ਕਰਨਾਲ, 3 ਸਤੰਬਰ (ਗੁਰਮੀਤ ਸਿੰਘ ਸੱਗੂ)- ਪੰਜਾਬ 'ਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ ਇੰਟਰਨੈਸ਼ਨਲ ਸਿੱਖ ਫੋਰਮ ਤੇ ਏਕ ਓਾਕਾਰ ਮੀਡੀਆ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਗਲੋਬਲ ਸਿੱਖ ਚੈਰਿਟੀ ਤੇ ਹੋਰ ਸਿੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਸਮੇਤ ਸੰਗਤ ਦੇ ਸਹਿਯੋਗ ਨਾਲ ਬਾਬਾ ਸੁੱਖਾ ਸਿੰਘ ਕਾਰ ਸੇਵਾ ਦੀ ਅਗਵਾਈ ਹੇਠ ਬੀਤੇ ਦਿਨੀਂ ਡੇਰਾ ਕਾਰ ਸੇਵਾ ਵਿਖੇ ਜ਼ਰੂਰੀ ਸਾਮਾਨ ਇਕੱਤਰ ਕਰਨ ਲਈ ਇਕ ਕੇਂਦਰ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਬਾਬਾ ਸੁੱਖਾ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਹੜ੍ਹ ਪੀੜਤਾਂ ਲਈ ਜ਼ਰੂਰੀ ਸਾਮਾਨ ਦਾਨ ਕਰਨ | ਉਨ੍ਹਾਂ ਕਿਹਾ ਕਿ ਜਿਥੇ ਇਸ ਸਮੇਂ ਨਿੱਤ ਵਰਤੋਂ ਦੇ ਜ਼ਰੂਰੀ ਸਾਮਾਨ ਦੀ ਲੋੜ ਹੈ ਉਥੇ ਹੀ ਆਉਣ ਵਾਲੇ ਦਿਨਾਂ 'ਚ ਤਬਾਹ ਹੋਏ ਖੇਤਾਂ 'ਚ ਬੀਜ, ਖਾਦ, ਡੀ. ਏ. ਪੀ. ਤੇ ਡੀਜ਼ਲ ਆਦਿ ਦੀ ਭਾਰੀ ਲੋੜ ਪਵੇਗੀ | ਇਸ ਮੌਕੇ ਇੰਟਰਨੈਸ਼ਨਲ ਸਿੱਖ ਫੋਰਮ ਦੇ ਜਨਰਲ ਸਕੱਤਰ ਤੇ ਏਕ ਓਾਕਾਰ ਮੀਡੀਆ ਦੇ ਡਾਇਰੈਕਟਰ ਪਿ੍ਤਪਾਲ ਸਿੰਘ ਪੰਨੂੰ ਨੇ ਕਿਹਾ ਕਿ ਭਾਵੇਂ 1988 ਦੇ ਭਿਆਨਕ ਹੜ੍ਹਾਂ ਤੋਂ ਬਾਅਦ ਪੰਜਾਬ ਲਗਾਤਾਰ ਅਜਿਹੀਆਂ ਆਫ਼ਤਾਂ ਦਾ ਸਾਹਮਣਾ ਕਰ ਰਿਹਾ ਹੈ, ਪਰ ਇਸ ਸਾਲ ਆਏ ਹੜ੍ਹਾਂ ਨੇ ਪਿਛਲੇ 40 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਕਰੀਬ 6 ਲੱਖ ਹੈਕਟੇਅਰ ਰਕਬੇ 'ਚ ਬੀਜੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ ਤੇ ਖੇਤ ਵਿਚ ਗਾਰ ਭਰ ਗਈ ਹੈ ਜਦਕਿ 1500 ਤੋਂ ਵੱਧ ਪਿੰਡ ਪਾਣੀ 'ਚ ਡੁੱਬ ਗਏ ਹਨ | ਲੋਕ ਆਪਣੇ ਘਰ ਤੇ ਜਾਇਦਾਦਾਂ ਛੱਡ ਕੇ ਕੈਂਪਾਂ 'ਚ ਰਹਿ ਰਹੇ ਹਨ | ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਹੁਣ ਤੱਕ ਕਰੀਬ 30 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਹਜ਼ਾਰਾਂ ਪਸ਼ੂ ਹੜ੍ਹ ਦੇ ਪਾਣੀ ਨਾਲ ਵਹਿ ਕੇ ਪਾਕਿਸਤਾਨ ਪੁੱਜ ਗਏ ਹਨ ਤੇ ਸੈਂਕੜੇ ਪਸ਼ੂਆਂ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ | ਹੁਣ ਤੱਕ ਕੇਵਲ ਹਰਿਆਣਾ ਸਰਕਾਰ ਨੇ 5 ਕਰੋੜ ਰੁ. ਦੀ ਮਦਦ ਰਾਸ਼ੀ ਦਾ ਐਲਾਨ ਕੀਤਾ ਹੈ ਜਦਕਿ ਕਿਸੇ ਹੋਰ ਰਾਜ ਜਾਂ ਕੇਂਦਰ ਸਰਕਾਰ ਨੇ ਕਿਸੇ ਪੈਕੇਜ ਦਾ ਐਲਾਨ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਵਸਤਾਂ ਦੀ ਬਜਾਏ ਚੌਲ, ਦਾਲਾਂ, ਪੀਣ ਵਾਲੇ ਪਾਣੀ ਦੇ ਪੈਕ, ਤਿ੍ਪਾਲਾਂ, ਓਡੋਮਾਸ, ਗੱਦੇ, ਬਿਸਤਰੇ ਦੀਆਂ ਚਾਦਰਾਂ, ਮੱਛਰਦਾਨੀ, ਬਲੀਚਿੰਗ ਪਾਊਡਰ, ਸੈਨੇਟਰੀ ਪੈਡ, ਓ. ਆਰ. ਐਸ. ਦੇ ਪੈਕੇਟ ਸਮੇਤ ਬੁਖਾਰ, ਸਿਰ ਦਰਦ, ਸਰੀਰ ਦਰਦ, ਇਨਫੈਕਸ਼ਨ ਤੇ ਦਸਤ ਆਦਿ ਲਈ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ | ਇਹ ਸਾਰੀ ਸਮੱਗਰੀ ਚਾਰ ਤੋਂ ਪੰਜ ਦਿਨਾਂ 'ਚ ਇਕੱਠੀ ਕੀਤੀ ਜਾਵੇਗੀ ਤੇ ਲੋੜ ਅਨੁਸਾਰ ਉਨ੍ਹਾਂ ਟੀਮਾਂ ਨੂੰ ਪਹੁੰਚਾਈ ਜਾਵੇਗੀ, ਜੋ ਕਿ ਪਿੰਡ-ਪਿੰਡ ਜਾ ਕੇ ਲੋੜਵੰਦਾਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਸਾਮਾਨ ਪਹੁੰਚਾ ਰਹੀਆਂ ਹਨ | ਇਸ ਮੌਕੇ ਗਰਾਊਾਡ ਜ਼ੀਰੋ 'ਤੇ ਕੰਮ ਕਰਨ ਵਾਲੀ ਸੰਸਥਾ ਗਲੋਬਲ ਸਿੱਖਸ ਚੈਰਿਟੀ ਤੋਂ ਕਰਨਾਲ ਦੇ ਮੈਂਬਰ ਹਰਮਨ ਸਿੰਘ ਤੇ ਉਨ੍ਹਾਂ ਦੀ ਟੀਮ ਦੇ ਵੀ ਮੈਂਬਰ ਮੌਜੂਦ ਸਨ, ਜੋ ਕਿ ਕੁਲੈਕਸ਼ਨ ਸੈਂਟਰ ਦੀ ਜ਼ਿੰਮੇਵਾਰੀ ਸੰਭਾਲਣਗੇ | ਇਸ ਮੌਕੇ ਵਿਰਕ ਹਸਪਤਾਲ ਤੋਂ ਆਏ ਸਮਾਜ ਸੇਵੀ ਪ੍ਰਵੇਸ਼ ਗਾਬਾ ਨੇ ਵੀ ਬਣਦਾ ਸਹਿਯੋਗ ਦਿੱਤਾ ਤੇ ਕਰਨਾਲ ਦੇ ਸਾਰੇ ਮੈਡੀਕਲ ਸਟੋਰਾਂ ਨਾਲ ਗੱਲਬਾਤ ਕਰਕੇ ਦਵਾਈ ਕਿੱਟਾਂ ਉਪਲੱਬਧ ਕਰਵਾਉਣ ਦਾ ਐਲਾਨ ਕੀਤਾ | ਇਸ ਮੌਕੇ ਸਾਬਕਾ ਸਰਪੰਚ ਅਤੇ ਇੰਟਰਨੈਸ਼ਨਲ ਸਿੱਖ ਫੋਰਮ ਦੇ ਅਧਿਕਾਰੀ ਸਤਿੰਦਰ ਸਿੰਘ ਚੱਠਾ ਨੇ ਓ. ਆਰ. ਐਸ. ਪੈਕੇਟ ਦਿੰਦੇ ਹੋਏ ਹੋਰ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ ਡੇਰਾ ਕਾਰ ਸੇਵਾ ਤੋਂ ਗੁਰਸੇਵਕ ਸਿੰਘ, ਇੰਟਰਨੈਸ਼ਨਲ ਸਿੱਖ ਫੋਰਮ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਸਿੰਘ ਨਿਸਿੰਗ, ਰਾਮਗੜ੍ਹੀਆ ਭਾਈਚਾਰੇ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਕਲੇਰ, ਨਿਫ਼ਾ ਤੋਂ ਮਨਿੰਦਰ ਸਿੰਘ ਬੱਬੂ ਤੇ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ |