ਸਿਰਸਾ, 31 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਰੂਪਾਵਾਸ 'ਚ ਕਥਿਤ ਪ੍ਰੇਮ ਪ੍ਰਸੰਗ ਨੂੰ ਲੈ ਕੇ ਇਕ ਨੌਜਵਾਨ ਨੂੰ ਕੁਝ ਲੋਕਾਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ | ਪੁਲਿਸ ਨੇ ਮਿ੍ਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਲੜਕੀ ਦੇ ਪਿਤਾ ਸਮੇਤ ਅੱਠ ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ 'ਚ ਹਾਲੇ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਰੂਪਾਵਾਸ ਵਾਸੀ ਦੋ ਚਚੇਰੇ ਭਰਾ ਸਾਂਵਰਾ ਤੇ ਈਸ਼ਵਰ ਪਿੰਡ ਦੀਆਂ ਦੋ ਲੜਕੀਆਂ ਨੂੰ ਕਥਿਤ ਤੌਰ 'ਤੇ ਭਜਾ ਕੇ ਲੈ ਗਏ ਸਨ | ਪਿੰਡ 'ਚ ਇਸ ਘਟਨਾ ਦੇ ਵਾਪਰਨ ਮਗਰੋਂ ਲੜਕੀਆਂ ਭਜਾ ਕੇ ਲੈ ਜਾਣ ਵਾਲੇ ਲੜਕਿਆਂ ਤੇ ਉਨ੍ਹਾਂ ਦੇ ਪਰਿਵਾਰ ਦਾ ਵਿਰੋਧ ਹੋਇਆ ਤਾਂ ਸਾਂਵਰਾ ਦਾ ਪਰਿਵਾਰ ਪਿੰਡ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ | ਦੱਸਿਆ ਗਿਆ ਹੈ ਕਿ ਇਸੇ ਦੌਰਾਨ ਸਾਂਵਰਾ ਨਾਲ ਗਈ ਲੜਕੀ ਵਾਪਸ ਆਪਣੇ ਘਰ ਆ ਗਈ ਤਾਂ ਸਾਂਵਰਾ ਤੇ ਉਸ ਦਾ ਪਰਿਵਾਰ ਵੀ ਵਾਪਿਸ ਆਪਣੇ ਪਿੰਡ ਆ ਗਿਆ ਪਰ ਸਾਂਵਰਾ ਦੇ ਚਚੇਰੇ ਭਰਾ ਈਸ਼ਵਰ ਨਾਲ ਗਈ ਲੜਕੀ ਲਿਵ ਇਨ ਰਿਲੇਸ਼ਨ 'ਚ ਰਹਿਣ ਲੱਗੀ | ਦੱਸਿਆ ਗਿਆ ਹੈ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਬੀਤੀ ਦੇਰ ਰਾਤ ਸਾਂਵਰਾ 'ਤੇ ਕਥਿਤ ਤੌਰ 'ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ | ਇਸ ਘਟਨਾ ਦਾ ਪਤਾ ਲੱਗਣ 'ਤੇ ਪਰਿਵਾਰ ਨੇ ਸਾਂਵਰਾ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਪੁਲਿਸ ਨੇ ਮਿ੍ਤਕ ਦੀ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਹੈ | ਪੁਲਿਸ ਨੇ ਮਿ੍ਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਲੜਕੀ ਦੇ ਪਿਤਾ ਸਮੇਤ ਅੱਠ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਨਾਥੂਸਰੀ ਚੌਪਟਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮਿ੍ਤਕ ਦੇ ਪਿਤਾ ਰਾਮੇਸ਼ਵਰ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਹੈ ਕਿ ਪੁਲਿਸ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਉਨ੍ਹਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ | ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਛੇਤੀ ਹੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ |