ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਕਵੀ ਦਰਬਾਰ
ਜਲੰਧਰ, 22 ਨਵੰਬਰ (ਐੱਮ. ਐੱਸ.
ਜਲੰਧਰ, 22 ਨਵੰਬਰ (ਐੱਮ. ਐੱਸ. ਲੋਹੀਆ)-ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਏ ਗਏ। ਇਸ ਸੰਬੰਧੀ ਸਜਾਏ ਵਿਸ਼ੇਸ਼ ਦੀਵਾਨਾਂ ਅੰਦਰ ਇਕਬਾਲ ਸਿੰਘ ਗੁੰਬਰ ਦੇ ਪਰਿਵਾਰ ਵਲੋਂ ਸ੍ਰੀ ਸਹਿਜ ਪਾਠ ਦੇ ਭੋਗ ਪਵਾਏ ਗਏ। ਜਸਬੀਰ ਸਿੰਘ ਤੇ ਭਾਈ ਬਿਸ਼ਨ ਸਿੰਘ ਦੇ ਪਰਿਵਾਰਾਂ ਵਲੋਂ ਕੀਤੇ ਗਏ ਸਹਿਜ ਪਾਠਾਂ ਦੀ ਸੰਪੂਰਨਤਾ ਹੋਈ। ਬੇਅੰਤ ਸਿੰਘ ਸਰਹੱਦੀ ਨੇ ਸੰਗਤ ਨਾਲ ਗੁਰਇਤਿਹਾਸ ਦੀ ਜਾਣਕਾਰੀ ਸਾਂਝੀ ਕੀਤੀ। ਉਪਰੰਤ ਪ੍ਰਸਿੱਧ ਕਾਰੋਬਾਰੀ ਤੇ ਸਮਾਜ ਸੇਵਕ ਜੁਗਿੰਦਰ ਸਿੰਘ ਬਵੇਜਾ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਕਰਵਾਏ ਗਏ, ਜਿਸ ’ਚ ਮੁੱਖ ਤੌਰ ’ਤੇ ਪ੍ਰੋਫੈਸਰ ਦਲਬੀਰ ਸਿੰਘ ਰਿਆੜ, ਹਰਭਜਨ ਸਿੰਘ ਨਾਹਲ, ਉਰਮਿਲਜੀਤ ਸਿੰਘ ਵਾਲੀਆ ਅਤੇ ਬੀਬੀ ਬਲਜੀਤ ਕੌਰ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਸਮਰਪਿਤ ਆਪਣੀਆਂ ਰਚਨਾਵਾਂ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ, ਬੇਅੰਤ ਸਿੰਘ ਸਰਹੱਦੀ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਜੁਗਿੰਦਰ ਸਿੰਘ ਬਵੇਜਾ ਅਤੇ ਗੁਰਮੀਤ ਸਿੰਘ ਜਨਰਲ ਸਕੱਤਰ ਨੇ ਆਏ ਹੋਏ ਕਵੀ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਆਉਣ ਵਾਲੇ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਦਿੱਤੀ ਕਿ 23 ਨਵੰਬਰ ਨੂੰ ਸਵੇਰੇ ਅੰਮ੍ਰਿਤ ਵੇਲੇ 8.15 ਤੋਂ 9.15 ਤੱਕ ਭਾਈ ਸ਼ਨਬੀਰ ਸਿੰਘ ਅਤੇ ਭਾਈ ਰਵਿੰਦਰ ਸਿੰਘ ਦੇ ਜਥੇ ਵਲੋਂ ਕੀਰਤਨ ਦੀ ਛਹਿਬਰ ਲਗਾਈ ਜਾਵੇਗੀ, 24 ਨਵੰਬਰ ਨੂੰ ਸਵੇਰ ਤੇ ਸ਼ਾਮ ਦੋਨੋਂ ਸਮੇਂ ਦੀਵਾਨ ਸਜਾਏ ਜਾਣਗੇ, ਜਿਸ ’ਚ ਹਜ਼ੂਰੀ ਰਾਗੀ ਜਥਿਆਂ ਤੋਂ ਇਲਾਵਾ ਸਵੇਰੇ ਭਾਈ ਸਤਿੰਦਰਪਾਲ ਸਿੰਘ ਲੁਧਿਆਣਾ ਵਾਲੇ ਤੇ ਭਾਈ ਸੁਖਵੰਤਜੀਤ ਸਿੰਘ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ ਤੇ ਰਾਤ ਦੇ ਦੀਵਾਨ ’ਚ ਭਾਈ ਜਗਤਾਰ ਸਿੰਘ ਖਰੜ ਵਾਲੇ ਕੀਰਤਨ ਦੀ ਹਾਜ਼ਰੀ ਭਰਨਗੇ।