ਜਲੰਧਰ, 18 ਦਸੰਬਰ (ਸ਼ਿਵ)-ਬਰਲਟਨ ਪਾਰਕ 'ਚ 77 ਕਰੋੜ ਦੀ ਲਾਗਤ ਨਾਲ ਸਪੋਰਟਸ ਹੱਬ ਦਾ ਨਿਰਮਾਣ ਚੱਲ ਰਿਹਾ ਹੈ ਤੇ ਕੁੱਝ ਸਮਾਂ ਪਹਿਲਾਂ ਜਦੋਂ ਉਸਾਰੀ ਲਈ ਦਰੱਖਤਾਂ ਨੂੰ ਕੱਟਣ ਲਈ ਬੋਲੀ ਰੱਖੀ ਗਈ ਸੀ ਤਾਂ ਇਲਾਕੇ ਦੇ ਲੋਕਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ | ਜਿਸ ਕਰਕੇ ਸੀਨੀਅਰ ਸਿਟੀਜ਼ਨ ਵਲੋਂ ਪੰਜਾਬ ਅਤੇ ਹਾਈਕੋਰਟ 'ਚ ਦਰੱਖਤਾਂ ਨੂੰ ਕੱਟਣ ਦਾ ਵਿਰੋਧ ਕਰਦਿਆਂ ਪਟੀਸ਼ਨ ਦਾਖਲ ਕੀਤੀ ਗਈ ਸੀ ਤੇ ਇਸ ਮਾਮਲੇ ਵਿਚ ਜਿੱਥੇ 19 ਦਸੰਬਰ ਨੂੰ ਹਾਈਕੋਰਟ ਵਿਚ ਸੁਣਵਾਈ ਕੀਤੀ ਜਾਣੀ ਹੈ ਪਰ ਦੂਜੇ ਪਾਸੇ ਅੱਜ ਕਈ ਲੋਕ ਉਸ ਵੇਲੇ ਹੈਰਾਨ ਹੋ ਗਏ ਕਿ ਜਦੋਂ ਅੱਧੀ ਦਰਜਨ ਦੇ ਕਰੀਬ ਦਰੱਖ਼ਤ ਕੱਟੇ ਪਾਏ ਗਏ | ਲੋਕਾਂ ਦਾ ਕਹਿਣਾ ਸੀ ਕਿ ਇਨ੍ਹਾਂ 'ਚ ਕਈ ਸਾਲਾਂ ਪੁਰਾਣੇ ਕੱਟੇ ਗਏ ਦਰੱਖ਼ਤ ਸ਼ਾਮਿਲ ਸੀ | ਲੋਕਾਂ ਨੇ ਵਿਰੋਧ ਕਰਕੇ ਪਹਿਲਾਂ ਕਰੀਬ 57 ਦਰੱਖਤਾਂ ਦੀ ਬੋਲੀ ਰੁਕਵਾ ਦਿੱਤੀ ਸੀ ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਇਹ ਗਰੀਨ ਬੈਲਟ ਵਾਲੇ ਇਲਾਕੇ 'ਚ 100 ਸਾਲ ਪੁਰਾਣੇ ਦਰੱਖਤਾਂ ਦੇ ਕੱਟੇ ਜਾਣ ਦੀ ਤਿਆਰੀ ਕੀਤੀ ਗਈ ਹੈ | ਨਿਗਮ ਵਲੋਂ ਬੋਲੀ ਰੱਦ ਕੀਤੀ ਗਈ ਸੀ ਤੇ ਬਾਅਦ ਵਿਚ ਮੇਅਰ ਵਨੀਤ ਧੀਰ ਵਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਪੁਰਾਣੇ ਦਰੱਖਤਾਂ ਨੂੰ ਪੁੱਟ ਕੇ ਹੋਰ ਥਾਂ 'ਤੇ ਲਗਾਇਆ ਜਾਵੇਗਾ ਪਰ ਬਾਅਦ ਵਿਚ ਕਈ ਲੋਕਾਂ ਨੇ ਕਿਹਾ ਸੀ ਕਿ ਸਾਲਾਂ ਪੁਰਾਣੇ ਦਰਖਤਾਂ ਨੂੰ ਹੋਰ ਥਾਵਾਂ 'ਤੇ ਨਹੀਂ ਦੁਬਾਰਾ ਲਗਾਇਆ ਜਾ ਸਕਦਾ ਹੈ |