ਯਮੁਨਾਨਗਰ, 20 ਦਸੰਬਰ (ਗੁਰਦਿਆਲ ਸਿੰਘ ਨਿਮਰ)-ਸਵੱਛ ਸਰਵੇਖਣ 2025 ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਲਈ ਨਗਰ ਨਿਗਮ ਸ਼ਹਿਰ ਦੇ ਵੱਖ-ਵੱਖ ਜਨਤਕ ਪਾਰਕਾਂ 'ਚ ਸੁੰਦਰੀਕਰਨ, ਸਫ਼ਾਈ ਅਤੇ ਵਾਤਾਵਰਨ ਸੁਰੱਖਿਆ ਪ੍ਰਾਜੈਕਟਾਂ ਨੂੰ ਤਰਜੀਹ ਦੇ ਰਿਹਾ ਹੈ | ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਨਾ ਸਿਰਫ਼ ਸਵੱਛ ਸਰਵੇਖਣ 'ਚ ਨਗਰ ਨਿਗਮ ਦੀ ਮਜ਼ਬੂਤ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ, ਸਗੋਂ ਨਾਗਰਿਕਾਂ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਜਨਤਕ ਸਥਾਨ ਪ੍ਰਦਾਨ ਕਰਨਾ ਵੀ ਹੈ | ਨਗਰ ਨਿਗਮ ਦੇ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਗਰ ਨਿਗਮ ਆਧੁਨਿਕ ਰੌਸ਼ਨੀ ਪ੍ਰਣਾਲੀ, ਸਾਫ਼ ਪੀਣ ਵਾਲੇ ਪਾਣੀ, ਪਖਾਨਾ ਸਹੂਲਤਾਂ, ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਇਕੱਠਾ ਕਰਨ, ਜੈਵਿਕ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਖਾਦ ਬਣਾਉਣ ਵਾਲੇ ਟੋਏ, ਨਾਗਰਿਕਾਂ ਦੀ ਸਿਹਤ ਲਈ ਖੁੱਲ੍ਹੇ ਜਿੰਮ, ਅਤੇ ਪਾਰਕਾਂ 'ਚ ਸਫਾਈ ਅਤੇ ਵਾਤਾਵਰਨ ਸੁਰੱਖਿਆ ਦੇ ਸੰਦੇਸ਼ਾਂ ਨੂੰ ਦਰਸਾਉਂਦੀਆਂ ਆਕਰਸ਼ਕ ਪੇਂਟਿੰਗਾਂ ਲਗਾ ਰਿਹਾ ਹੈ | ਇਸ ਤੋਂ ਇਲਾਵਾ ਹਰਿਆਵਲ ਨੂੰ ਵਧਾਉਣ ਲਈ ਨਿਰੰਤਰ ਬੂਟੇ ਲਗਾਏ ਜਾ ਰਹੇ ਹਨ ਅਤੇ ਪਾਰਕਾਂ 'ਚ ਸਾਫ਼ ਪੈਦਲ ਚੱਲਣ ਵਾਲੇ ਟਰੈਕ ਬਣਾਏ ਜਾ ਰਹੇ ਹਨ | ਇਹ ਯਤਨ ਨਾ ਸਿਰਫ਼ ਪਾਰਕਾਂ ਦੀ ਸੁੰਦਰਤਾ ਨੂੰ ਵਧਾ ਰਹੇ ਹਨ, ਬਲਕਿ ਵਾਤਾਵਰਨ ਸੁਰੱਖਿਆ ਨੂੰ ਵੀ ਉਤਸ਼ਾਹਿਤ ਕਰ ਰਹੇ ਹਨ | ਨਿਗਮ ਕਮਿਸ਼ਨਰ ਨੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਫ਼-ਸੁਥਰਾ ਤੇ ਹਰਿਆ-ਭਰਿਆ ਸ਼ਹਿਰ ਬਣਾਉਣ 'ਚ ਉਨ੍ਹਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ | ਉਨ੍ਹਾਂ ਕਿਹਾ ਕਿ ਇਸੇ ਉਦੇਸ਼ ਤਹਿਤ ਨਗਰ ਨਿਗਮ ਵਲੋਂ ਪਾਰਕਾਂ ਦੀ ਸਫ਼ਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ | ਇਸੇ ਦੌਰਾਨ ਵਧੀਕ ਨਿਗਮ ਕਮਿਸ਼ਨਰ ਧੀਰਜ ਨੇ ਕਿਹਾ ਕਿ ਨਗਰ ਨਿਗਮ ਵਲੋਂ ਕੀਤੇ ਜਾ ਰਹੇ ਸਫ਼ਾਈ ਅਤੇ ਸੁੰਦਰੀਕਰਨ ਦੇ ਕੰਮ ਦੇ ਅਸਲ ਲਾਭ ਤਾਂ ਹੀ ਪ੍ਰਾਪਤ ਹੋਣਗੇ ਜੇਕਰ ਨਾਗਰਿਕ ਇਨ੍ਹਾਂ ਸਹੂਲਤਾਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨਗੇ | ਉਨ੍ਹਾਂ ਕਿਹਾ ਕਿ ਸਫ਼ਾਈ ਅਤੇ ਹਰਿਆਵਲ ਨੂੰ ਅਪਣਾ ਕੇ ਹੀ ਅਸੀਂ ਸਵੱਛ ਸਰਵੇਖਣ 2025 'ਚ ਬਿਹਤਰ ਦਰਜਾ ਪ੍ਰਾਪਤ ਕਰ ਸਕਦੇ ਹਾਂ ਅਤੇ ਨਾਲ ਹੀ ਸਿਹਤਮੰਦ ਅਤੇ ਵਾਤਾਵਰਨ ਅਨੁਕੂਲ ਸ਼ਹਿਰ ਬਣਾ ਸਕਦੇ ਹਾਂ | ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਇਹ ਮੁਹਿੰਮ ਸ਼ਹਿਰ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ 'ਚ ਮਹੱਤਵਪੂਰਨ ਪਹਿਲਕਦਮੀ ਸਾਬਿਤ ਹੋਵੇਗੀ |