ਜਲੰਧਰ, 26 ਸਤੰਬਰ (ਸ਼ਿਵ)-ਨਾਜਾਇਜ਼ ਉਸਾਰੀਆਂ ਬਣਨ ਵਾਲੇ ਤਾਂ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵੱਲੋਂ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਪਰ ਜਦੋਂ ਕਈ ਇਮਾਰਤਾਂ ਬਣ ਚੁੱਕੀਆਂ ਹਨ ਤਾਂ ਕਈ ਵਾਰ ਸੀਲਿੰਗ ਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਨਿਗਮ ਵੱਲੋਂ ਇਸ ਤਰਾਂ ਦੇ ਕਈ ਪਹਿਲਾਂ ਮਾਮਲੇ ਆਏ ਹਨ ਕਿ ਲੋਕ ਅੰਦਰ ਹੁੰਦੇ ਹਨ ਤਾਂ ਬਿਨਾਂ ਜਾਂਚ ਕੀਤੇ ਹੀ ਇਮਾਰਤਾਂ ਨੂੰ ਸੀਲ ਲਗਾ ਦਿੱਤੀ ਜਾਂਦੀ ਹੈ | ਇਸ ਤਰ੍ਹਾਂ ਦਾ ਮਾਮਲਾ ਹੁਣ ਲੰਬਾ ਪਿੰਡ ਚੌਕ ਦੇ ਨਾਲ ਪ੍ਰੇਮ ਨਗਰ ਦਾ ਵੀ ਆਇਆ ਹੈ | ਜਾਣਕਾਰੀ ਮੁਤਾਬਕ ਮਾਨ ਸਿੰਘ ਪ੍ਰੇਮ ਨਗਰ ਵਾਸੀ ਪੁੱਤਰ ਸੰਤ ਰਾਮ ਦੂਜੇ ਭਾਈ ਸਤਨਾਮ ਸਿੰਘ ਪੁੱਤਰ ਰੌਸ਼ਨ ਸਿੰਘ ਇਹ ਆਪਣੇ ਰਿਸ਼ਤੇਦਾਰ ਨੂੰ ਮਿਲਣ ਆਇਆ ਸੀ | ਮਾਨ ਸਿੰਘ ਜਿਸ ਘਰ ਵਿਚ ਠਹਿਰਿਆ ਸੀ, ਨਿਗਮ ਨੇ ਉਸ ਨੂੰ ਹੀ ਕਿਸੇ ਦੀ ਸ਼ਿਕਾਇਤ 'ਤੇ ਬੁੱਧਵਾਰ ਰਾਤ 11 ਵਜੇ ਸੀਲ ਕਰ ਦਿੱਤਾ | ਇਸ ਮਕਾਨ ਦੇ ਹੇਠਾਂ ਦੁਕਾਨਾਂ ਬਣੀਆਂ ਸੀ ਤਾਂ ਉੱਪਰ ਕਮਰੇ ਬਣੇ ਹੋਏ ਹਨ | ਮਾਨ ਸਿੰਘ ਨੇ ਆਪਣੇ ਬੇਟੇ ਰਕੇਸ਼ ਕੁਮਾਰ ਜੋ ਕਿ ਉਸ ਤੋਂ ਅਲੱਗ ਹਰਦੀਪ ਨਗਰ ਵਿਚ ਰਹਿੰਦਾ ਹੈ, ਉਸ ਨੂੰ ਫ਼ੋਨ ਕੀਤਾ ਕੀ ਉਸ ਨੂੰ ਅੰਦਰ ਹੀ ਬੰਦ ਕਰ ਦਿੱਤਾ ਗਿਆ ਹੈ | ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਅੰਦਰ ਬੰਦ ਕੀਤੇ ਮਾਨ ਸਿੰਘ ਨੂੰ ਖਾਣਾ ਪਹੁੰਚਾਇਆ ਜਾ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਮਾਨ ਸਿੰਘ ਦੇ ਨਾਲ ਇੱਕ ਰਿਸ਼ਤੇਦਾਰ ਵੀ ਉਸ ਦੇ ਨਾਲ ਹੈ | ਉਸ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਮੇਅਰ ਵਨੀਤ ਧੀਰ ਅਤੇ ਸੰਯੁਕਤ ਕਮਿਸ਼ਨਰ ਮਨਦੀਪ ਕੌਰ ਨੂੰ ਮਿਲ ਕੇ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਉਸ ਮਕਾਨ ਦੀ ਸੀਲ ਖ਼ੋਲ੍ਹ ਕੇ ਬੰਦ ਹੋਏ ਵਿਅਕਤੀ ਨੂੰ ਬਾਹਰ ਲਿਆਉਣ ਦਾ ਭਰੋਸਾ ਦਿੱਤਾ | ਉਧਰ ਕਈ ਲੋਕਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਵੱਲੋਂ ਜਦੋਂ ਕੋਈ ਇਮਾਰਤ ਸੀਲ ਕੀਤੀ ਜਾਂਦੀ ਹੈ ਤਾਂ ਲੋਕਾਂ ਨੂੰ ਸਮਾਂ ਦਿੱਤਾ ਜਾਂਦਾ ਹੈ ਕਿ ਜੇਕਰ ਕੋਈ ਜ਼ਰੂਰੀ ਸਮਾਨ ਹੈ ਤਾਂ ਕੱਢ ਲਿਆ ਜਾਵੇ ਪਰ ਇਹ ਬਿਨਾਂ ਦੇਖੇ ਹੀ ਮਕਾਨ ਸੀਲ ਕਰਨ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਉਧਰ ਬਿਲਡਿੰਗ ਬਰਾਂਚ ਦੇ ਐਮ.ਟੀ.ਪੀ. ਮਿਹਰਬਾਨ ਸਿੰਘ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਇਮਾਰਤ ਸੀਲ ਹੋਣ ਤੋਂ ਬਾਅਦ ਉਕਤ ਵਿਅਕਤੀ ਅੰਦਰ ਗਏ ਹਨ |