ਚਾਉਕੇ, 19 ਅਕਤੂਬਰ (ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਸਮੂਹ ਸਟਾਫ਼, ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਦੀਵਾਲੀ ਦੀਵਿਆਂ ਦਾ ਤਿਉਹਾਰ ਹੈ ਸਾਨੂੰ ਇਸ ਮੌਕੇ ਪ੍ਰਦੂਸ਼ਣ ਨਹੀਂ ਕਰਨਾ ਚਾਹੀਦਾ,ਸਗੋਂ ਪਟਾਕੇ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ | ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਅੱਜ ਸੰਸਥਾ 'ਚ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੇ ਦੀਵਾ, ਕੈਂਡਲ ਡੈਕੋਰੇਸ਼ਨ ਦੇ ਮੁਕਾਬਲਿਆਂ ਚ ਭਾਗ ਲਿਆ | ਛੋਟੇ ਬੱਚਿਆਂ ਨੇ ਦੀਵਿਆਂ ਨੂੰ ਰੰਗ-ਬਰੰਗੇ ਬਣਾ ਕੇ ਆਪਣੇ ਹੁਨਰ ਨਾਲ ਦੀਵਿਆਂ ਉੱਪਰ ਬਹੁਤ ਹੀ ਖ਼ੂਬਸੂਰਤ ਡਿਜ਼ਾਈਨ, ਰੰਗ-ਬਰੰਗੇ ਰੰਗਾਂ ਨਾਲ ਸਜਾਵਟ ਕਰਕੇ ਆਪਣਾ ਹੁਨਰ ਵਿਖਾਇਆ | ਬੱਚਿਆਂ ਨੇ ਦੀਵਾਲੀ ਤਿਉਹਾਰ ਸੰਬੰਧੀ ਰੰਗ- ਬਿਰੰਗੇ ਕਾਰਡ ਬਣਾ ਕੇ ਆਪਣੇ ਦੋਸਤਾਂ ਅਤੇ ਅਧਿਆਪਕਾਂ ਨੂੰ ਦਿੱਤੇ | ਅਧਿਆਪਕਾਂ ਨੇ ਬੱਚਿਆਂ ਨੂੰ ਦੀਵਾਲੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ |ਅਧਿਆਪਕਾਂ ਨੇ ਅਜੋਕੇ ਆਧੁਨਿਕ ਯੁੱਗ ਚ ਦੀਵਾਲੀ ਦੇ ਤਿਉਹਾਰ ਮੌਕੇ ਰੌਸ਼ਨੀ ਲਈ ਵਰਤੇ ਜਾਂਦੇ ਅਲੋਪ ਹੋ ਰਹੇ ਮਿੱਟੀ ਦੇ ਦੀਵਿਆਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਬੱਚਿਆਂ ਨੇ ਰੰਗੋਲੀ ਬਣਾਉਣ ਦੇ ਮੁਕਾਬਲੇ ਚ ਭਾਗ ਲੈਂਦੇ ਹੋਏ ਰੰਗਾਂ, ਦਾਲਾਂ, ਫੁੱਲਾਂ, ਦੀਵੇ ਅਤੇ ਹੋਰ ਸਮੱਗਰੀ ਰਾਹੀਂ ਸੁੰਦਰ ਰੰਗ-ਬਿਰੰਗੀਆਂ ਰੰਗੋਲੀਆਂ ਬਣਾ ਕੇ ਸਾਰੇ ਸਕੂਲ ਦੇ ਵਿਹੜੇ ਨੂੰ ਰੰਗਾਂ ਦੀ ਬਹਾਰ ਨਾਲ ਭਰ ਦਿੱਤਾ | ਬੱਚਿਆਂ ਨੇ 'ਗਰੀਨ ਦੀਵਾਲੀ, ਸੋ ਨੋ ਟੂ ਕਰੈਕਰਜ' ਅਤੇ 'ਈਕੋ ਫਰੈਂਡਲੀ ਦੀਵਾਲੀ' ਮਨਾਉਣ ਦੇ ਸਲੋਗਨ ਚਾਰਟ ਬਣਾ ਕੇ ਸਮਾਜ ਦੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਅਤੇ ਬੱਚਿਆਂ ਨੇ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਸੰਕਲਪ ਲਿਆ | ਇਹਨਾਂ ਮੁਕਾਬਲਿਆਂ 'ਚੋਂ ਜੇਤੂ ਰਹੇ ਬੱਚਿਆਂ ਦੀ ਹੌਸਲਾ ਅਫਜਾਈ ਲਈ ਸਨਮਾਨਿਤ ਕੀਤਾ ਜਾਵੇਗਾ | ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਨੇ ਬੱਚਿਆਂ, ਸਟਾਫ਼ ਅਤੇ ਮਾਪਿਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਸਾਰੇ ਬੱਚਿਆਂ ਨੂੰ ਪ੍ਰਦੂਸ਼ਣ ਰਹਿਤ ਗਰੀਨ ਕਲੀਨ ਦੀਵਾਲੀ, ਸੁਰੱਖਿਅਤ ਢੰਗ ਨਾਲ ਅਤੇ ਫ਼ਜ਼ੂਲ ਖ਼ਰਚੀ ਨਾ ਕਰਕੇ ਪ੍ਰੇਮ ਅਤੇ ਸਦਭਾਵਨਾ ਨਾਲ ਮਨਾਉਣ ਲਈ ਕਿਹਾ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |