ਦਿੱਲੀ ਵਿਚ ਘੁਸਪੈਠੀਆਂ 'ਤੇ ਕਾਰਵਾਈ, ਪੁਲਿਸ ਨੇ 30 ਗ਼ੈਰ-ਕਾਨੂੰਨੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਕੀਤਾ ਗਿ੍ਫ਼ਤਾਰ
ਅਜੀਤ ਡੈਸਕ
01-06-2025
ਉੱਤਰ-ਪੱਛਮੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਭੀਸ਼ਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਲੋਕਾਂ ਨੂੰ ਮਈ ਦੇ ਪੂਰੇ ਮਹੀਨੇ ਚਲੀ ਨਿਗਰਾਨੀ ਮੁਹਿੰਮ ਦੌਰਾਨ ਨਜ਼ਰ ਹੇਠ ਰੱਖਿਆ ਗਿਆ, ਫਿਰ ਅਚਾਨਕ ਛਾਪੇਮਾਰੀ ਕਰ ਕੇ ਫੜ ਲਿਆ ਗਿਆ | ਗਿ੍ਫ਼ਤਾਰ ਕੀਤੇ ਗਏ ਲੋਕਾਂ ਵਿਚ 12 ਔਰਤਾਂ, 15 ਆਦਮੀ ਅਤੇ 3 ਬੱਚੇ ਸ਼ਾਮਿਲ ਹਨ | ਇਨ੍ਹਾਂ ਸਾਰਿਆਂ ਨੇ ਮੰਨਿਆ ਕਿ ਉਹ ਬੰਗਲਾਦੇਸ਼ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਦਾਖ਼ਲ ਹੋਏ ਸਨ ਅਤੇ ਸਾਲਾਂ ਤੋਂ ਦਿੱਲੀ ਵਿਚ ਰਹਿ ਰਹੇ ਸਨ | ਪੁਲਿਸ ਅਨੁਸਾਰ ਇਹ ਲੋਕ ਏਜੰਟਾਂ ਦੀ ਮਦਦ ਨਾਲ ਭਾਰਤ-ਬੰਗਲਾਦੇਸ਼ ਸਰਹੱਦ ਰਾਹੀਂ ਗੁਪਤ ਤਰੀਕੇ ਨਾਲ ਦੇਸ਼ ਵਿਚ ਦਾਖ਼ਲ ਹੋਏ ਸਨ | ਭਾਰਤ ਆਉਣ ਤੋਂ ਬਾਅਦ ਉਹ ਇਥੇ ਛੋਟੇ-ਮੋਟੇ ਕੰਮਾਂ ਜਿਵੇਂ ਘਰੇਲੂ ਕੰਮਕਾਜ ਅਤੇ ਟ੍ਰੈਫਿਕ ਸਿਗਨਲਾਂ 'ਤੇ ਭੀਖ ਮੰਗਣ ਵਿਚ ਲੱਗੇ ਹੋਏ ਸਨ ਅਤੇ ਸਥਾਨਿਕ ਲੋਕਾਂ ਵਿਚ ਘੁਲਣ-ਮਿਲਣ ਦੀ ਕੋਸ਼ਿਸ਼ ਕਰ ਰਹੇ ਸਨ | ਗਿ੍ਫ਼ਤਾਰੀ ਦੌਰਾਨ ਪੁਲਿਸ ਨੇ ਉਨ੍ਹਾਂ ਪਾਸੋਂ ਪੰਜ ਸਮਾਰਟ ਫ਼ੋਨ ਜ਼ਬਤ ਕੀਤੇ ਜਿਨ੍ਹਾਂ ਵਿਚ ਪਾਬੰਦੀਸ਼ੁਦਾ ਆਈ.ਐਮ.ਓ. ਐਪ ਸਥਾਪਿਤ ਸੀ | ਇਹ ਐਪ ਸਰਹੱਦ ਪਾਰ ਗੁਪਤ ਸੰਚਾਰ ਲਈ ਵਰਤਿਆ ਜਾਂਦਾ ਹੈ | ਭਾਰਤ ਵਿਚ ਇਸ 'ਤੇ ਪਾਬੰਦੀ ਹੈ | ਇਸ ਤੋਂ ਇਲਾਵਾ ਪੁਲਿਸ ਨੇ ਉਨ੍ਹਾਂ ਕੋਲੋਂ 10 ਬੰਗਲਾਦੇਸ਼ੀ ਰਾਸ਼ਟਰੀ ਪਛਾਣ ਪੱਤਰ ਵੀ ਪ੍ਰਾਪਤ ਕੀਤੇ ਹਨ | ਡੀ.ਸੀ.ਪੀ. ਭੀਸ਼ਮ ਸਿੰਘ ਨੇ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਸਾਰੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਦਿੱਲੀ ਦੇ ਡਿਟੈਂਸ਼ਨ ਕੇਂਦਰਾਂ ਵਿਚ ਰੱਖਿਆ ਗਿਆ ਹੈ | ਵਿਦੇਸ਼ੀ ਨਾਗਰਿਕ ਕਾਨੂੰਨ ਦੇ ਤਹਿਤ ਕਾਨੂੰਨ ਕਾਰਵਾਈ ਕੀਤੀ ਜਾ ਰਹੀ ਹੈ | ਇਸ ਦੇ ਨਾਲ ਹੀ ਪੁਲਿਸ ਉਨ੍ਹਾਂ ਏਜੰਟਾਂ ਦੀ ਭਾਲ ਕਰ ਰਹੀ ਹੈ ਜੋ ਇਨ੍ਹਾਂ ਪ੍ਰਵਾਸੀਆਂ ਦੀ ਗ਼ੈਰ-ਕਾਨੂੰਨੀ ਘੁਸਪੈਠ ਵਿਚ ਮਦਦ ਕਰ ਰਹੇ ਸਨ |