ਯਮੁਨਾਨਗਰ, 18 ਦਸੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਸੰਗੀਤ ਵਿਭਾਗ ਦੀ ਨਵੀਂ ਪਹਿਲ ਤਹਿਤ ਜੀ.ਐਨ.ਕੇ.ਸੀ. ਡਾਂਸ ਅਕੈਡਮੀ ਦੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਹੈ | ਇਸ ਅਕੈਡਮੀ ਦਾ ਉਦੇਸ਼ ਕਲਾਸੀਕਲ, ਐਰੋਬਿਕ, ਫੋਕ ਅਤੇ ਜ਼ੁੰਬਾ ਸਮੇਤ ਕਈ ਤਰ੍ਹਾਂ ਦੇ ਨਾਚ ਰੂਪਾਂ ਵਿਚ ਪੇਸ਼ੇਵਰ ਸਿਖਲਾਈ ਪ੍ਰਦਾਨ ਕਰਨਾ ਹੈ | ਇਹ ਪਹਿਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਸਫ਼ਰ ਦੇ ਨਾਲ-ਨਾਲ ਉਨ੍ਹਾਂ ਦੀਆਂ ਕਲਾਤਮਕ ਯੋਗਤਾਵਾਂ ਨੂੰ ਵਧਾਉਣ ਦਾ ਮੌਕਾ ਪ੍ਰਦਾਨ ਕਰੇਗੀ | ਇਸ ਸੰਬੰਧੀ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਸਿਧਾਂਤਕ ਗਿਆਨ ਦੇ ਨਾਲ-ਨਾਲ ਕਾਲਜ ਵਿਦਿਆਰਥੀਆਂ ਦੇ ਵਿਹਾਰਕ ਹੁਨਰ, ਰਚਨਾਤਮਕਤਾ ਅਤੇ ਸ਼ਖਸੀਅਤ ਦੇ ਸਮੁੱਚੇ ਵਿਕਾਸ ਵਿਚ ਦਿ੍ੜ ਵਿਸ਼ਵਾਸ ਰੱਖਦਾ ਹੈ | ਜੀ. ਐਨ. ਕੇ. ਸੀ. ਡਾਂਸ ਅਕੈਡਮੀ ਪ੍ਰਤਿਭਾ ਅਤੇ ਸੰਪੂਰਨ ਵਿਕਾਸ ਲਈ ਨਵੇਂ ਰਸਤੇ ਖੋਲ੍ਹੇਗੀ | ਇਸ ਮੌਕੇ ਸੰਗੀਤ ਵਿਭਾਗ ਦੀ ਮੁਖੀ ਡਾ. ਬਬੀਤਾ ਸਿੰਘਾਨੀਆ ਨੇ ਕਿਹਾ ਕਿ ਡਾਂਸ ਅਕੈਡਮੀ ਵਿਦਿਆਰਥੀਆਂ ਨੂੰ ਵਚਨਬੱਧਤਾ, ਟੀਮ ਵਰਕ ਅਤੇ ਆਤਮਵਿਸ਼ਵਾਸ ਸਿੱਖਣ ਦੇ ਨਾਲ-ਨਾਲ ਆਪਣੇ ਆਪ ਨੂੰ ਕਲਾਤਮਕ ਤੌਰ 'ਤੇ ਪ੍ਰਗਟ ਕਰਨ ਲਈ ਇਕ ਜੀਵੰਤ ਪਲੇਟਫਾਰਮ ਪ੍ਰਦਾਨ ਕਰੇਗੀ |