ਦਿੱਲੀ ਵਿਚ ਡੇਂਗੂ ਨਾਲ ਦੋ ਲੋਕਾਂ ਦੀ ਮੌਤ
ਅਜੀਤ ਡੈਸਕ
05-11-2025
ਇਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਇਸ ਸਾਲ ਡੇਂਗੂ ਦੇ ਮਾਮਲੇ ਵੱਧ ਰਹੇ ਹਨ | ਸਥਿਤੀ ਇਸ ਹੱਦ ਤੱਕ ਵਿਗੜ ਚੁੱਕੀ ਹੈ ਕਿ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਅਤੇ ਬਹੁਤ ਸਾਰੇ ਇਲਾਕਿਆਂ ਵਿਚ ਲਾਗ ਫ਼ੈਲਣ ਦਾ ਖ਼ਤਰਾ ਹੈ |
ਐਮ.ਸੀ.ਡੀ. ਦੀ ਰਿਪੋਰਟ ਦਰਸਾਉਂਦੀ ਹੈ ਕਿ ਸਤੰਬਰ ਅਕਤੂਬਰ ਦੇ ਮਹੀਨਿਆਂ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ | ਸਤੰਬਰ ਵਿਚ 208 ਨਵੇਂ ਕੇਸ ਦਰਜ ਕੀਤੇ ਗਏ ਜਦਕਿ 25 ਅਕਤੂਬਰ ਤੱਕ 307 ਨਵੇਂ ਮਰੀਜ਼ ਸਾਹਮਣੇ ਆਏ | ਇਹ ਸਥਿਤੀ ਦਰਸਾਉਂਦੀ ਹੈ ਕਿ ਡੇਂਗੂ ਦੀ ਬਿਮਾਰੀ ਹੁਣ ਰਾਜਧਾਨੀ ਦੇ ਲਗਭਗ ਹਰ ਜ਼ੋਨ ਵਿਚ ਫੈਲ ਚੁੱਕੀ ਹੈ |
ਮਾਹਿਰਾਂ ਦਾ ਕਹਿਣਾ ਹੈ ਕਿ ਬਾਰਿਸ਼ ਦੇ ਬਾਅਦ ਖੜ੍ਹਾ ਪਾਣੀ, ਗੰਦਗੀ, ਸਫ਼ਾਈ ਵਿਵਸਥਾ ਦੀ ਘਾਟ ਇਸ ਵਾਧੇ ਦੇ ਮੁੱਖ ਕਾਰਨ ਹਨ | ਕਈ ਇਲਾਕਿਆਂ ਵਿਚ ਟੋਇਆਂ ਵਿਚ ਪਾਣੀ ਜਮ੍ਹਾਂ ਹੋਣਾ ਮੱਛਰਾਂ ਦੇ ਪ੍ਰਜਨਨ ਲਈ ਅਨੁਕੂਲ ਵਾਤਾਵਰਨ ਪੈਦਾ ਕਰ ਰਿਹਾ ਹੈ | ਡੇਂਗੂ ਦੇ ਨਾਲ-ਨਾਲ ਮਲੇਰੀਆ, ਚਿਕਨਗੁਨੀਆ ਦੇ ਮਾਮਲੇ ਵੀ ਵਧੇ ਹਨ ਤੇ ਹੁਣ ਤੱਕ ਮਲੇਰੀਆ ਦੇ 590 ਅਤੇ ਚਿਕਨਗੁਨੀਆ ਦੇ 120 ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਪਿਛਲੇ ਇਕ ਮਹੀਨੇ ਤੋਂ ਦਿੱਲੀ ਨਗਰ ਨਿਗਮ ਦੇ ਫੀਲਡ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਹਨ | ਇਸ ਕਾਰਨ ਘਰ-ਘਰ ਜਾ ਕੇ ਲਾਰਵਾ ਜਾਂਚ, ਐਂਟੀ ਲਾਰਵਾ ਸਪਰੇਅ ਦਾ ਕੰਮ ਪ੍ਰਭਾਵਿਤ ਹੋਇਆ ਹੈ | ਐਮ.ਸੀ.ਡੀ. ਅਨੁਸਾਰ ਇਸ ਸਾਲ ਹੁਣ ਤੱਕ 3.21 ਕਰੋੜ ਘਰਾਂ ਦਾ ਨਿਰੀਖਣ ਕੀਤਾ ਗਿਆ ਹੈ | ਇਨ੍ਹਾਂ ਵਿਚ 2.18 ਲੱਖ ਘਰਾਂ ਵਿਚ ਮੱਛਰ ਪ੍ਰਜਨਨ ਸਥਾਨ ਮਿਲੇ ਹਨ | ਹੜਤਾਲ ਕਾਰਨ ਇਹ ਮੁਹਿੰਮ ਢਿੱਲੀ ਪੈ ਗਈ ਹੈ |