ਯਮੁਨਾਨਗਰ, 18 ਦਸੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਡੀ.ਏ.ਵੀ. ਗਰਲਜ਼ ਕਾਲਜ ਵਲੋਂ ਸਾਬਕਾ ਵਿਦਿਆਰਥੀਆਂ ਦੀ ਇਕ ਮੀਟਿੰਗ ਕਰਵਾਈ ਗਈ | ਇਸ ਮੀਟਿੰਗ ਵਿਚ ਕਾਲਜ ਦੀ ਸਾਬਕਾ ਵਿਦਿਆਰਥਣ ਰੰਮੀ ਬਾਲੀ, ਜੋ ਕੈਨੇਡਾ ਦੇ ਸਕੋਸ਼ੀਆ ਬੈਂਕ ਵਿਚ ਗ੍ਰਾਹਕ ਅਨੁਭਵ ਲੀਡ ਵਜੋਂ ਕੰਮ ਕਰਦੀ ਹੈ, ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਾਰਜਕਾਰੀ ਪਿ੍ੰਸੀਪਲ ਡਾ. ਸੁਰਿੰਦਰ ਕੌਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਕਿਰਨ ਸ਼ਰਮਾ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਰੰਮੀ ਬਾਲੀ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਡੀ.ਏ.ਵੀ. ਕਾਲਜ ਦੀ ਸਿੱਖਿਆ, ਕਦਰਾਂ-ਕੀਮਤਾਂ ਅਤੇ ਅਧਿਆਪਕਾਂ ਨੇ ਉਨ੍ਹਾਂ ਦੀ ਮੌਜੂਦਾ ਸਥਿਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਉਨ੍ਹਾਂ ਨੇ ਸਾਰੇ ਸਾਬਕਾ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਆਤਮ-ਵਿਸ਼ਵਾਸ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ | ਇਸ ਦੌਰਾਨ ਕਾਰਜਕਾਰੀ ਪਿ੍ੰਸੀਪਲ ਨੇ ਕਿਹਾ ਕਿ ਸਾਬਕਾ ਵਿਦਿਆਰਥੀਆਂ ਨੂੰ ਕਾਲਜ ਨਾਲ ਜੋੜਨ ਲਈ ਆਰੀਆ ਮਨੀ ਮਾਲਾ ਨਾਮਕ ਇਕ ਸੁਸਾਇਟੀ ਬਣਾਈ ਗਈ ਹੈ | ਇਹ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਇਕ ਸ਼ਕਤੀਸ਼ਾਲੀ ਸਾਧਨ ਹੈ | ਉਨ੍ਹਾਂ ਕਿਹਾ ਕਿ ਜਦੋਂ ਸਾਬਕਾ ਵਿਦਿਆਰਥੀ ਆਪਣੇ ਤਜ਼ਰਬੇ ਅਤੇ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਦੇ ਹਨ ਤਾਂ ਇਹ ਮੌਜੂਦਾ ਵਿਦਿਆਰਥੀਆਂ ਵਿਚ ਵਿਸ਼ਵਾਸ, ਲੀਡਰਸ਼ਿਪ ਹੁਨਰ ਅਤੇ ਸਮਾਜ ਪ੍ਰਤੀ ਇਕ ਸਕਾਰਾਤਮਕ ਦਿ੍ਸ਼ਟੀਕੋਣ ਵਿਕਸਿਤ ਕਰਦਾ ਹੈ | ਪ੍ਰੋਗਰਾਮ ਕੋਆਰਡੀਨੇਟਰ ਨੇ ਰੰਮੀ ਬਾਲੀ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸਦੀ ਸਫਲਤਾ ਕਾਲਜ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਸਾਬਕਾ ਵਿਦਿਆਰਥੀ ਜੋ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਵੀ ਸੰਸਥਾ ਨਾਲ ਜੁੜੇ ਰਹਿੰਦੇ ਹਨ ਅਤੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ, ਉਹ ਕਿਸੇ ਵੀ ਵਿਦਿਅਕ ਸੰਸਥਾ ਦੇ ਅਸਲ ਲੱਛਣ ਹਨ | ਇਸ ਮੌਕੇ ਰੰਮੀ ਬਾਲੀ ਨੂੰ ਉਸਦੇ ਵਿਦਿਆਰਥੀਆਂ ਪ੍ਰਤੀ ਨਿਰੰਤਰ ਸਮਰਥਨ ਅਤੇ ਸਮਰਪਣ ਲਈ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੌਰਾਨ ਸੰਗੀਤ ਵਿਭਾਗ ਦੀ ਮੁਖੀ ਡਾ. ਨੀਤਾ ਦਿਵੇਦੀ ਨੇ ਆਪਣੇ ਗੀਤਾਂ ਅਤੇ ਐਸੋਸੀਏਟ ਪ੍ਰੋ. ਡਾ. ਗੁਰਸ਼ਰਨ ਕੌਰ ਅਤੇ ਲਵਲੀ ਰਾਜ ਦੇ ਪੰਜਾਬੀ ਕਵਿਤਾ ਦੇ ਸੰਗੀਤਕ ਜੋੜੀ ਨੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ |