ਰਾਜਗੀਰ (ਬਿਹਾਰ), 31 ਅਗਸਤ (ਏਜੰਸੀ)- ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਭਾਰਤ ਨੇ ਅੱਜ ਇਥੇ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ 'ਚ ਪੂਲ ਏ 'ਚ ਜਾਪਾਨ ਨੂੰ 3-2 ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ | ਹਰਮਨਪ੍ਰੀਤ ਨੇ ਪੰਜਵੇਂ ਅਤੇ 46ਵੇਂ ਮਿੰਟ 'ਚ ਗੋਲ ਕੀਤੇ, ਜਦਕਿ ਮਨਦੀਪ ਸਿੰਘ ਨੇ ਭਾਰਤ ਲਈ ਚੌਥੇ ਮਿੰਟ 'ਚ ਗੋਲ ਦਾਗਿਆ | ਜਪਾਨ ਲਈ ਕੋਸੇਈ ਕਵਾਬੇ ਨੇ 38ਵੇਂ ਅਤੇ 59ਵੇਂ ਮਿੰਟ 'ਚ ਗੋਲ ਕੀਤੇ | ਭਾਰਤ ਨੇ ਸ਼ੁੱਕਰਵਾਰ ਨੂੰ ਆਪਣੀ ਮੁਹਿੰਮ ਦੇ ਸ਼ੁਰੂਆਤੀ ਮੈਚ ਵਿਚ ਚੀਨ ਨੂੰ 4-3 ਨਾਲ ਹਰਾਇਆ ਸੀ | ਮੇਜ਼ਬਾਨ ਟੀਮ ਸੋਮਵਾਰ ਨੂੰ ਆਪਣੇ ਆਖਰੀ ਪੂਲ ਮੈਚ ਵਿਚ ਕਜ਼ਾਖਸਤਾਨ ਨਾਲ ਖੇਡੇਗੀ | ਮਹਾਂਦੀਪੀ ਟੂਰਨਾਮੈਂਟ ਦਾ ਜੇਤੂ ਅਗਲੇ ਸਾਲ ਬੈਲਜੀਅਮ ਅਤੇ ਨੀਦਰਲੈਂਡ ਵਲੋਂ ਸਾਂਝੇ ਤੌਰ 'ਤੇ ਕਰਵਾਏ ਜਾਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰੇਗਾ |