ਮਲਸੀਆਂ, 2 ਸਤੰਬਰ (ਸੁਖਦੀਪ ਸਿੰਘ)-ਭਾਰੀ ਮੀਂਹ ਪੈਣ ਕਰਕੇ ਚਿੱਟੀ ਵੇੲੀਂ 'ਚ ਆਏ ਹੜ੍ਹ ਨੇ ਮਲਸੀਆਂ ਇਲਾਕੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ | ਬੀਤੇ ਕੱਲ੍ਹ ਨਾਲੋਂ ਅੱਜ ਪਾਣੀ ਦਾ ਪੱਧਰ ਹੋਰ ਵੀ ਉੱਚਾ ਹੋ ਗਿਆ, ਜਿਸ ਕਾਰਨ ਪਾਣੀ ਵੇੲੀਂ 'ਚੋਂ ਬਾਹਰ ਨਿਕਲ ਕੇ ਆਸੇ-ਪਾਸੇ ਦੇ ਪਿੰਡਾਂ 'ਚ ਵੜਨ ਲੱਗ ਪਿਆ ਹੈ | ਬਹੁਤ ਸਾਰੇ ਪਿੰਡਾਂ ਦੇ ਰਸਤੇ ਬੰਦ ਹੋ ਗਏ ਤੇ ਕਈ ਜਗ੍ਹਾ ਫ਼ਸਲਾਂ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਹਨ | ਪਾਣੀ ਖੇਤਾਂ ਰਾਹੀਂ ਮਲਸੀਆਂ ਦੀਆਂ ਵੱਖ-ਵੱਖ ਪੱਤੀਆਂ ਤੱਕ ਵੀ ਪੁੱਜ ਚੁੱਕਾ ਸੀ | ਵੇੲੀਂ ਦੇ ਆਸੇ-ਪਾਸੇ ਦੂਰ-ਦੁਰਾਡੇ ਤੱਕ ਖੇਤਾਂ 'ਚ ਪਾਣੀ ਹੀ ਪਾਣੀ ਦਿਖ ਰਿਹਾ ਸੀ | ਪਾਣੀ ਪਿੰਡਾਂ ਵੱਲ ਜਾਣ ਕਾਰਨ ਨੀਵੇਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਚਿੰਤਾ ਸਤਾਉਣ ਲੱਗ ਪਈ ਹੈ | ਸੜਕਾਂ ਦੇ ਉੱਪਰੋਂ ਦੀ ਪਾਣੀ ਲੰਘਣ ਕਾਰਨ ਕਈ ਜਗ੍ਹਾ ਸੜਕਾਂ ਧਸਣ ਤੇ ਟੁੱਟਣ ਲੱਗ ਪਈਆਂ ਹਨ | ਪਿੰਡਾਂ ਦੇ ਲੋਕਾਂ ਨੂੰ ਆਪਣੇ ਕੰਮਾ-ਕਾਰਾਂ ਲਈ ਦੂਰ-ਦੁਰਾਡੇ ਤੋਂ ਘੁੰਮ ਕੇ ਆਉਣਾ-ਜਾਣਾ ਪੈ ਰਿਹਾ ਹੈ | ਵੇੲੀਂ ਦੇ ਨੇੜਲੇ ਘਰਾਂ ਦੇ ਲੋਕ ਆਪਣੇ ਪਰਿਵਾਰਾਂ, ਸਮਾਨ, ਪਸ਼ੂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾ ਰਹੇ ਹਨ | ਕਈ ਲੋਕਾਂ ਨੇ ਆਪਣਾ ਸਮਾਨ ਛੱਤਾਂ ਉੱਪਰ ਰੱਖਣਾ ਸ਼ੁਰੂ ਕਰ ਦਿੱਤਾ ਹੈ | ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਪਾਣੀ ਦਾ ਪੱਧਰ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਲੋਕਾਂ ਦਾ ਘਰਾਂ 'ਚੋਂ ਵੀ ਨਿਕਲਣਾ ਮੁਸ਼ਕਿਲ ਹੋ ਜਾਵੇਗਾ ਅਤੇ ਲੋਕਾਂ ਨੂੰ ਖਾਣ-ਪੀਣ ਤੇ ਪਸ਼ੂਆਂ ਦੀਆਂ ਸਾਂਭ-ਸੰਭਾਲ ਪ੍ਰਤੀ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |