ਜਲੰਧਰ, 3 ਨਵੰਬਰ (ਸ਼ਿਵ)-ਸਮਾਰਟ ਸਿਟੀ ਦੇ ਤਹਿਤ ਕੇਂਦਰ ਸਰਕਾਰ ਵਲੋਂ ਜਲੰਧਰ ਲਈ ਦਿੱਤੇ ਗਏ ਕਰੋੜਾਂ ਰੁਪਏ ਖ਼ਰਚ ਤਾਂ ਕੀਤੇ ਗਏ ਸੀ ਪਰ ਕਈ ਪ੍ਰਾਜੈਕਟ ਕਾਫੀ ਵਿਵਾਦਿਤ ਰਹੇ ਹਨ ਜਿਨ੍ਹਾਂ ਦੀ ਵਿਜੀਲੈਂਸ ਬਿਊਰੋ ਵਲੋਂ ਜਿਹੜੀ ਲੰਬੇ ਸਮੇਂ ਤੋਂ ਜਾਂਚ ਚੱਲ ਰਹੀ ਹੈ, ਉਸ ਮਾਮਲੇ ਵਿਚ ਕਈਆਂ 'ਤੇ ਨਜ਼ਲਾ ਡਿੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ | ਵਿਜੀਲੈਂਸ ਬਿਊਰੋ ਵਲੋਂ ਤਿੰਨ ਸਾਲ ਪਹਿਲਾਂ ਜਲੰਧਰ ਵਿਚ ਸਮਾਰਟ ਸਿਟੀ ਦੇ ਕਈ ਵਿਵਾਦਿਤ ਪ੍ਰਾਜੈਕਟਾਂ ਦੀ ਜਾਂਚ ਕੀਤੀ ਗਈ ਸੀ ਜਿਨ੍ਹਾਂ ਵਿਚ ਸ਼ਹਿਰ ਵਿਚ 60 ਕਰੋੜ ਨਾਲ ਲੱਗੀਆਂ ਐਲ. ਈ. ਡੀ. ਲਾਈਟਾਂ ਤੋਂ ਇਲਾਵਾ ਚੌਕਾਂ ਅਤੇ ਪਾਰਕਾਂ ਦੇ ਕਰੋੜਾਂ ਰੁਪਏ ਦੇ ਸੁੰਦਰੀਕਰਨ ਦੇ ਕੰਮ ਸ਼ਾਮਿਲ ਹਨ | ਇਸ ਤੋਂ ਇਲਾਵਾ ਸਮਾਰਟ ਸਿਟੀ 'ਚ 50 ਕਰੋੜ ਦੀ ਲਾਗਤ ਨਾਲ ਸਮਾਰਟ ਸੜਕਾਂ ਬਣਾਈਆਂ ਗਈਆਂ ਤੇ ਇਨ੍ਹਾਂ ਦੀ ਗੁਣਵੱਤਾ ਨੂੰ ਲੈ ਕਈ ਸਵਾਲੀਆ ਨਿਸ਼ਾਨ ਕਰੀਬ ਸਾਰੀਆਂ ਪਾਰਟੀਆਂ ਦੇ ਆਗੂ ਲਗਾਉਂਦੇ ਰਹੇ ਹਨ | ਇੱਕ ਵਾਰ ਤਾਂ ਵਰਕਸ਼ਾਪ ਚੌਕ ਦੇ ਕੋਲ ਹੀ ਨਵੀਂ ਬਣਾਈ ਜਾਂਦੀ ਸਮਾਰਟ ਰੋਡ ਹੀ ਧਸ ਗਈ ਸੀ | ਇਸ ਤੋਂ ਇਲਾਵਾ ਜਲੰਧਰ ਭਾਜਪਾ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਤੋਂ ਇਲਾਵਾ ਕਈ ਭਾਜਪਾ ਆਗੂ ਸਮਾਰਟ ਸਿਟੀ ਵਿਚ ਹੋਈਆਂ ਬੇਨਿਯਮੀਆਂ ਦੇ ਦੋਸ਼ ਲਗਾ ਕੇ ਕੇਂਦਰੀ ਮੰਤਰੀ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਵਾਉਣ ਦੀ ਮੰਗ ਕਰ ਚੁੱਕੇ ਹਨ | ਵਿਜੀਲੈਂਸ ਬਿਊਰੋ ਵਲੋਂ ਲੰਬੇ ਸਮੇਂ ਤੋਂ ਵਿਵਾਦਿਤ ਪ੍ਰਾਜੈਕਟਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਪ੍ਰਾਜੈਕਟਾਂ ਵਿਚ ਬੇਨਿਯਮੀਆਂ ਦੇ ਦੋਸ਼ ਲਗਾਏ ਗਏ ਹਨ, ਉਨ੍ਹਾਂ ਮਾਮਲਿਆਂ ਵਿਚ ਕਈਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ ਤੇ ਦੱਸਿਆ ਜਾਂਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਵਿਜੀਲੈਂਸ ਬਿਊਰੋ ਵਲੋਂ ਇਸ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਪੰਜਾਬ ਸਰਕਾਰ ਵਲੋਂ ਹੀ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਨ ਲਈ ਵਿਜੀਲੈਂਸ ਬਿਊਰੋ ਨੂੰ ਕੰਮ ਦਿੱਤਾ ਗਿਆ ਸੀ ਤੇ ਹੁਣ ਸ਼ਹਿਰੀ ਵੀ ਇਸ ਵਿਚ ਕਾਰਵਾਈ ਹੋਣ ਦਾ ਇੰਤਜ਼ਾਰ ਕਰ ਰਹੇ ਹਨ | ਵਿਜੀਲੈਂਸ ਬਿਊਰੋ ਕੋਲ ਨਾ ਸਿਰਫ਼ ਸਮਾਰਟ ਸਿਟੀ ਦੇ ਕਈ ਵਿਵਾਦਿਤ ਪ੍ਰਾਜੈਕਟਾਂ ਦੀ ਜਾਂਚ ਦਾ ਕੰਮ ਸੀ ਸਗੋਂ 66 ਫੁੱਟੀ ਰੋਡ 'ਤੇ ਕਈ ਕਾਲੋਨੀਆਂ ਤੋਂ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੀ ਵਸੂਲੀ ਨਾ ਕਰਨ ਦੇ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ |