ਟੋਰਾਂਟੋ, 3 ਜੂਨ (ਹਰਜੀਤ ਸਿੰਘ ਬਾਜਵਾ)-ਬੀਤੇ ਦਿਨੀ ਬਰੈਂਪਟਨ ਵਿਖੇ ਬਾਬਾ ਗੁਰਦੇਵ ਸਿੰਘ ਦੇ ਅਸਥਾਨ ਟਿੰਬਰਲੇਨ ਰੋਡ ਸਥਿਤ ਗੁਰੂਦੁਆਰਾ ਨਾਨਕਸਰ ਬਰੈਂਪਟਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ | ਇਸ ਧਾਰਮਿਕ ਸਮਾਗਮ ਦੌਰਾਨ ਸਵੇਰੇ ਆਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਏ ਗਏ, ਜਿਸ ਵਿਚ ਗੁਰੂ ਘਰ ਦੇ ਰਾਗੀ ਸਿੰਘਾਂ ਵਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਪ੍ਰਸੰਗ ਸੁਣਾਏ | ਸੰਗਤਾਂ ਨਾਲ ਗੁਰਮਿਤ ਵਿਚਾਰ ਸਾਂਝੇ ਕੀਤੇ ਤੇ ਆਰਤੀ ਤੋਂ ਬਾਅਦ ਗੁਰੂ ਘਰ ਦੇ ਮਹੰਤ ਸਵਰਨਜੀਤ ਸਿੰਘ ਵਲੋਂ ਅਰਦਾਸ ਤੇ ਹੁਕਮਨਾਮਾ ਲਿਆ ਤੇ ਭਾਈ ਸੇਵਾ ਸਿੰਘ ਵਲੋਂ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ | ਉਨ੍ਹਾਂ ਇਸ ਮੌਕੇ ਸੰਗਤਾਂ ਨਾਲ ਸਾਂਝ ਪਾਉਂਦਿਆਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਵੱਖ-ਵੱਖ ਪਹਿਲੂਆਂ ਤੇ ਸਮੇਂ ਦੀ ਹਕੂਮਤ ਤੇ ਹੁਕਮਰਾਨਾਂ ਦੇ ਸਿੱਖ ਧਰਮ ਤੇ ਸਿੱਖ ਗੁਰੂਆਂ ਬਾਰੇ ਸੋਚ ਅਤੇ ਰਵੱਈਏ ਬਾਰੇ ਵੀ ਦੱਸਿਆ ਕਿ ਰੱਬ ਦੀ ਰਜ਼ਾ ਵਿਚ ਰਹਿ ਕੇ ਗੁਰੂ ਸਾਹਿਬ ਨੇ ਕਿਵੇਂ ਜ਼ਾਬਰਾਂ ਦੇ ਜ਼ੁਲਮ ਤਾਂ ਸਹੇ, ਜਾਨ ਦਿੱਤੀ ਪਰ ਸੀਸ ਨਹੀਂ ਝੁਕਾਇਆ | ਇਸ ਮੌਕੇ ਸੇਵਾਦਾਰਾਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ ਸੀ |