ਸਿਆਟਲ, 18 ਦਸੰਬਰ (ਹਰਮਨਪ੍ਰੀਤ ਸਿੰਘ)-ਸਿਆਟਲ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਇਸ ਵੇਲੇ ਭਾਰੀ ਹੜ੍ਹ ਆਇਆ ਹੋਇਆ ਹੈ | ਬੀਤੇ ਤਿੰਨ ਦਿਨਾਂ ਤੋਂ ਇਥੇ ਭਾਰੀ ਬਰਸਾਤ ਹੋ ਰਹੀ ਹੈ, ਜਿਸ ਕਾਰਨ ਪਿਆਪਲ, ਓਬਰਨ, ਕੈਂਟ, ਰੈਂਟਨ, ਸਨੋਮਿਸ ਤੇ ਕੁਝ ਹੋਰ ਸ਼ਹਿਰ ਇਸ ਭਾਰੀ ਹੜ੍ਹਾਂ ਦੀ ਲਪੇਟ ਵਿਚ ਆਏ ਹੋਏ ਹਨ | ਇਨ੍ਹਾਂ ਸ਼ਹਿਰਾਂ ਵਿਚ ਦੀ ਲੰਗਦੇ ਦਰਿਆ 'ਗਰੀਨ ਰਿਵਰ' ਵਿਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਤੇ ਬੰਨ੍ਹਾਂ ਨੂੰ ਤੋੜਦੇ ਪਾਣੀ ਭਾਰੀ ਤਬਾਹੀ ਮਚਾ ਰਿਹਾ ਹੈ | ਕਈ ਇਲਾਕਿਆਂ ਵਿਚ 7 ਤੋਂ 8 ਫੁੱਟ ਤੱਕ ਪਾਣੀ ਭਰ ਗਿਆ, ਜਿਸ ਕਾਰਨ ਬਹੁਤ ਸਾਰੇ ਰਿਹਾਇਸ਼ੀ ਤੇ ਕਮਰਸ਼ੀਅਲ ਇਲਾਕੇ ਇਸ ਦੀ ਮਾਰ ਹੇਠ ਆ ਗਏ | ਸਰਕਾਰ ਨੇ ਪਹਿਲਾਂ ਹੀ ਹੜ੍ਹਾਂ ਦੀ ਚਿਤਾਵਨੀ ਜਾਰੀ ਕਰ ਦਿੱਤੀ ਸੀ, ਜਿਸ ਕਾਰਨ ਨੀਵੇਂ ਇਲਾਕਿਆਂ ਨੂੰ ਪਹਿਲਾਂ ਹੀ ਖਾਲ੍ਹੀ ਕਰਾ ਲਿਆ ਗਿਆ ਸੀ | ਇਨ੍ਹਾਂ ਹੜ੍ਹਾਂ ਕਾਰਨ ਹਜ਼ਾਰਾਂ ਲੋਕ ਇਸ ਦੀ ਮਾਰ ਹੇਠ ਆਏ ਹਨ ਤੇ ਘਰੋਂ ਬੇਘਰ ਹੋਏ ਹਨ | ਬਚਾਅ ਦਸਤੇ ਲਗਾਤਾਰ ਰਾਹਤ ਕਾਰਜਾਂ ਵਿਚ ਜੁਟੇ ਹੋਏ ਹਨ | ਕਈ ਗੁਰੂ ਘਰਾਂ ਜਿਨ੍ਹਾਂ ਵਿਚ ਗੁਰਦੁਆਰਾ ਸੱਚਾ ਮਾਰਗ ਓਬਰਨ ਤੇ ਗੁਰੂ ਤੇਗ ਬਹਾਦਰ ਗੁਰਦੁਆਰਾ ਕੈਂਟ ਵਿਚ ਰਾਹਤ ਕੈਂਪ ਖੋਲ੍ਹੇ ਗਏ ਹਨ, ਜਿਥੇ ਲੰਗਰ ਤੇ ਹੋਰ ਜ਼ਰੂਰੀ ਵਸਤਾਂ ਦਾ ਪ੍ਰਬੰਧ ਕੀਤਾ ਗਿਆ ਹੈ | ਪ੍ਰਸ਼ਾਸਨ ਤੇ ਕਈ ਹੋਰ ਸਮਾਜ ਸੇਵੀ ਸੰਸਥਾਵਾਂ ਵੀ ਲੋਕਾਂ ਦੀ ਮਦਦ ਵਿਚ ਲੱਗੀਆਂ ਹੋਈਆਂ ਹਨ | ਕੈਂਟ ਸਿਟੀ ਕੌਂਸਲ ਦੀ ਮੇਅਰ ਰਾਨਾ ਗਲਫ਼ ਤੇ ਕੈਂਟ ਸਿਟੀ ਕੌਂਸਲ ਮੈਂਬਰ ਸਤਵਿੰਦਰ ਕੌਰ ਨੇ 'ਅਜੀਤ' ਨੂੰ ਦੱਸਿਆ ਕਿ ਹੜ੍ਹਾਂ ਨਾਲ ਨਜਿੱਠਣ ਲਈ ਸਿਟੀ ਦੀਆਂ ਰਾਹਤ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ | ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵੈੱਲ ਦੇ ਪ੍ਰਧਾਨ ਤੇ ਸਿਆਟਲ ਦੇ ਧਨਾਢ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਨੇ ਦੱਸਿਆ ਕਿ ਗੁਰ ਘਰ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਲੰਗਰਾਂ ਦੇ ਤੇ ਜ਼ਰੂਰੀ ਸਾਮਾਨ ਦਾ ਪ੍ਰਬੰਧ ਕੀਤਾ ਗਿਆ ਹੈ |