ਯਮੁਨਾਨਗਰ, 3 ਸਤੰਬਰ (ਗੁਰਦਿਆਲ ਸਿੰਘ ਨਿਮਰ)- ਪੰਜਾਬ ਜੋ ਕਿ ਭਾਰਤ ਦਾ ਅਨਾਜ ਭੰਡਾਰ ਹੈ, ਅੱਜ ਭਿਆਨਕ ਹੜ੍ਹਾਂ ਦੀ ਲਪੇਟ 'ਚ ਆਇਆ ਹੋਇਆ ਹੈ | ਇਹ ਕੁਦਰਤੀ ਆਫ਼ਤ ਨਾ ਸਿਰਫ਼ ਖੇਤਾਂ ਨੂੰ ਡੋਬ ਰਹੀ ਹੈ, ਸਗੋਂ ਦੇਸ਼ ਦੇ ਅਨਾਜ ਭੰਡਾਰ 'ਤੇ ਵੀ ਡੂੰਘਾ ਪ੍ਰਭਾਵ ਪਾ ਰਹੀ ਹੈ | ਪੰਜਾਬ ਦੀਆਂ ਫ਼ਸਲਾਂ ਜਿਵੇਂ ਕਣਕ, ਚੌਲ, ਦਾਲਾਂ ਤੇ ਸਬਜ਼ੀਆਂ ਦੇਸ਼ ਦੇ ਹਰ ਕੋਨੇ 'ਚ ਜਾਂਦੀਆਂ ਹਨ ਤੇ ਹੁਣ ਜਦੋਂ ਫ਼ਸਲਾਂ ਤਬਾਹ ਹੋ ਗਈਆਂ ਹਨ ਅਤੇ ਕਿਸਾਨਾਂ ਦੀ ਮਿਹਨਤ ਬਰਬਾਦ ਹੋ ਗਈ ਹੈ ਤਾਂ ਇਸ ਦਾ ਸਿੱਧਾ ਅਸਰ ਭੋਜਨ ਸਪਲਾਈ ਤੇ ਕੀਮਤਾਂ 'ਤੇ ਪੈਂਦਾ ਹੈ | ਪੰਜਾਬ, ਜੋ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਵੰਡਿਆ ਹੋਇਆ ਹੈ, ਆਪਣੀ ਸੱਭਿਆਚਾਰਕ ਤੇ ਇਤਿਹਾਸਕ ਅਮੀਰੀ ਦੇ ਬਾਵਜੂਦ ਸਰਕਾਰਾਂ ਦੀਆਂ ਗਲਤੀਆਂ ਤੇ ਨਫ਼ਰਤ ਦੀ ਰਾਜਨੀਤੀ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ | ਇਹ ਵਿਚਾਰ ਸਾਂਝੇ ਕਰਦਿਆਂ ਆਲ ਇੰਡੀਆ ਯੂਥ ਫੈਡਰੇਸ਼ਨ ਹਰਿਆਣਾ ਦੇ ਸੂਬਾ ਸਹਿ-ਸਕੱਤਰ ਅਤੇ ਮੀਡੀਆ ਇੰਚਾਰਜ ਵਿਪਿਨ ਬਰਾੜ ਨੇ ਕਿਹਾ ਕਿ ਪੰਜਾਬ 'ਚ ਆਏ ਹੜ੍ਹਾਂ ਕਾਰਨ ਹੁਣ ਤੱਕ 42 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ 1300 ਪਿੰਡ ਪਾਣੀ ਦੀ ਲਪੇਟ 'ਚ ਆ ਚੁੱਕੇ ਹਨ | ਇਨ੍ਹਾਂ ਪਿੰਡਾਂ 'ਚ ਨਾ ਸਿਰਫ਼ ਇਸ ਸੀਜ਼ਨ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ, ਸਗੋਂ ਅਗਲੇ ਸੀਜ਼ਨ 'ਚ ਫ਼ਸਲਾਂ ਉੱਗਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ | ਸੈਂਕੜੇ ਘਰਾਂ ਦੇ ਪਸ਼ੂ ਪਾਣੀ 'ਚ ਵਹਿ ਗਏ ਹਨ | ਹਾਲਾਂਕਿ ਲੋਕ ਇਕ ਦੂਜੇ ਦੀ ਮਦਦ ਲਈ ਅੱਗੇ ਆ ਰਹੇ ਹਨ ਪਰ ਹੜ੍ਹਾਂ ਨੇ ਪੰਜਾਬ ਦੀ ਆਰਥਿਕਤਾ ਨੂੰ ਭਾਰੀ ਝਟਕਾ ਦਿੱਤਾ ਹੈ | ਇੰਨੇ ਨੁਕਸਾਨ ਦੇ ਬਾਵਜੂਦ ਮੋਦੀ ਸਰਕਾਰ ਵਲੋਂ ਅਜੇ ਤੱਕ ਪੰਜਾਬ ਵਾਸਤੇ ਕਿਸੇ ਰਾਹਤ ਪੈਕੇਜ਼ ਦਾ ਐਲਾਨ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਹਰਿਆਣਾ ਦਾ ਵੱਡਾ ਭਰਾ ਕਹੇ ਜਾਣ ਵਾਲੇ ਪੰਜਾਬ ਲਈ ਇਹ ਘੜੀ ਬਹੁਤ ਔਖੀ ਹੈ ਤੇ ਆਲ ਇੰਡੀਆ ਯੂਥ ਸਭਾ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੰਜਾਬ ਨੂੰ ਵਿਸ਼ੇਸ਼ ਰਾਹਤ ਪੈਕੇਜ਼ ਦਿੱਤਾ ਜਾਵੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜ ਸਿੱਧੇ ਤੌਰ 'ਤੇ ਉਨ੍ਹਾਂ ਪ੍ਰਭਾਵਿਤ ਪਿੰਡਾਂ ਤੱਕ ਪੁੱਜਦੇ ਕੀਤੇ ਜਾਣ, ਜਿਨ੍ਹਾਂ ਦਾ ਸੰਪਰਕ ਬਾਕੀ ਸੂਬੇ ਨਾਲੋਂ ਟੁੱਟ ਚੁੱਕਾ ਹੈ | ਪ੍ਰਭਾਵਿਤ ਪਿੰਡਾਂ 'ਚ ਮੁੱਖ ਤੌਰ 'ਤੇ ਪਸ਼ੂਆਂ ਲਈ ਚਾਰੇ ਤੇ ਲੋਕਾਂ ਲਈ ਰਾਹਤ ਸਮੱਗਰੀ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ | ਖੇਤੀਬਾੜੀ, ਕਾਰੋਬਾਰ ਤੇ ਘਰਾਂ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ | ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਦਿਆਰਥੀਆਂ ਲਈ ਇਸ ਸੈਸ਼ਨ ਦੀ ਫੀਸ ਮੁਆਫ਼ ਕੀਤੀ ਜਾਣੀ ਚਾਹੀਦੀ ਹੈ | ਇਸ ਸਾਲ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਘਰਾਂ, ਖੇਤੀਬਾੜੀ ਤੇ ਵਾਹਨਾਂ ਲਈ ਕਰਜ਼ੇ ਜ਼ਬਰਦਸਤੀ ਵਸੂਲੇ ਨਹੀਂ ਜਾਣੇ ਚਾਹੀਦੇ | ਸਾਰੇ ਨਰੇਗਾ ਕਾਮਿਆਂ ਨੂੰ ਖੇਤੀ, ਸੜਕਾਂ ਤੇ ਘਰਾਂ ਦੇ ਪੁਨਰ ਨਿਰਮਾਣ ਲਈ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ | ਹੜ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਡੈਮਾਂ ਤੇ ਦਰਿਆਵਾਂ ਨੂੰ ਬਚਾਉਣ ਲਈ ਉਨ੍ਹਾਂ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਣੀ ਚਾਹੀਦੀ ਹੈ ਤੇ ਡੈਮਾਂ ਨੂੰ ਉੱਚਾ ਕੀਤਾ ਜਾਣਾ ਚਾਹੀਦਾ ਹੈ ਤੇ ਉਨ੍ਹਾਂ 'ਚ ਵਿਆਪਕ ਪਾਣੀ ਦੀ ਸੰਭਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਮੀਂਹ ਦਾ ਪਾਣੀ ਨੁਕਸਾਨ ਕਰਨ ਦੀ ਬਜਾਏ ਧਰਤੀ ਲਈ ਵਰਦਾਨ ਸਾਬਤ ਹੋ ਸਕੇ | ਵਿਪਿਨ ਬਰਾੜ ਨੇ ਕਿਹਾ ਕਿ ਸਤਲੁਜ ਦਰਿਆ ਨੂੰ ਲਗਪਗ 250 ਕਿੱਲੋਮੀਟਰ ਦੀ ਦੂਰੀ ਤੱਕ ਜਲ ਸ੍ਰੋਤ ਬਣਾਇਆ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਇਹ ਪਾਣੀ ਜ਼ਮੀਨ ਨੂੰ ਰੀਚਾਰਜ ਕਰੇਗਾ, ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰੇਗਾ ਤੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ 'ਚ ਵੱਡੀ ਭੂਮਿਕਾ ਨਿਭਾਏਗਾ | ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਆਲ ਇੰਡੀਆ ਯੂਥ ਫੈਡਰੇਸ਼ਨ ਹਰਿਆਣਾ ਪੰਜਾਬ ਦੇ ਮੋਢੇ ਨਾਲ ਮੋੜਾ ਜੋੜ ਕੇ ਖੜ੍ਹੀ ਹੈ |