ਰਾਜਗੀਰ (ਬਿਹਾਰ), 4 ਸਤੰਬਰ (ਪੀ.ਟੀ.ਆਈ.)-ਭਾਰਤ ਨੇ ਇੱਥੇ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਆਪਣੇ ਦੂਜੇ ਸੁਪਰ 4 ਪੜਾਅ ਦੇ ਮੈਚ 'ਚ ਮਲੇਸ਼ੀਆ ਨੂੰ 4-1 ਨਾਲ ਹਰਾਇਆ | ਭਾਰਤੀ ਟੀਮ ਲਈ ਮਨਪ੍ਰੀਤ ਸਿੰਘ (17ਵਾਂ ਮਿੰਟ), ਸੁਖਜੀਤ ਸਿੰਘ (19ਵਾਂ ਮਿੰਟ), ਸ਼ਿਲਾਨੰਦ ਲਾਕੜਾ (24ਵਾਂ ਮਿੰਟ) ਤੇ ਵਿਵੇਕ ਸਾਗਰ ਪ੍ਰਸਾਦ (38ਵਾਂ ਮਿੰਟ) ਨੇ ਗੋਲ ਕੀਤੇ | ਮੈਚ ਦੇ ਦੂਜੇ ਮਿੰਟ 'ਚ ਇਕ ਗੋਲ ਗੁਆਉਣ ਤੋਂ ਬਾਅਦ, ਭਾਰਤ ਨੇ 2 ਮਿੰਟਾਂ 'ਚ 2 ਗੋਲ ਕਰਕੇ ਲੀਡ ਹਾਸਲ ਕੀਤੀ | ਇਸ ਤੋਂ ਬਾਅਦ, ਲਾਕੜਾ ਨੇ ਤੀਜਾ ਗੋਲ ਕੀਤਾ ਤੇ ਮੇਜ਼ਬਾਨ ਟੀਮ 3-1 ਨਾਲ ਅੱਗੇ ਹੋ ਗਈ | ਭਾਰਤ ਨੇ 38ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਵਿਵੇਕ ਸਾਗਰ ਦੇ ਗੋਲ ਨਾਲ ਆਪਣੇ ਵਿਰੋਧੀ 'ਤੇ ਦਬਾਅ ਵਧਾਇਆ ਅਤੇ ਜਿੱਤ ਦਰਜ ਕੀਤੀ | ਭਾਰਤ ਸਨਿਚਰਵਾਰ ਨੂੰ ਸੁਪਰ 4 ਦੇ ਫਾਈਨਲ ਮੈਚ 'ਚ ਚੀਨ ਨਾਲ ਭਿੜੇਗਾ | ਜ਼ਿਕਰਯੋਗ ਹੈ ਕਿ ਭਾਰਤ ਨੂੰ ਐਤਵਾਰ ਦੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰਨ ਲਈ ਚੀਨ ਵਿਰੁੱਧ ਡਰਾਅ ਦੀ ਲੋੜ ਹੈ | ਅੱਜ ਮਲੇਸ਼ੀਆ ਕੋਲ 2 ਖਿਡਾਰੀ ਘੱਟ ਸਨ ਕਿਉਂਕਿ ਪਲੇਮੇਕਰ ਫਿਤਰੀ ਸਾਰੀ ਨੂੰ ਉਨ੍ਹਾਂ ਦੇ ਪਿਛਲੇ ਮੈਚ 'ਚ ਚੀਨੀ ਖਿਡਾਰੀਆਂ ਨਾਲ ਮੈਦਾਨ 'ਤੇ ਹੋਈ ਬਹਿਸ ਤੋਂ ਬਾਅਦ ਅਨੁਸ਼ਾਸਨਹੀਣਤਾ ਲਈ ਮੈਚ ਲਈ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਅਬੂ ਕਮਾਲ ਅਜ਼ਰਾਈ ਵੀ ਭਾਰਤ ਵਿਰੁੱਧ ਨਹੀਂ ਖੇਡਿਆ | ਪਹਿਲੇ ਕੁਆਰਟਰ 'ਚ ਭਾਰਤੀ ਡਿਫੈਂਸ ਥੋੜ੍ਹਾ ਅਸਥਿਰ ਦਿਖਾਈ ਦਿੱਤਾ ਪਰ ਉਸ ਨੇ ਹੋਰ ਕੋਈ ਗੋਲ ਨਹੀਂ ਹੋਣ ਦਿੱਤਾ | ਭਾਰਤ ਨੇ ਆਪਣਾ ਹਮਲਾਵਰ ਖੇਡ ਜਾਰੀ ਰੱਖਿਆ ਅਤੇ ਦੂਜੇ ਕੁਆਰਟਰ ਦੇ ਸ਼ੁਰੂਆਤੀ ਮਿੰਟਾਂ 'ਚ ਲਗਾਤਾਰ 5 ਪੈਨਲਟੀ ਕਾਰਨਰ ਪ੍ਰਾਪਤ ਕੀਤੇ |