ਕਾਲਾਂਵਾਲੀ/ਸਿਰਸਾ, 4 ਸਤੰਬਰ (ਭੁਪਿੰਦਰ ਪੰਨੀਵਾਲੀਆ)- ਘੱਗਰ ਨਦੀ ਦੇ ਵਧਦੇ ਪਾਣੀ ਅਤੇ ਲਗਾਤਾਰ ਮੀਂਹ ਕਾਰਨ ਘੱਗਰ ਨਦੀ 'ਤੇ ਪੈਂਦੇ ਪਿੰਡਾਂ ਦੇ ਲੋਕ ਬੀਤੇ 2023 ਦੌਰਾਨ ਘੱਗਰ ਨਦੀ ਦੁਆਰਾ ਪੈਦਾ ਕੀਤੀ ਤਬਾਹੀ ਨੂੰ ਯਾਦ ਕਰਕੇ ਡਰੇ ਹੋਏ ਹਨ ਜਿਸ ਕਾਰਨ ਉਹ ਹੁਣ ਸਖ਼ਤ ਮਿਹਨਤ ਨਾਲ ਘੱਗਰ ਨਦੀ ਦੇ ਬੰਨ੍ਹ 'ਤੇ ਮੌਜੂਦ ਹਨ | ਇਸ ਦੌਰਾਨ ਅੱਜ ਕਾਲਾਂਵਾਲੀ ਦੇ ਕਾਂਗਰਸੀ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਆਪਣੇ ਵਿਧਾਨ ਸਭਾ ਹਲਕੇ ਦੇ ਪਿੰਡ ਰੰਗਾ, ਲਹਿੰਗੇਵਾਲਾ ਤੇ ਮੱਤੜ ਆਦਿ ਪਹੁੰਚੇ ਜਿੱਥੇ ਉਨ੍ਹਾਂ ਨੇ ਘੱਗਰ ਦੇ ਬੰਨ੍ਹਾਂ ਦਾ ਨਿਰੀਖਣ ਕੀਤਾ ਅਤੇ ਲੋਕਾਂ ਨਾਲ ਗੱਲਬਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਘੱਗਰ ਦੇ ਪਾਣੀ ਤੋਂ ਬਚਾਉਣ ਲਈ ਮਿੱਟੀ ਦੇ ਬੰਨ੍ਹ ਬਣਾ ਰਹੇ ਪਿੰਡਾਂ ਦੇ ਲੋਕਾਂ ਤੋਂ ਘੱਗਰ ਨਦੀ 'ਚ ਵਧ ਰਹੇ ਪਾਣੀ ਦੀ ਸਥਿਤੀ ਬਾਰੇ ਪੁੱਛਗਿੱਛ ਕੀਤੀ ਅਤੇ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਸਿਰਸਾ ਨਾਲ ਫੋਨ 'ਤੇ ਸੰਪਰਕ ਕਰਕੇ ਉਨ੍ਹਾਂ ਨੂੰ ਟਰੈਕਟਰ, ਟਰਾਲੀਆਂ ਅਤੇ ਜੇ.ਸੀ.ਬੀ. ਆਦਿ ਨਾਲ ਪਿੰਡਾਂ ਦੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ | ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਮੀਂਹ ਨਾਲ ਪ੍ਰਭਾਵਿਤ ਪਿੰਡਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ | ਇਸ ਦੌਰਾਨ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਆਪਣੇ ਹਲਕੇ ਕਾਲਾਂਵਾਲੀ ਅਤੇ ਸਿਰਸਾ ਜ਼ਿਲ੍ਹੇ ਵਿੱਚ ਮੀਂਹ ਨਾਲ ਤਬਾਹ ਹੋਈ ਨਰਮਾ ਕਪਾਹ ਦੀ ਫ਼ਸਲ ਲਈ ਸੂਬਾ ਸਰਕਾਰ ਤੋਂ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ | ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਸਥਾਨਕ ਪਿੰਡ ਵਾਸੀ ਮੌਜੂਦ ਸਨ |