ਜਲੰਧਰ, 4 ਸਤੰਬਰ (ਐੱਮ. ਐੱਸ. ਲੋਹੀਆ)-ਸਥਾਨਕ ਮਹੱਲਾ ਸੰਗਤ ਸਿੰਘ ਨਗਰ ਵਿਖੇ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਉੱਤੇ ਹਮਲਾ ਕਰ ਦਿੱਤਾ ਗਿਆ | ਹਮਲੇ ਤੋਂ ਬਚਣ ਲਈ ਨੌਜਵਾਨ ਮੁਹੱਲੇ ਦੇ ਇੱਕ ਢਾਬੇ ਵਿੱਚ ਜਾ ਵੜਿਆ, ਜਿਸ ਦੇ ਪਿੱਛੇ ਹਮਲਾਵਰਾਂ ਨੇ ਢਾਬੇ ਅੰਦਰ ਪਹੁੰਚ ਕੇ ਭੰਨ ਤੋੜ ਕੀਤੀ ਅਤੇ ਉਥੇ ਮੌਜੂਦ ਵਿਅਕਤੀਆਂ ਨੂੰ ਵੀ ਨੁਕਸਾਨ ਪਹੁੰਚਾਇਆ | ਮਿਲੀ ਜਾਣਕਾਰੀ ਅਨੁਸਾਰ ਚੀਕੂ ਨਾਂਅ ਦੇ ਨੌਜਵਾਨ ਦੀ ਕੁਝ ਵਿਅਕਤੀਆਂ ਨਾਲ ਪੁਰਾਣੀ ਰੰਜਿਸ਼ ਸੀ, ਜਿਨਾਂ ਨੇ ਅੱਜ ਦੇਰ ਰਾਤ ਚੀਕੂ ਨੂੰ ਘੇਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ | ਹਮਲੇ ਵਿੱਚ ਜ਼ਖ਼ਮੀ ਹੋਇਆ ਚੀਕੂ ਇਕ ਢਾਬੇ ਅੰਦਰ ਜਾ ਵੜਿਆ | ਉਸ ਦੇ ਪਿੱਛੇ ਹਥਿਆਰਾਂ ਨਾਲ ਲੈਸ ਹਮਲਾਵਰ ਵੀ ਢਾਬੇ ਵਿੱਚ ਜਾ ਵੜ੍ਹੇ, ਜਿਨ੍ਹਾਂ ਢਾਬੇ ਵਿੱਚ ਭੰਨ ਤੋੜ ਕੀਤੀ ਅਤੇ ਉੱਥੇ ਮੌਜੂਦ ਵਿਅਕਤੀਆਂ ਦੀ ਵੀ ਕੁੱਟਮਾਰ ਕੀਤੀ | ਇਸ ਦੌਰਾਨ ਚੀਕੂ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋਏ | ਸਰੇਆਮ ਹੋਈ ਗੁੰਡਾਗਰਦੀ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ | ਹਮਲੇ ਦੀ ਇਹ ਵਾਰਦਾਤ ਮੌਕੇ ਉੱਤੇ ਲੱਗੇ ਸੀਸੀ ਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ | ਵਾਰਦਾਤ ਸਬੰਧੀ ਸੂਚਨਾ ਮਿਲਣ ਉੱਤੇ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |