ਨਵੀਂ ਦਿੱਲੀ, 31 ਮਈ (ਮਿਸਰਦੀਪ ਭਾਟੀਆ)-ਸਾਹਿਤ ਅਕਾਦਮੀ ਅਤੇ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਦੇ ਸਾਂਝੇ ਉਪਰਾਲੇ ਹੇਠ ਆਯੋਜਿਤ ਸਾਹਿਤਕ ਸੰਮੇਲਨ ਦੇ ਦੂਜੇ ਦਿਨ 'ਕਿੰਨਾ ਬਦਲ ਚੁੱਕਾ ਹੈ ਸਾਹਿਤ?' ਵਿਸ਼ੇ 'ਤੇ ਤਿੰਨ ਸੈਸ਼ਨਾਂ ਵਿਚ ਚਰਚਾ ਕੀਤੀ ਗਈ | 'ਭਾਰਤ ਦਾ ਨਾਰੀਵਾਦੀ ਸਾਹਿਤ : ਨਵੇਂ ਆਧਾਰ' ਵਿਸ਼ੇ 'ਤੇ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਉੜੀਆ ਕਹਾਣੀਕਾਰਾ ਸ੍ਰੀਮਤੀ ਪ੍ਰਤਿਭਾ ਰਾਇ ਨੇ ਕਿਹਾ ਕਿ ਮਹਿਲਾ ਲੇਖਣ ਦੀ ਇਕ ਵਿਲੱਖਣ ਆਵਾਜ਼, ਵਿਸ਼ਵ ਦਿ੍ਸ਼ਟੀ ਅਤੇ ਜੀਵਨ ਪ੍ਰਤੀ ਦਿ੍ਸ਼ਟੀਕੋਣ ਹੁੰਦਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਾਰੀਵਾਦੀ ਸਾਹਿਤ ਕੋਈ ਵੱਖਰੀ ਇਕਾਈ ਨਹੀਂ ਹੈ ਬਲਕਿ ਰਚਨਾਤਮਿਕਤਾ ਦਾ ਇਕ ਵਿਭਿੰਨ ਪ੍ਰਗਟਾਵਾ ਹੈ | ਉਨ੍ਹਾਂ ਨੇ 15ਵੀਂ ਸਦੀ ਦੇ ਉੜੀਆ ਕਵੀ ਬਲਰਾਮ ਦਾਸ ਦੇ 'ਲਕਸ਼ਮੀ ਪੁਰਾਣ' ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤ ਵਿਚ ਨਾਰੀਵਾਦੀ ਸਾਹਿਤ ਦੀ ਨੀਂਹ ਰੱਖੀ | ਇਸ ਸੈਸ਼ਨ ਵਿਚ ਹੋਰ ਬੁਲਾਰੇ-ਅਨਾਮਿਕਾ, ਅਨੁਜਾ ਚੰਦਰਮੌਲੀ, ਮਹੂਆ ਮਾਝੀ, ਨਿਧੀ ਕੁਲਪਤੀ, ਪ੍ਰੀਤੀ ਸ਼ੋਨੋਏ ਅਤੇ ਤਮਿਲਚੀ ਥੰਗਾਪਾਂਡਿਆਨ ਵੀ ਸ਼ਾਮਿਲ ਸਨ | ਹਿੰਦੀ ਲੇਖਿਕਾ ਅਨਾਮਿਕਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਭਾਰਤੀ ਨਾਰੀਵਾਦੀ ਸਾਹਿਤ ਸੀਮਾਵਾਂ ਨੂੰ ਅੱਗੇ ਵਧਾ ਰਿਹਾ ਹੈ ਅਤੇ ਰਿਸ਼ਤਿਆਂ ਨੂੰ ਮੁੜ ਪਰਿਭਾਸ਼ਿਤ ਕਰ ਰਿਹਾ ਹੈ | ਤਮਿਲ ਲੇਖਿਕਾ ਤਮਿਲਚੀ ਥੰਗਾਪਾਂਡਿਆਨ ਨੇ ਭਾਰਤ ਵਿਚ ਮਹੱਤਵਕਾਂਖੀ ਮੁੱਦਿਆਂ 'ਤੇ ਚਰਚਾ ਕੀਤੀ ਜਿਸ ਵਿਚ ਤਮਿਲ ਅਤੇ ਦ੍ਰਾਵਿੜ ਸੰਦਰਭਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ | ਅੰਗਰੇਜ਼ੀ ਲੇਖਿਕਾ ਅਨੁਜਾ ਚੰਦਰਮੌਲੀ ਨੇ ਕਿਹਾ ਕਿ ਨਾਰੀਵਾਦੀ ਸਾਹਿਤ ਨੇ ਸਦੀਆਂ ਦੀ ਚੁੱਪੀ ਅਤੇ ਸੈਂਸਰਸ਼ਿਪ ਨੂੰ ਤੋੜ ਕੇ ਸੱਭਿਆਚਾਰਕ ਦਿ੍ਸ਼ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ ਹੈ | ਹਿੰਦੀ ਲੇਖਿਕਾ ਅਤੇ ਸੰਸਦ ਮੈਂਬਰ ਮਹੂਆ ਮਾਝੀ ਨੇ ਔਰਤਾਂ ਦੇ ਰਚਨਾਤਮਿਕ ਲੇਖਣ ਦੀ ਪੜਚੋਲ ਕੀਤੀ ਜਿਸ ਵਿਚ ਨਾਰੀਵਾਦ ਦੇ ਮੁੱਖ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਔਰਤਾਂ ਦੇ ਮੁੱਦਿਆਂ 'ਤੇ ਚਰਚਾ ਕਰਨਾ ਮਰਦ ਵਿਰੋਧੀ ਨਹੀਂ ਹੈ ਸਗੋਂ ਪੁਰਸ਼-ਪ੍ਰਧਾਨ ਕਦਰਾਂ-ਕੀਮਤਾਂ ਨੂੰ ਚੁਣੌਤੀ ਦੇਣਾ ਹੈ | ਉੱਘੀ ਮੀਡੀਆ ਸ਼ਖ਼ਸੀਅਤ ਨਿਧੀ ਕੁਲਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਮਾਜ ਵਿਚ ਔਰਤਾਂ ਦੀ ਲਿਖਤ ਨੂੰ ਸ਼ੁਰੂ ਵਿਚ ਹਾਸ਼ੀਏ 'ਤੇ ਧੱਕ ਦਿੱਤਾ ਗਿਆ ਸੀ ਪਰ ਸਮੇਂ ਦੇ ਨਾਲ ਇਸਦਾ ਘੇਰਾ ਵਧਿਆ ਹੈ | ਉਨ੍ਹਾਂ ਕਿਹਾ ਕਿ ਮਹਾਂਦੇਵੀ ਵਰਮਾ, ਮੰਨੂ ਭੰਡਾਰੀ, ਸ਼ਿਵਾਨੀ ਅਤੇ ਕ੍ਰਿਸ਼ਨਾ ਸੋਬਤੀ ਵਰਗੀਆਂ ਪ੍ਰਮੁੱਖ ਲੇਖਿਕਾਵਾਂ ਨੇ ਇਸਦੀ ਨੀਂਹ ਰੱਖੀ | ਅੰਗਰੇਜ਼ੀ ਲੇਖਿਕਾ ਪ੍ਰੀਤੀ ਸ਼ੋਨੋਏ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | 'ਸਾਹਿਤ ਵਿਚ ਬਦਲਾਅ ਅਤੇ ਬਦਲਾਅ ਦਾ ਸਾਹਿਤ' ਸੈਸ਼ਨ ਦੀ ਪ੍ਰਧਾਨਗੀ ਅਕਾਦਮੀ ਦੀ ਉਪ-ਪ੍ਰਧਾਨ ਕੁਮੁਦ ਸ਼ਰਮਾ ਨੇ ਕੀਤੀ | ਇਸ ਸੈਸ਼ਨ ਵਿਚ ਗਿਰੀਸ਼ਵਰ ਮਿਸ਼ਰਾ, ਮਮਤਾ ਕਾਲੀਆ, ਰਸ਼ਮੀ ਨਰਜਾਰੀ, ਰੀਟਾ ਕੋਠਾਰੀ ਅਤੇ ਯਤਿੰਦਰਾ ਮਿਸ਼ਰਾ ਨੇ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ | ਉੱਘੇ ਹਿੰਦੀ ਵਿਦਵਾਨ ਗਿਰੀਸ਼ਵਰ ਮਿਸ਼ਰਾ ਨੇ ਕਿਹਾ ਕਿ ਸਾਹਿਤ ਹਮੇਸ਼ਾ ਆਪਣੇ ਸਮੇਂ ਦੀ ਅਸਲੀਅਤ ਨੂੰ ਆਪਣੇ ਬਦਲਾਅ ਦੇ ਨਾਲ-ਨਾਲ ਪ੍ਰਗਟ ਕਰਦਾ ਹੈ | ਮਸ਼ਹੂਰ ਹਿੰਦੀ ਲੇਖਿਕਾ ਮਮਤਾ ਕਾਲੀਆ ਨੇ ਕਿਹਾ ਕਿ ਅੱਜ ਹਰ ਹੱਥ ਵਿਚ ਕਿਤਾਬ ਹੋਣੀ ਚਾਹੀਦੀ ਹੈ | ਇਸ ਤੋਂ ਇਲਾਵਾ ਸ੍ਰੀ ਯਤਿੰਦਰਾ ਮਿਸ਼ਰਾ, ਰਸ਼ਮੀ ਨਾਰਜਾਰੀ, ਰੀਤਾ ਕੋਠਾਰੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਸੰਮੇਲਨ ਦਾ ਚੌਥਾ ਸੈਸ਼ਨ 'ਵਿਸ਼ਵ ਵਿਆਪੀ ਦਿ੍ਸ਼ਟੀਕੋਣ ਵਿਚ ਭਾਰਤੀ ਸਾਹਿਤ ਦੀਆਂ ਨਵੀਆਂ ਦਿਸ਼ਾਵਾਂ' 'ਤੇ ਸੀ ਜਿਸਦੀ ਪ੍ਰਧਾਨਗੀ ਅਭੈ ਮੌਰੀਆ ਨੇ ਕੀਤੀ | ਸੈਸ਼ਨਾਂ ਵਿਚ ਹੋਰ ਬੁਲਾਰਿਆਂ ਨੇ ਭਾਰਤੀ ਸਾਹਿਤ ਵਿਚ ਖਾਸ ਕਰਕੇ ਅੰਗਰੇਜ਼ੀ ਸਾਹਿਤ ਦੇ ਸੰਦਰਭ ਵਿਚ ਉਭਰ ਰਹੇ ਨਵੇਂ ਰੁਝਾਨਾਂ ਵੱਲ ਇਸ਼ਾਰਾ ਕੀਤਾ | ਇਸ ਪ੍ਰੋਗਰਾਮ ਵਿਚ ਬਹੁਤ ਸਾਰੇ ਪ੍ਰਸਿੱਧ ਲੇਖਕ, ਵਿਦਵਾਨ, ਮੀਡੀਆ ਕਰਮੀ ਤੇ ਸਾਹਿਤ ਪ੍ਰੇਮੀ ਮੌਜੂਦ ਸਨ |