ਡੱਬਵਾਲੀ, 3 ਸਤੰਬਰ (ਇਕਬਾਲ ਸਿੰਘ ਸ਼ਾਂਤ)-ਅੱਜ ਸਵੇਰੇ ਪਿੰਡ ਅਬੁੱਬਸ਼ਹਿਰ ਨੇੜੇ 'ਬੰਦੇ ਖਾਣੀ' ਨਹਿਰ ਰਾਜਸਥਾਨ ਕੈਨਾਲ ਵਿੱਚ ਡੱਬਵਾਲੀ ਮੈਡੀਕੋਜ ਸਟੋਰ ਦੇ ਸੰਚਾਲਕ ਵਿਵੇਕ ਉਰਫ 'ਕਾਕਾ' ਸੈਂਟਰੋ ਕਾਰ ਸਮੇਤ ਨਹਿਰ ਵਿੱਚ ਡਿੱਗ ਪਿਆ | ਚਸ਼ਮਦੀਦਾਂ ਮੁਤਾਬਕ ਸਵੇਰੇ ਕਰੀਬ 9 ਵਜੇ ਵਿਵੇਕ, ਸੈਂਟਰੋ ਕਾਰ 'ਤੇ ਨਹਿਰ ਕੰਢੇ ਸਥਿਤ ਸੜਕ ਤੋਂ ਜਾ ਰਿਹਾ ਸੀ | ਉਸਦੀ ਕਾਰ ਅਚਾਨਕ ਬੇਕਾਬੂ ਹੋ ਗਈ ਤੇ ਨਹਿਰ ਵਿੱਚ ਜਾ ਡਿੱਗੀ | ਰਾਹਗੀਰਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਜਿਸ 'ਤੇ ਚੌਟਾਲਾ ਚੌਕੀ ਦਾ ਅਮਲਾ ਮੌਕੇ 'ਤੇ ਪੁੱਜਿਆ ਅਤੇ ਬਚਾਅ ਮੁਹਿੰਮ ਵਿੱਢ ਦਿੱਤੀ | ਕਈ ਘੰਟਿਆਂ ਦੀ ਮਸ਼ੱਕਤ ਉਪਰੰਤ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ, ਜਿਸ ਵਿੱਚੋਂ ਵਿਵੇਕ ਦੀ ਲਾਸ਼ ਬਰਾਮਦ ਹੋਈ | ਚੌਟਾਲਾ ਚੌਕੀ ਦੇ ਮੁਖੀ ਆਨੰਦ ਕੁਮਾਰ ਨੇ ਦੱਸਿਆ ਕਿ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਪੋਸਟਮਾਰਟਮ ਕਰਵਾਇਆ ਗਿਆ ਤੇ ਲਾਸ਼ ਵਾਰਸਾਂ ਦੇ ਸਪੁਰਦ ਕਰ ਦਿੱਤੀ ਗਈ | ਸ਼ਾਮ ਸਮੇਂ ਮਿ੍ਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ | ਮਿ੍ਤਕ ਸਥਾਨਕ ਰਾਜੀਵ ਨਗਰ ਕਾਲੋਨੀ ਦੇ ਨਾਮੀ ਪਰਿਵਾਰ ਨਾਲ ਸਬੰਧਤ ਸੀ | ਉਹ ਆਪਣੇ ਪਤਨੀ ਤੇ ਕਰੀਬ 15 ਸਾਲਾ ਪੁੱਤਰ ਛੱਡ ਗਿਆ ਹੈ | ਘਟਨਾ ਨਾਲ ਖੇਤਰ ਵਿੱਚ ਸੋਗ ਦੀ ਲਹਿਰ ਹੈ |