ਜਲੰਧਰ 4 ਸਤੰਬਰ (ਐੱਮ. ਐੱਸ. ਲੋਹੀਆ)-ਡਾ. ਰਾਹੁਲ ਸੂਦ 'ਤੇ ਗੋਲੀ ਚਲਾਉਣ ਦੇ ਮਾਮਲੇ 'ਚ ਕਮਿਸ਼ਨਰੇਟ ਪੁਲਿਸ ਵਲੋਂ ਰਿਮਾਂਡ 'ਤੇ ਲਏ ਸਤਿਆ ਨਾਰਾਇਣ ਪੁੱਤਰ ਛੋਟੀ ਰਾਮ ਵਾਸੀ ਇੰਡਸਟਰੀ ਏਰੀਆ, ਜਲੰਧਰ ਮੂਲ ਵਾਸੀ ਯੂ.ਪੀ. ਦਾ ਰਿਮਾਂਡ ਖ਼ਤਮ ਹੋਣ 'ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ | ਫਿਲਹਾਲ ਪੁਲਿਸ ਇਸ ਮਾਮਲੇ ਦੇ ਮੁੱਖ ਮੁਲਜ਼ਮ ਬੱਬਲੂ ਅਤੇ ਅਜੀਤ ਨੂੰ ਗਿ੍ਫ਼ਤਾਰ ਕਰਨ 'ਚ ਕਾਮਯਾਬ ਨਹੀਂ ਹੋਈ, ਪਰ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਲਦ ਹੀ ਉਹ ਦੋਵੇਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਮਾਮਲੇ ਦਾ ਖੁਲਾਸਾ ਕਰਨਗੇ | ਵਰਨਣਯੋਗ ਹੈ ਕਿ ਮਿਤੀ 19.08.2025 ਨੂੰ ਮੋਰ ਸੁਪਰ ਮਾਰਕੀਟ ਸਟੋਰ ਦੇ ਸਾਹਮਣੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਡਾ. ਰਾਹੁਲ ਸੂਦ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ | ਜਦੋਂ ਮੁਲਜ਼ਮ ਉਸ ਨੂੰ ਅਗਵਾ ਕਰਨ 'ਚ ਕਾਮਯਾਬ ਨਹੀਂ ਹੋਏ, ਤਾਂ ਇਕ ਵਿਅਕਤੀ ਨੇ ਡਾ. ਰਾਹੁਲ ਸੂਦ ਦੇ ਪੈਰ 'ਚ ਗੋਲੀ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਡਾ. ਰਾਹੁਲ ਸੂਦ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਸੀ | ਇਸ ਉਪਰੰਤ ਪੁਲਿਸ ਨੇ ਇਨ੍ਹਾਂ 'ਚੋਂ ਇਕ ਮੁਲਜ਼ਮ ਸਤਿਆ ਨਾਰਾਇਣ ਪੁੱਤਰ ਛੋਟੀ ਰਾਮ ਵਾਸੀ ਇੰਡਸਟਰੀ ਏਰੀਆ, ਜਲੰਧਰ ਮੂਲ ਵਾਸੀ ਯੂ.ਪੀ. ਨੂੰ ਮਿਤੀ 24-8-2025 ਨੂੰ ਅਯੋਧਿਆ, ਉੱਤਰ ਪ੍ਰਦੇਸ਼ ਤੋਂ ਗ੍ਰਫ਼ਤਾਰ ਕਰਕੇ ਉਸ ਦਾ 7 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ, ਰਿਮਾਂਡ ਖ਼ਤਮ ਹੋਣ 'ਤੇ ਮੁਲਜ਼ਮ ਨੂੰ ਜੇਲ੍ਹ ਭੇਜਿਆ ਗਿਆ ਹੈ |