ਨਵੀਂ ਦਿੱਲੀ, 21 ਨਵੰਬਰ (ਮਿਸਰਦੀਪ ਭਾਟੀਆ)-ਦਿੱਲੀ ਵਿਚ ਹੁਣ ਗ਼ਰੀਬ ਲੋਕਾਂ ਨੂੰ ਸਿਰਫ਼ 5 ਰੁਪਏ ਵਿਚ ਪੂਰਾ ਖਾਣਾ ਮਿਲੇਗਾ | ਦਿੱਲੀ ਦੀਆਂ 100 ਕੰਟੀਨਾਂ ਵਿਚ ਸਿਰਫ਼ 5 ਰੁਪਏ ਵਿਖ ਖਾਣਾ ਮੁਹੱਈਆ ਕਰਵਾਉਣ ਦੀ ਯੋਜਨਾ ਹੈ | ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ ਤਿਮਾਰਪੁਰ ਇਲਾਕੇ ਵਿਚ ਪਹਿਲੀ 'ਅਟਲ' ਕੰਟੀਨ ਦਾ ਨੀਂਹ-ਪੱਥਰ ਰੱਖਿਆ | ਇਹ ਭਾਰਤੀ ਜਨਤਾ ਪਾਰਟੀ ਵਲੋਂ ਕੀਤੇ ਗਏ ਇਕ ਮਹੱਤਵਪੂਰਨ ਵਾਅਦੇ ਦੀ ਪੂਰਤੀ ਦਾ ਪ੍ਰਤੀਕ ਹੈ | ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਂਅ 'ਤੇ ਅਜਿਹੀਆਂ 100 ਕੰਟੀਨਾਂ ਖੋਲ੍ਹਣ ਦੀ ਯੋਜਨਾ ਬਣਾਈ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਕੰਟੀਨਾਂ ਨੂੰ ਬਣਾਉਣ ਦਾ ਉਦੇਸ਼ ਗ਼ਰੀਬਾਂ ਅਤੇ ਲੋੜਵੰਦ ਲੋਕਾਂ ਨੂੰ ਸਸਤਾ ਭੋਜਨ ਉਪਲਬਧ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਇਸ ਵਿਚ ਹਰੇਕ ਵਿਅਕਤੀ ਨੂੰ ਸਿਰਫ਼ 5 ਰੁਪਏ ਵਿਚ ਇਕ ਦਿਨ ਵਿਚ ਦੋ ਵਾਰ ਖਾਣਾ ਉਪਲਬਧ ਕਰਵਾਇਆ ਜਾਵੇਗਾ | ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਹ ਪਹਿਲ ਭਾਜਪਾ ਸਰਕਾਰ ਦੀ ਮੱਧ ਵਰਗੀ ਪਰਿਵਾਰਾਂ ਪ੍ਰਤੀ ਆਪਣੇ ਸਨਮਾਨ ਦੀ ਇਕ ਉਦਾਹਰਣ ਹੈ | ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਰਾਸ਼ਟਰੀ ਰਾਜਧਾਨੀ ਵਿਚ ਅਟਲ ਕੰਟੀਨ ਖੋਲ੍ਹਣਾ ਭਾਜਪਾ ਦੇ ਚੋਣ ਵਾਅਦਿਆਂ ਵਿਚੋਂ ਇਕ ਸੀ | ਸ਼ਹਿਰੀ ਵਿਕਾਸ ਮੰਤਰੀ ਆਸ਼ੀਸ਼ ਸੂਦ ਸੰਜੇ ਬਸਤੀ ਸਥਿਤ ਜੇ ਕਲੱਸਟਰ ਵਿਚ ਅਟਲ ਕੰਟੀਨ ਦੇ ਨੀਂਹ-ਪੱਥਰ ਰੱਖਣ ਦੇ ਸਮਾਰੋਹ ਵਿਚ ਮੁੱਖ ਮੰਤਰੀ ਦੇ ਨਾਲ ਸਨ | ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਪਹਿਲੀ ਅਟਲ ਕੰਟੀਨ ਦਾ ਉਦਘਾਟਨ 25 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਦੇ ਮੌਕੇ 'ਤੇ ਕੀਤਾ ਜਾਵੇਗਾ |