ਅੱਪਰਾ, 2 ਸਤੰਬਰ (ਦਲਵਿੰਦਰ ਸਿੰਘ ਅੱਪਰਾ)-ਮੌਸਮ ਦੀ ਕਰੋਪੀ ਕਾਰਨ ਬੀਤੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਮੰਡੀ ਰੋਡ ਅੱਪਰਾ ਵਿਖੇ ਇੱਕ ਗਰੀਬ ਵਿਧਵਾ ਔਰਤ ਦੇ ਘਰ ਦੀ ਛੱਤ ਨੁਕਸਾਨੀ ਗਈ | ਕਿ੍ਸ਼ਨਾ ਦੇਵੀ ਵਿਧਵਾ ਸੁਦਾਗਰ ਰਾਮ ਵਾਸੀ ਮੰਡੀ ਰੋਡ ਅੱਪਰਾ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਉਸਦੇ ਘਰ ਦੀ ਛੱਤ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਅਤੇ ਥਾਂ-ਥਾਂ ਤੋਂ ਚੋਅ ਰਹੀ ਹੈ | ਕਈ ਜਗਾ੍ਹ ਤੋਂ ਛੱਤ ਦੇ ਬਾਲੇ ਵੀ ਡਿੱਗ ਗਏ ਹਨ | ਘਰ ਦੇ ਅੰਦਰ ਪਏ ਸਮਾਨ ਦਾ ਵੀ ਨੁਕਸਾਨ ਹੋ ਰਿਹਾ ਹੈ ਅਤੇ ਬਹੁਤ ਸਾਰਾ ਸਮਾਨ ਹੋਰ ਲੋਕਾਂ ਦੇ ਘਰ 'ਚ ਰੱਖਿਆ ਗਿਆ ਹੈ |