ਹਿਸੋਰ (ਤਾਜੀਕਿਸਤਾਨ), 3 ਸਤੰਬਰ (ਏਜੰਸੀ)- ਭਾਰਤੀ ਟੀਮ ਜਦੋਂ ਵੀਰਵਾਰ ਨੂੰ ਸੀ.ਏ.ਐਫ.ਏ. ਨੇਸ਼ਨਜ਼ ਕੱਪ ਦੇ ਆਪਣੇ ਆਖਰੀ ਗਰੁੱਪ ਮੈਚ 'ਚ ਅਫਗਾਨਿਸਤਾਨ ਦੇ ਸਾਹਮਣੇ ਹੋਵੇਗੀ ਤਾਂ ਉਸ ਦੀਆਂ ਨਜ਼ਰਾਂ ਜਿੱਤ ਨਾਲ ਪਿਛਲੇ ਸਾਲ ਉਸ ਤੋਂ ਮਿਲੀ ਹਾਰ ਦਾ ਬਦਲਾ ਚੁਕਾਉਣ ਲਈ ਪਲੇਆਫ 'ਚ ਥਾਂ ਬਣਾਉਣ 'ਤੇ ਲੱਗੀਆਂ ਹੋਣਗੀਆਂ | ਇਗੋਰ ਸਟਿਮਕ ਦੇ ਮਾਰਗਦਰਸ਼ਨ 'ਚ ਭਾਰਤ ਨੂੰ ਮਾਰਚ 2024 'ਚ ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਦੌਰ ਦੇ ਮੈਚ 'ਚ ਗੁਹਾਟੀ 'ਚ ਅਫਗਾਨਿਸਤਾਨ ਦੇ ਖਿਲਾਫ਼ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ | ਹੁਣ ਖਾਲਿਦ ਜਮੀਲ ਦੇ ਮਾਰਗਦਰਸ਼ਨ ਵਾਲੀ ਮੌਜੂਦਾ ਟੀਮ ਉਸ ਹਾਰ ਦੀ ਭਰਪਾਈ ਕਰਨ ਲਈ ਬੇਤਾਬ ਹੋਵੇਗੀ | ਭਾਰਤੀ ਟੀਮ ਨੇ ਹੁਣ ਤੱਕ ਇਕ ਮੈਚ (ਤਜਾਕਿਸਤਾਨ ਦੇ ਖਿਲਾਫ 2-1) ਜਿੱਤਿਆ ਹੈ ਅਤੇ ਇਕ ਮੈਚ (ਈਰਾਨ ਦੇ ਖਿਲਾਫ 0-3 ਨਾਲ) ਗਵਾਇਆ ਹੈ | ਉਹ ਤਜਾਕਿਸਤਾਨ ਨਾਲ ਤਿੰਨ ਅੰਕਾਂ ਦੀ ਬਰਾਬਰੀ 'ਤੇ ਹੈ | ਹਰੇਕ ਗਰੁੱਪ ਦੀਆਂ ਚੋਟੀ ਦੀਆਂ ਟੀਮਾਂ ਫਾਈਨਲ 'ਚ ਪਹੁੰਚਣਗੀਆਂ, ਜਦੋਂ ਕਿ ਦੂਸਰੇ ਸਥਾਨ 'ਤੇ ਰਹਿਣ ਵਾਲੀਆਂ ਦੋ ਟੀਮਾਂ ਤੀਸਰੇ ਸਥਾਨ ਲਈ ਮੈਚ ਖੇਡਣਗੀਆਂ | ਜੇਕਰ ਮੌਜੂਦਾ ਸਥਿਤੀ ਨੂੰ ਵੇਖਿਆ ਜਾਏ ਤਾਂ ਭਾਰਤ ਨੂੰ ਅੱਗੇ ਵਧਣ ਲਈ ਅਫਗਾਨਿਸਤਾਨ ਖਿਲਾਫ ਜਿੱਤ ਦੀ ਲੋੜ ਹੈ ਤੇ ਨਾਲ ਹੀ ਟੀਮ ਉਮੀਦ ਕਰੇਗੀ ਕਿ ਵੀਰਵਾਰ ਨੂੰ ਹੋਣ ਵਾਲੇ ਦੂਸਰੇ ਮੈਚ 'ਚ ਤਜਾਕਿਸਤਾਨ ਦੀ ਟੀਮ ਈਰਾਨ ਦੇ ਖਿਲਾਫ਼ ਜਿੱਤ ਨਾ ਦਰਜ ਕਰ ਸਕੇ |