ਜਲੰਧਰ, 31 ਮਈ (ਸ਼ਿਵ)-ਇੰਜੀਨੀਅਰ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਦੀ ਸਾਲਾਨਾ ਹੋਈ ਮੀਟਿੰਗ 'ਚ ਹੋਈਆਂ ਚੋਣਾਂ 'ਚ ਇਕ ਵਾਰ ਫਿਰ ਤੋਂ ਸਰਬਸੰਮਤੀ ਨਾਲ ਇੰਜੀ. ਸੁਨੀਲ ਕਤਿਆਲ ਨੂੰ ਐਸੋਸੀਏਸ਼ਨ ਦਾ ਪ੍ਰਧਾਨ, ਇੰਜੀ. ਰਾਜਵਿੰਦਰ ਸਿੰਘ ਰਾਜਾ ਨੂੰ ਜਨਰਲ ਸਕੱਤਰ, ਇੰਜੀ. ਰਣਜੀਤ ਬੇਦੀ ਨੂੰ ਮੁੱਖ ਸਲਾਹਕਾਰ ਤੇ ਇੰਜੀ. ਖੁਸ਼ਵੰਤ ਸਿੰਘ ਨੂੰ ਖ਼ਜ਼ਾਨਚੀ ਚੁਣਿਆ | ਇਸ ਤੋਂ ਬਾਅਦ ਵੋਟਿੰਗ ਕਰਵਾ ਕੇ ਮੀਤ ਪ੍ਰਧਾਨ ਇੰਜੀ. ਮਨਹਰ ਨੂੰ ਚੁਣਿਆ ਗਿਆ | ਪ੍ਰਧਾਨ ਸੁਨੀਲ ਕਤਿਆਲ ਵਲੋਂ ਆਪਣੀ ਨਵੀਂ ਬਣੀ ਟੀਮ ਨਾਲ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਿਸ ਤਰ੍ਹਾਂ ਉਨ੍ਹਾਂ ਵਲੋਂ ਪਿਛਲੇ ਸਾਲ ਦੇ ਚੰਗੇ ਕੰਮਾਂ ਕਰਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਇਕ ਵਾਰੀ ਫਿਰ ਤੋਂ ਸੇਵਾ ਦਾ ਮÏਕਾ ਦਿੱਤਾ ਹੈ ਤੇ ਹੁਣ ਵੀ ਉਹ ਪ੍ਰਮੁੱਖਤਾ ਨਾਲ ਮਸਲੇ ਉਠਾ ਕੇ ਉਨਾਂ ਨੂੰ ਹੱਲ ਕਰਵਾਉਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਈ ਮੈਂਬਰਾਂ ਵਲੋ ਇਹ ਵੀ ਗੱਲ ਧਿਆਨ 'ਤੇ ਲਿਆਂਦੀ ਗਈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀਆਂ ਸਾਈਟਾਂ 'ਤੇ ਕਈ ਲੋਕ ਉਨ੍ਹਾਂ ਦੇ ਗਾਹਕਾਂ ਤੇ ਉਨ੍ਹਾਂ ਨੂੰ ਇਮਾਰਤਾਂ ਚੈੱਕ ਕਰਨ ਦੇ ਬਹਾਨੇ ਨਕਸ਼ਿਆਂ ਦੇ ਪਾਸ ਹੋਣ ਦੀ ਗੱਲ ਕਹਿ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ ਜਦ ਕਿ ਉਨ੍ਹਾਂ ਦਾ ਨਿਗਮ ਦਾ ਦੂਰ-ਦੂਰ ਤੱਕ ਵਾਸਤਾ ਨਹੀਂ ਹੁੰਦਾ ਹੈ | ਇਨ੍ਹਾਂ ਦੀ ਜਾਂਚ ਕਰਨੀ ਨਿਗਮ ਦੇ ਸਰਕਾਰੀ ਅਫ਼ਸਰਾਂ ਦਾ ਹੈ | ਸੁਨੀਲ ਕਤਿਆਲ ਨੇ ਕਿਹਾ ਕਿ ਸਾਰੇ ਮੈਂਬਰਾਂ ਨੇ ਫ਼ੈਸਲਾ ਕੀਤਾ ਹੈ ਕਿ ਇਸ ਦੀ ਸ਼ਿਕਾਇਤ ਮੇਅਰ ਨੂੰ ਮਿਲ ਕੇ ਕਰਨ ਤੋਂ ਇਲਾਵਾ ਉਨ੍ਹਾਂ ਤੇ ਲੋਕਾਂ ਨੂੰ ਤੰਗ ਕਰਨ ਵਾਲਿਆਂ ਦੀ ਵਿਜੀਲੈਂਸ ਨੂੰ ਵੀ ਸ਼ਿਕਾਇਤਾਂ ਦੇਣਗੇ |