ਨਵੀਂ ਦਿੱਲੀ, 21 ਨਵੰਬਰ (ਮਿਸਰਦੀਪ ਭਾਟੀਆ)-ਰਾਜਧਾਨੀ ਦਿੱਲੀ ਗੈਸ ਚੈਂਬਰ ਬਣ ਗਈ ਹੈ | ਦਿੱਲੀ-ਐਨ. ਸੀ. ਆਰ. ਵਿਚ ਹਵਾ ਪ੍ਰਦੂਸ਼ਣ ਨਾਲ ਹਾਲਾਤ ਦਿਨ ਪ੍ਰਤੀ ਦਿਨ ਬਦਤਰ ਹੁੰਦੇ ਜਾ ਰਹੇ ਹਨ | ਏਅਰ ਕੁਆਲਿਟੀ ਇੰਡੈਕਸ ਗੰਭੀਰ ਸਥਿਤੀ ਵਿਚ ਪਹੁੰਚ ਗਿਆ ਹੈ | ਪ੍ਰਦੂਸ਼ਣ ਦੇ ਪੱਧਰ ਵਿਚ ਮਾਮੂਲੀ ਗਿਰਾਵਟ ਵੀ ਨਹੀਂ ਆ ਰਹੀ ਹੈ | ਖੁੱਲ੍ਹੀ ਹਵਾ ਵਿਚ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ | ਇਸ ਦੌਰਾਨ ਠੰਢ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ | ਹੁਣ ਮੌਸਮ ਵਿਭਾਗ ਨੇ ਧੁੰਦ ਅਤੇ ਸਰਦੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਤਾਜ਼ਾ ਅੰਕੜਿਆਂ ਅਨੁਸਾਰ ਕਈ ਨਿਗਰਾਨੀ ਸਟੇਸ਼ਨਾਂ 'ਤੇ ਏ. ਕਿਊ. ਆਈ. 600 ਨੂੰ ਪਾਰ ਕਰ ਗਿਆ, ਜਿਸ ਨਾਲ ਪੂਰੀ ਦਿੱਲੀ ਗੰਭੀਰ ਪਲੱਸ ਸ਼੍ਰੇਣੀ ਵਿਚ ਚਲੀ ਗਈ ਹੈ | ਇੰਡੀਆ ਗੇਟ ਅਤੇ ਕਰਤਵਯ ਪੱਥ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੀ ਇਸੇ ਤਰ੍ਹਾਂ ਦੇ ਹਾਲਾਤ ਦੇਖੇ ਗਏ ਹਨ, ਜਿਥੇ ਏ. ਕਿਊ. ਆਈ. 331 ਹੈ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿਚ ਆਉਂਦਾ ਹੈ |