ਜਲੰਧਰ, 5 ਸਤੰਬਰ (ਜਸਪਾਲ ਸਿੰਘ)-ਪੰਜਾਬ ਵਿੱਚ ਹੜ੍ਹਾਂ ਨਾਲ ਪੈਦਾ ਹੋਏ ਭਿਆਨਕ ਹਾਲਤ ਦੇ ਮੱਦੇਨਜ਼ਰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਫੌਰੀ ਸੂਬਾਈ ਮੀਟਿੰਗ ਗੂਗਲ ਮੀਟ ਰਾਹੀਂ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਜੀਟੀਯੂ ਪੰਜਾਬ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਵਿੱਤ ਸਕੱਤਰ ਅਮਨਦੀਪ ਸ਼ਰਮਾ ਸਹਾਇਕ ਪ੍ਰੈਸ ਸਕੱਤਰ ਗਣੇਸ਼ ਭਗਤ ਨੇ ਦੱਸਿਆ ਕਿ ਮੀਟਿੰਗ ਵਿੱਚ ਹੜ੍ਹਾਂ ਕਾਰਣ ਹੋਈ ਤਬਾਹੀ ਤੇ ਜਥੇਬੰਦੀ ਵੱਲੋਂ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ | ਜਥੇਬੰਦੀ ਵੱਲੋਂ ਆਪਣੇ ਜਨ-ਹਿੱਤ ਪ੍ਰਥਮੈ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਮੀਟਿੰਗ ਵਿੱਚ ਨਿਮਨ ਅਨੁਸਾਰ ਫੈਸਲੇ ਲਏ ਗਏ | ਮੀਟਿੰਗ ਵਿੱਚ ਸਮੂਹ ਜਿਲ੍ਹਾ ਪ੍ਰਧਾਨ/ ਸਕੱਤਰ/ ਆਗੂ/ ਜਥੇਬੰਦੀ ਦੇ ਮੈਂਬਰ/ ਅਧਿਆਪਕਾਂ ਨੂੰ ਅਪੀਲ ਕੀਤੀ ਗਈ ਕਿ ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਪਰਿਵਾਰਾਂ ਦਾ ਹੜ੍ਹਾਂ ਦੇ ਪ੍ਰਕੋਪ ਕਾਰਣ ਜੇਕਰ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਇਆ ਹੋਵੇ ਤਾਂ ਉਸ ਪਰਿਵਾਰ ਦੀ ਪਹਿਲ ਦੇ ਅਧਾਰ ਤੇ ਮੱਦਦ ਕੀਤੀ ਜਾਵੇ | ਇਸੇ ਤਰ੍ਹਾਂ ਹੀ ਭੱਤੇ ਤੇ ਕੰਮ ਕਰਦੇ ਆਪਣੇ ਆਪਣੇ ਸਕੂਲ ਦੇ ਮਿਡ ਡੇ ਮੀਲ ਵਰਕਰਾਂ ਦਾ ਕੋਈ ਨੁਕਸਾਨ ਹੋਇਆ ਹੋਵੇ ਤਾਂ ਉਸ ਦੀ ਪਹਿਲ ਦੇ ਆਧਾਰ 'ਤੇ ਮੱਦਦ ਕੀਤੀ ਜਾਵੇ | ਜੀ.ਟੀ.ਯੂ.ਦੇ ਆਗੂਆਂ ਗੁਰਪ੍ਰੀਤ ਸਿੰਘ ਅਮੀਵਾਲ, ਕੁਲਦੀਪ ਪੁਰੋਵਾਲ, ਗੁਰਦੀਪ ਬਾਜਵਾ, ਮਨੋਹਰ ਲਾਲ ਸ਼ਰਮਾ ਨੇ ਦੱਸਿਆ ਕੇ ਅਧਿਆਪਕ ਜਿੱਥੇ ਪੜ੍ਹਾਉਣ ਦਾ ਕਰਮ ਕਰਦੇ ਹਨ ,ਉਸ ਪਿੰਡ ਦੇ ਹਾਲਾਤਾਂ ਤੇ ਨਜ਼ਰ ਰੱਖਣ ਤੇ ਹੜ੍ਹਾਂ ਕਾਰਣ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਪਹਿਲ ਦੇ ਅਧਾਰ ਤੇ ਕਰਨ ਦਾ ਫੈਸਲਾ ਕੀਤਾ ਸੂਬਾ ਬਾਡੀ ਵੱਲੋਂ ਫੈਸਲਾ ਕੀਤਾ ਗਿਆ ਕਿ ਸਾਰੇ ਸੂਬਾ ਕਮੇਟੀ ਮੈਂਬਰ, ਜਿਲ੍ਹਾ ਪ੍ਰਧਾਨ, ਜਿਲ੍ਹਾ ਸਕੱਤਰ ਹੜ੍ਹ ਪੀੜਤਾਂ ਦੀ ਮੱਦਦ ਲਈ ਫੌਰੀ ਤੌਰ 'ਤੇ ਇੱਕ ਦਿਨ ਦੀ ਤਨਖਾਹ ਜਮਾਂ ਕਰਵਉਣਗੇ |