ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਇਤਿਹਾਸ ਦੀਆਂ ਪੈੜਾਂ

Ad Position 21
No active advertisement
ਅਜੀਤ ਡੈਸਕ 28-12-2025

ਸਮਾਂ ਬੀਤਦਾ ਰਹਿੰਦਾ ਹੈ ਤੇ ਆਪਣੇ ਪਿੱਛੇ ਇਤਿਹਾਸ ਦੀਆਂ ਪੈੜਾਂ ਛੱਡ ਜਾਂਦਾ ਹੈ। ਧਰਤੀ 'ਤੇ ਹਜ਼ਾਰਾਂ ਸਦੀਆਂ ਦੇ ਗੁਜ਼ਰੇ ਸਮੇਂ ਨੇ ਆਪਣੀਆਂ ਪੈੜਾਂ ਛੱਡੀਆਂ ਹਨ। ਸਮੇਂ ਦੇ ਨਾਲ-ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਦੀਆਂ ਪੈੜਾਂ ਅਮਿਟ ਦਿਖਾਈ ਦੇਣ ਲਗਦੀਆਂ ਹਨ। ਇਹ ਪੈੜਾਂ ਬੀਤੇ ਉਸ ਸਮੇਂ ਦੀ ਯਾਦ ਤਾਜ਼ਾ ਕਰਵਾਉਂਦੀਆਂ ਰਹਿੰਦੀਆਂ ਹਨ, ਜਦੋਂ ਇਨ੍ਹਾਂ ਦੀ ਛਾਪ ਪਈ ਸੀ। ਅਜਿਹੀ ਹੀ ਇਕ ਘਟਨਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਮਾਨ ਹੋਣ 'ਤੇ ਵਾਪਰੀ ਸੀ। ਇਸ ਤੋਂ ਪਿੱਛੋਂ ਭਾਰਤ ਦਾ ਇਤਿਹਾਸ ਹੀ ਬਦਲਦਾ ਜਾਪਿਆ ਸੀ। ਉਸ ਵਾਪਰ ਰਹੇ ਸਮੇਂ ਵਿਚ ਕਿਵੇਂ ਸਦਾਚਾਰ ਅਪਣਾਉਣਾ ਹੈ, ਕਿਵੇਂ ਚੰਗਾ ਮਨੁੱਖ ਬਣਨਾ ਹੈ, ਕਿਵੇਂ ਜਬਰ ਅਤੇ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਹੈ ਅਤੇ ਕਿਵੇਂ ਮਨੁੱਖੀ ਸਮਾਜ ਵਿਚ ਇਕਸਾਰਤਾ ਲਿਆਉਣੀ ਹੈ, ਵਰਗੇ ਸੰਦੇਸ਼ ਹਵਾ ਵਿਚ ਫੈਲਦੇ ਗਏ। ਇਨ੍ਹਾਂ ਨੇ ਮਨਾਂ ਵਿਚ ਅਜਿਹੀਆਂ ਭਾਵਨਾਵਾਂ ਦਾ ਸੰਚਾਰ ਕੀਤਾ ਕਿ ਲੋਕਾਂ ਨੇ ਪ੍ਰੇਰਿਤ ਹੋ ਕੇ ਇਤਿਹਾਸ ਦੇ ਘਟਨਾ ਚੱਕਰ ਨੂੰ ਨਵਾਂ ਮੋੜ ਦੇ ਦਿੱਤਾ।
ਗੁਰੂ ਨਾਨਕ ਦੇਵ ਜੀ ਵਲੋਂ ਅਜਿਹੇ ਸੰਦੇਸ਼ ਪੀੜ੍ਹੀ-ਦਰ-ਪੀੜ੍ਹੀ ਸਫ਼ਰ ਕਰਦੇ ਰਹੇ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਨਵਾਂ ਮੋੜ ਦੇਣ ਦੇ ਨਾਲ ਅਮਲੀ ਰੂਪ ਵਿਚ ਢਾਲਿਆ। ਇਸੇ ਹੀ ਕੜੀ ਵਿਚ ਗੁਰੂ ਜੀ ਦਾ ਅਨੰਦਪੁਰ ਸਾਹਿਬ ਨੂੰ ਛੱਡਣਾ, ਚਮਕੌਰ ਦੀ ਗੜ੍ਹੀ ਵਿਚ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦਾ ਸ਼ਹੀਦ ਹੋਣਾ ਅਤੇ ਸਰਹਿੰਦ ਵਿਖੇ ਜ਼ਾਲਮ ਹਕੂਮਤ ਵਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਨੂੰ ਸ਼ਹੀਦ ਕਰ ਦੇਣ ਦੀਆਂ ਘਟਨਾਵਾਂ ਇਤਿਹਾਸ 'ਤੇ ਗੂੜ੍ਹੀ ਛਾਪ ਛੱਡ ਗਈਆਂ ਹਨ, ਜੋ ਸਦੀਆਂ ਦੇ ਸਫ਼ਰ ਵਿਚ ਮਨੁੱਖ ਮਾਤਰ ਨੂੰ ਆਪਣਾ ਸੁਨੇਹਾ ਦਿੰਦੀਆਂ ਹਨ ਅਤੇ ਉਸ ਵਿਚ ਨਵੀਂ ਚੇਤਨਾ ਅਤੇ ਨਵਾਂ ਜੋਸ਼ ਭਰਨ ਦੀ ਸਮਰੱਥਾ ਰੱਖਦੀਆਂ ਹਨ। ਇਸ ਵਾਰ ਵੀ ਸਾਹਿਬਜ਼ਾਦਿਆਂ ਦੇ ਚਮਕੌਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਵਿਚ ਮਨਾਏ ਗਏ ਸ਼ਹੀਦੀ ਦਿਨ ਮਨੁੱਖੀ ਮਨਾਂ ਵਿਚ ਅਮਿਟ ਛਾਪ ਛੱਡ ਗਏ ਹਨ। ਇਨ੍ਹਾਂ ਘਟਨਾਵਾਂ ਦੀ ਯਾਦ ਇਤਿਹਾਸਕ ਨਗਰ ਚਮਕੌਰ ਸਾਹਿਬ ਅਤੇ ਫ਼ਤਹਿਗੜ੍ਹ ਸਾਹਿਬ ਦੇ ਨਾਲ-ਨਾਲ ਦੇਸ਼ ਅਤੇ ਦੁਨੀਆ ਭਰ ਵਿਚ ਮਨਾਈ ਗਈ ਹੈ, ਜਿਸ ਵਿਚ ਉਨ੍ਹਾਂ ਮਹਾਨ ਆਤਮਾਵਾਂ ਦੀ ਭਾਵਨਾ ਗੂੜ੍ਹੇ ਰੰਗ ਵਿਚ ਸੁਰਜੀਤ ਹੋਈ ਹੈ।
ਭਾਰਤ ਵਿਚ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਮੇਤ ਦੇਸ਼ ਦੇ ਬਹੁਤੇ ਰਾਜਾਂ ਵਿਚ ਸਾਹਿਬਜ਼ਾਦਿਆਂ ਦੀ ਯਾਦ ਨੂੰ ਮੁੜ ਤਾਜ਼ਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਦੇਸ਼ ਭਰ ਦੀਆਂ ਹਰ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਸ਼ਰਧਾ ਭਾਵਨਾ ਨਾਲ ਆਪਣੇ ਆਪ ਨੂੰ ਇਨ੍ਹਾਂ ਸ਼ਹਾਦਤਾਂ ਨਾਲ ਜੋੜਿਆ ਹੈ। ਅਸੀਂ ਸਦੀਆਂ ਪਹਿਲਾਂ ਵਾਪਰੀਆਂ ਇਨ੍ਹਾਂ ਘਟਨਾਵਾਂ ਦੇ ਅਮਰ ਸੰਦੇਸ਼ ਨੂੰ ਸਿਜਦਾ ਕਰਦੇ ਹਾਂ ਅਤੇ ਆਸ ਰੱਖਦੇ ਹਾਂ ਕਿ ਇਹ ਹਮੇਸ਼ਾ ਸਮਿਆਂ ਦੇ ਸਫ਼ਰ ਵਿਚ ਮਨੁੱਖੀ ਮਨਾਂ ਨੂੰ ਸਰਸ਼ਾਰ ਕਰਦੀਆਂ ਰਹਿਣਗੀਆਂ।

-ਬਰਜਿੰਦਰ ਸਿੰਘ ਹਮਦਰਦ

 

Ad Position 22
No active advertisement
ਪਿਛਲੀ ਖ਼ਬਰ ਆਗਾਮੀ ਮਰਦਮਸ਼ੁਮਾਰੀ ਦੀ ਅਹਿਮੀਅਤ, ਚੁਣੌਤੀਆਂ ਤੇ ਸਾਵਧਾਨੀਆਂ ਅਗਲੀ ਖ਼ਬਰ ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ: ਇਕਬਾਲ
Ad Position 24
No active advertisement