ਡਿਗਣ ਦੀ ਸ਼ੰਕਾ ਵਾਲੀਆਂ ਕਈ ਪੁਰਾਣੀਆਂ ਇਮਾਰਤਾਂ ਨੂੰ ਨੋਟਿਸ ਜਾਰੀ
ਅਜੀਤ ਡੈਸਕ
07-09-2025
ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਕਾਰਨ ਪਿੰਡ ਟੁੱਟ ਕਲਾਂ 'ਚ ਮਕਾਨ ਦੀ ਡਿੱਗੀ ਛੱਤ
ਨਕੋਦਰ, (ਗੁਰਵਿੰਦਰ ਸਿੰਘ)-ਪੰਜਾਬ ਅੰਦਰ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਬਲਾਕ ਨਕੋਦਰ ਅਧੀਨ ਪੈਂਦੇ ਪਿੰਡ ਟੁੱਟ ਕਲਾਂ 'ਚ ਭਾਰੀ ਬਾਰਿਸ਼ ਪੈਣ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਜਾਣ ਅਤੇ ਬਾਕੀ ਮਕਾਨਾ ਨੂੰ ਭਾਰੀ ਵੱਡੀਆ ਤਰੇੜਾਂ ਆਉਣ ਕਾਰਨ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਪੀੜਤ ਸੁਰਜੀਤ ਸਿੰਘ ਪੁੱਤਰ ਗਿਆਨ ਸਿੰਘ ਨੇ ਬੜੇ ਦੁਖੀ ਭਰੇ ਮਨ ਨਾਲ ਦੱਸਿਆ ਕਿ ਮਕਾਨ ਸਮਾਨ ਨਾਲ ਨੱਕੋ-ਨੱਕ ਭਰਿਆ ਹੋਇਆ ਸੀ¢ ਤੜਕਸਾਰ ਸਮੇਂ ਮਕਾਨ ਦੀ ਛੱਤ ਡਿੱਗ ਗਈ ਅਤੇ ਕੀਮਤੀ ਸਾਮਾਨ ਸਾਰਾ ਮਲਬੇ ਹੇਠ ਦੱਬਿਆ ਗਿਆ ਮਕਾਨ ਦੀ ਛੱਤ ਡਿਗਣ ਨਾਲ ਨਾਲ ਦੇ ਕਮਰਿਆਂ ਨੂੰ ਭਾਰੀ ਨੁਕਸਾਨ ਪੁੱਜਾ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ¢ ਪੀੜਤ ਪਰਿਵਾਰ ਨੇ ਨਕੋਦਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ¢ ਜਿਕਰਯੋਗ ਹੈ ਕਿ ਘਰ ਦੇ ਬਿਲਕੁਲ ਨੇੜਲੇ ਘਰ ਦੀ ਵੀ ਨੀਂਹ ਬੈਠ ਗਈ ਅਤੇ ਘਰ ਨੂੰ ਤਰੇੜਾ ਆ ਗਈਆ ਹਨ ਕਿਸੇ ਵੇਲੇ ਵੀ ਘਰ ਨੂੰ ਭਾਰੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ¢
ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਨੇੜੇ ਚਿੱਟੀ ਵੇਈਾ ਪੁਲ ਦੇ ਖ਼ਸਤਾ ਹਾਲਾਤ, ਭਾਰੀ ਗੱਡੀਆਂ ਲਈ ਲਾਂਘਾ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ
ਜੰਡਿਆਲਾ ਮੰਜਕੀ, (ਸੁਰਜੀਤ ਸਿੰਘ ਜੰਡਿਆਲਾ)-ਜੰਡਿਆਲਾ-ਜਲੰਧਰ ਸੜਕ ਤੇ ਕੰਗਣੀਵਾਲ ਬੇਂਈ ਪੁਲ ਦੀ ਖ਼ਸਤਾ ਹਾਲਾਤ ਅਤੇ ਭਾਰੀ ਗੱਡੀਆਂ ਦਾ ਲਾਂਘਾ ਬੰਦ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਲੋਕ ਪ੍ਰੇਸ਼ਾਨ ਹਨ | ਕਈ ਦਿਨਾਂ ਤੋਂ ਆਵਾਜਾਈ ਲੱਗਭਗ ਠੱਪ ਵਰਗੀ ਹੋਣ ਕਾਰਨ ਤਲਵਣ, ਨੂਰਮਹਿਲ, ਜੰਡਿਆਲਾ, ਕੰਗਣੀਵਾਲ, ਸਮਰਾਏ ਆਦਿ ਪਿੰਡਾਂ ਦੇ ਸ਼ਹਿਰ ਜਾਣ ਵਾਲੇ ਲੋਕ ਪ੍ਰੇਸ਼ਾਨ ਹਨ | ਜ਼ਿਕਰਯੋਗ ਹੈ ਕਿ ਇਹ ਚਿੱਟੀ ਬੇਂਈ 'ਤੇ ਬਣੇ ਪੁਲ ਦੀ ਹਾਲਤ ਖ਼ਸਤਾ ਹੈ | ਜਿਸ ਕਾਰਨ ਪ੍ਰਸ਼ਾਸਨ ਨੇ ਇਸ ਨੂੰ ਆਵਾਜਾਈ ਲਈ ਬੰਦ ਕੀਤਾ ਗਿਆ ਹੈ | ਨੂਰਮਹਿਲ ਤਲਵਣ, ਬਿਲਗਾ, ਜੰਡਿਆਲਾ ਆਦਿ ਤੋਂ ਰੋਜ਼ਾਨਾ ਜਲੰਧਰ ਜਾਣ ਵਾਲੇ ਲੋਕ ਫਗਵਾੜਾ ਜਾਂ ਨਕੋਦਰ ਦੇ ਰਸਤੇ ਜਾ ਰਹੇ ਹਨ | ਜਿਸ ਦਾ ਅਸਰ ਸਮੇਂ ਦੇ ਨਾਲ-ਨਾਲ ਉਨ੍ਹਾਂ ਦੀ ਜੇਬ 'ਤੇ ਵੀ ਪੈ ਰਿਹਾ ਹੈ | ਪੰਜਾਬ ਰੋਡਵੇਜ਼ ਦੀ ਬੱਸ ਸੇਵਾ ਬੰਦ ਹੈ | ਜਦੋਂਕਿ ਕਿ ਕਈ ਦਿਨ ਬਾਅਦ ਇਸ ਖਸਤਾ ਹਾਲ ਪੁਲ ਤੋਂ ਟਾਂਵੀਆ ਟਾਂਵੀਆ ਪ੍ਰਾਈਵੇਟ ਬੱਸਾਂ ਲੰਘਣੀਆਂ ਸ਼ੁਰੂ ਹੋਈਆਂ ਹਨ | ਪੁਲ ਵਿਚਕਾਰੋਂ ਖ਼ਸਤਾ ਹਾਲਤ ਵਿੱਚ ਹੈ ਜਿਥੇ ਪ੍ਰਸ਼ਾਸਨ ਵਲੋਂ ਆਰਜ਼ੀ ਇਸ਼ਾਰਾ ਲਾਇਆ ਗਿਆ ਹੈ | ਇਸ ਸਬੰਧੀ ਜਦੋਂ ਐਕਸੀਅਨ ਆਦੇਸ਼ ਗਰਗ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਪੁਰਾਣੇ ਪੁਲ ਦੇ ਨਾਲ ਹੀ ਨਵੇਂ ਪੁਲ ਦਾ ਠੇਕਾ ਦਿੱਤਾ ਗਿਆ ਹੈ | 2022-2024 ਵਿੱਚ ਬਰਸਾਤ ਦੇ ਮੌਸਮ ਤੋਂ ਬਾਅਦ ਪੂਰਾ ਡਾਟਾ ਇਕੱਠਾ ਕਰਨ ਤੋਂ ਬਾਅਦ ਇਸ ਨੂੰ ਦੁਬਾਰਾ ਡਿਜ਼ਾਇਨ ਕੀਤਾ ਗਿਆ ਸੀ | ਜੇਕਰ ਸਮੇਂ ਸਿਰ ਫੰਡ ਮਿਲ ਜਾਂਦੇ ਹਨ ਤਾਂ 1 ਸਾਲ ਦੇ ਅੰਦਰ ਇਹ ਨਵਾਂ ਪੁਲ ਲੋਕਾਂ ਲਈ ਬਣ ਕੇ ਤਿਆਰ ਹੋ ਜਾਵੇਗਾ | ਇਲਾਕੇ ਦੇ ਲੋਕਾਂ ਨੇ ਜਲੰਧਰ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਤਿੰਨ ਰਾਜ ਸਭਾ ਮੈਂਬਰਾਂ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦਾ ਕੇਂਦਰ ਸਰਕਾਰ ਨਾਲ ਗੱਲਬਾਤ ਜਲਦੀ ਹੱਲ ਕਰਵਾਇਆ ਜਾਵੇ ਤਾਂ ਜੋ ਸਮੇਂ ਸਿਰ ਫੰਡ ਉਪਲਬਧ ਕਰਵਾਏ ਜਾਣ ਤਾਂ ਕਿ ਇਸ ਇਲਾਕੇ ਦੇ ਲੋਕਾਂ ਨੂੰ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ |
ਦੋ ਗਰੀਬ ਘਰਾਂ ਦੇ ਮਕਾਨਾਂ ਦੀਆਂ ਛੱਤਾਂ ਡਿਗੀਆਂ
ਜੰਡਿਆਲਾ ਮੰਜਕੀ, (ਸੁਰਜੀਤ ਸਿੰਘ ਜੰਡਿਆਲਾ)-ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ | ਨੂਰਮਹਿਲ ਅਧੀਨ ਆਉਂਦੇ ਪਿੰਡ ਡੱਲਾ ਦੇ ਦੋ ਗਰੀਬ ਘਰਾਂ ਦੇ ਮਕਾਨਾਂ ਦੀਆਂ ਛੱਤਾਂ ਵੀ ਮੀਂਹ ਕਾਰਨ ਡਿਗਣ ਦਾ ਸਮਾਚਾਰ ਹੈ | ਰਾਣੋ ਪਤਨੀ ਸਵ: ਜੀਤ ਰਾਮ ਦੇ ਘਰ ਦੇ ਦੋ ਕਮਰਿਆਂ ਦੀਆਂ ਛੱਤਾਂ ਅਤੇ ਰੇਸ਼ਮ ਲਾਲ ਪੁੱਤਰ ਨਸੀਬ ਚੰਦ ਦੇ ਘਰ ਦੇ ਇਕ ਮਕਾਨ ਦੀ ਛੱਤ ਡਿੱਗੀ ਹੋਈ ਹੈ ਅਤੇ ਦੂਸਰੇ ਕਮਰੇ ਦੀ ਛੱਤ ਦਾ ਵੀ ਬੁਰਾ ਹਾਲ ਹੈ ਜੋ ਕਿਸੇ ਸਮੇਂ ਵੀ ਡਿੱਗ ਸਕਦੀ ਹੈ | ਭਾਵੇਂ ਕਿ ਛੱਤਾਂ ਡਿਗਣ ਦੌਰਾਨ ਇਨ੍ਹਾਂ ਦੋਹਾਂ ਪਰਿਵਾਰਾਂ ਦਾ ਜਿਸਮਾਨੀ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਪ੍ਰੰਤੂ ਗਰੀਬੀ ਅਤੇ ਮਜਬੂਰੀ ਕਾਰਨ ਦੋਹਾਂ ਹੀ ਪਰਿਵਾਰਾਂ ਨੂੰ ਕਿਸੇ ਹੋਰ ਦੇ ਘਰੇ ਰਹਿਣਾ ਪੈ ਰਿਹਾ ਹੈ | ਘਰਾਂ ਵਿੱਚ ਬੈਠਣ ਲਈ ਵੀ ਕੋਈ ਜਗ੍ਹਾ ਨਹੀਂ ਬਚੀ | ਪਿੰਡ ਦੇ ਵਸਨੀਕ ਜੀਤ ਰਾਮ, ਜੋਧ ਸਿੰਘ ਅਤੇ ਹੋਰਨਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਪਰਿਵਾਰਾਂ ਦੀ ਆਰਥਿਕ ਮਦਦ ਲਈ ਅੱਗੇ ਆਉਣ | ਜ਼ਿਕਰਯੋਗ ਹੈ ਕਿ ਰਾਣੋ ਦੀ ਇਕ ਲੜਕੀ ਜੋਤੀ ਨੌਜਵਾਨ ਹੈ ਜੋ ਕਿ ਘਰ ਦੀ ਗਰੀਬੀ ਤੋਂ ਕਾਫੀ ਪ੍ਰੇਸ਼ਾਨ ਹੈ ਅਤੇ ਉਸ ਦੀ ਮਾਤਾ ਦਿਹਾੜੀਆਂ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ ਰੇਸ਼ਮ ਲਾਲ ਦੀ ਵਿਆਹੁਤਾ ਲੜਕੀ ਸਹੁਰੇ ਘਰ ਤੋਂ ਆ ਕੇ ਉਸ ਦੀ ਦੇਖ ਭਾਲ ਕਰਦੀ ਹੈ | ਦੋਹਾਂ ਹੀ ਪਰਿਵਾਰਾਂ ਵਿੱਚ ਕੋਈ ਲੜਕਾ ਨਹੀਂ ਹੈ ਅਤੇ ਇਨ੍ਹਾਂ ਪਰਿਵਾਰਾਂ ਦੀ ਹਾਲਤ ਬੜੀ ਤਰਸਯੋਗ ਹੈ |