ਜਲੰਧਰ ਛਾਉਣੀ, 31 ਮਈ (ਪਵਨ ਖਰਬੰਦਾ)-ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਜਲੰਧਰ ਛਾਉਣੀ 'ਚ ਸਥਿਤ ਕੰਟੋਨਮੈਂਟ ਬੋਰਡ ਦੇ ਦਫ਼ਤਰ ਵਿਖੇ ਪੁਲਿਸ ਤੇ ਪ੍ਰਸ਼ਾਸਨਿਅਕ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਵਲੋਂ ਤੇ ਸਿਵਲ ਡਿਫੈਂਸ ਦੀ ਟੀਮ ਨਾਲ ਮਿਲ ਕੇ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਮੌਕ ਡਰਿੱਲ ਰਾਹੀਂ ਅਭਿਆਸ ਕੀਤਾ | ਇਸ ਦੌਰਾਨ ਵੱਡੀ ਗਿਣਤੀ 'ਚ ਪੁਲਿਸ ਕਮਿਸ਼ਨਰੇਟ ਦੇ ਪੁਲਿਸ ਅਧਿਕਾਰੀ, ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ, ਫਾਇਰ ਬਿ੍ਗੇਡ ਦੀ ਟੀਮ, ਐਨ. ਸੀ. ਸੀ. ਦੇ ਵਿਦਿਆਰਥੀ ਤੇ ਹੋਰ ਸਮਾਜ ਸੇਵੀ ਆਗੂ ਵੀ ਹਾਜ਼ਰ ਸਨ | ਇਸ ਦੌਰਾਨ ਹੂਟਰ ਵੱਜਣ ਉਪਰੰਤ ਹੀ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਗਈ ਤੇ ਇਸ 'ਚ ਦਰਸਾਇਆ ਗਿਆ ਕਿ ਯੁੱਧ ਦੇ ਦੌਰਾਨ ਤੇ ਹੰਗਾਮੀ ਹਾਲਾਤਾਂ ਦੌਰਾਨ ਪੁਲਿਸ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਵਲੋਂ ਜ਼ਖ਼ਮੀ ਵਿਅਕਤੀਆਂ ਨੂੰ ਕਿਸ ਤਰ੍ਹਾਂ ਆਪਣੀ ਜਾਨ ਨੂੰ ਜੋਖ਼ਮ 'ਚ ਪਾ ਉਨ੍ਹਾਂ ਨੂੰ ਹਸਪਤਾਲ 'ਚ ਲਿਜਾਇਆ ਗਿਆ | ਇਸ ਦੌਰਾਨ ਇਹ ਵੀ ਦਰਸਾਇਆ ਗਿਆ ਕਿ ਜੇਕਰ ਕਿਸੇ ਥਾਂ 'ਤੇ ਅੱਗ ਲੱਗ ਜਾਂਦੀ ਹੈ ਤਾਂ ਉਸ ਨੂੰ ਫਾਇਰ ਬਿ੍ਗੇਡ ਦੀ ਟੀਮ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕਿਸ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ | ਇਸ ਦੌਰਾਨ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਹਾਲਾਤ ਜਿਆਦਾ ਖ਼ਰਾਬ ਹੋਣ ਦੌਰਾਨ ਕਿਸ ਤਰ੍ਹਾਂ ਜ਼ਮੀਨ 'ਤੇ ਲੇਟ ਕੇ ਅਤੇ ਦੀਵਾਰ ਦੀ ਆੜ ਲੈ ਕੇ ਆਪਣੇ ਆਪ ਨੂੰ ਬਚਾਇਆ ਜਾ ਸਕਦੀ ਹੈ | ਇਸ ਦੌਰਾਨ ਹਾਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੌਕ ਡਰਿੱਲ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਗੰਭੀਰ ਹਾਲਾਤਾਂ ਦੌਰਾਨ ਉਹ ਆਪਣਾ ਕਿਸ ਤਰ੍ਹਾਂ ਬਚਾਅ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਮੌਕ ਡਰਿੱਲ ਦੌਰਾਨ ਜਿਥੇ ਜਨਤਾ ਦੀ ਜਾਨ-ਮਾਲ ਦੀ ਰੱਖਿਆ ਕਰਨ ਸੰਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਹੈ, ਉਥੇ ਹੀ ਜ਼ਰੂਰੀ ਸੇਵਾਵਾਂ ਜਿਵੇਂ ਖਾਧ ਪਦਾਰਥਾਂ ਦੀ ਉਪਲਬੱਧਤਾ, ਸਿਹਤ ਸੇਵਾਵਾਂ ਤੇ ਹੋਰ ਲੋੜੀਂਦੀਆਂ ਸੇਵਾਵਾਂ ਮੁੱਹਈਆ ਕਰਵਾਉਣ ਦਾ ਅਭਿਆਸ ਕਰਵਾਇਆ ਜਾਂਦਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਮੌਕ ਡਰਿੱਲ ਦੌਰਾਨ ਐਨ. ਡੀ. ਆਰ. ਐਫ. ਤੇ ਐਸ. ਡੀ. ਆਰ. ਐਫ., ਬੀ. ਐਸ. ਐਫ. ਤੇ ਫੌਜ ਆਦਿ ਸਮੇਤ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਵਿਭਾਗ ਸ਼ਾਮਿਲ ਹੋਏ | ਇਸ ਦੌਰਾਨ ਐਮਰਜੈਂਸੀ ਹਾਲਾਤ ਦੌਰਾਨ ਜੋ ਸੁਰੱਖਿਆ ਉਪਾਅ ਵਰਤੇ ਜਾਂਦੇ ਹਨ, ਉਨ੍ਹਾਂ ਉਪਾਵਾਂ ਨੂੰ ਅਭਿਆਸ ਦੌਰਾਨ ਪ੍ਰਯੋਗ ਕੀਤਾ ਗਿਆ |