨਾ ਹੈ |
-ਪਿ੍ੰਸੀਪਲ, ਖ਼ਾਲਸਾ ਕਾਲਜ ਸੀ: ਸੈ: ਸਕੂਲ, ਅੰਮਿ੍ਤਸਰ |